ਧੂਰੀ ਤੋਂ ਭਗਵੰਤ ਮਾਨ ਸਾਹਮਣੇ ਚੋਣ ਲੜਨ ਦੀ ਪੂਰੀ ਸੰਭਾਵਨਾ
16 ਜਨਵਰੀ, 2026 – ਲੰਬੀ : ਆਮ ਆਦਮੀ ਪਾਰਟੀ ਲਈ ਕਦੇ ਲਖ਼ਤ-ਏ-ਜਿਗਰ ਦੀ ਹੈਸੀਅਤ ਰੱਖਣ ਵਾਲੇ ਸਾਬਕਾ ਓਐਸਡੀ ਪ੍ਰੋ. ਓਂਕਾਰ ਸਿੰਘ ਹੁਣ ਸਿੱਧੇ ਤੌਰ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਤੀਰ-ਏ-ਨਸ਼ਤਰ ਸਾਬਤ ਹੋ ਸਕਦੇ ਹਨ। ਲੰਬੀ ਹਲਕੇ ਦੇ ਪਿੰਡ ਰੋੜਾਂਵਾਲੀ ਨਾਲ ਸੰਬੰਧਤ ਪ੍ਰੋ. ਓਂਕਾਰ ਸਿੰਘ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹੋਰ ਪ੍ਰਮੁੱਖ ਲੀਡਰਸ਼ਿੱਪ ਦੀ ਮੌਜੂਦਗੀ ਵਿੱਚ ਭਾਜਪਾ ਦਾ ਭਗਵਾ ‘ਫੁੱਲ’ ਫੜਣ ਜਾ ਰਹੇ ਹਨ।
ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਭਾਜਪਾ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ਤੋਂ ਉਮੀਦਵਾਰ ਬਣਾਉਣਾ ਲਗਪਗ ਤੈਅ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜੇ ਬਦਲਦੇ ਸਿਆਸੀ ਹਾਲਾਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਗਠਜੋੜ ਨਹੀਂ ਬਣਦਾ, ਤਾਂ ਪ੍ਰੋ. ਓਂਕਾਰ ਸਿੰਘ ਨੂੰ ਲੰਬੀ ਹਲਕੇ ਤੋਂ ਵੀ ਭਾਜਪਾ ਦਾ ਉਮੀਦਵਾਰ ਐਲਾਨਿਆ ਜਾ ਸਕਦਾ ਹੈ। ਅਜਿਹੀ ਸੂਰਤ ਵਿੱਚ ਵੀਆਈਪੀ ਹਲਕੇ ਲੰਬੀ ਵਿੱਚ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲ ਸਕਦੇ ਹਨ, ਜਿੱਥੇ ਭਾਜਪਾ ਨੂੰ ਗਰੀਬ ਤਬਕੇ ਅਤੇ ਐੱਸਸੀ ਵੋਟ ’ਤੇ ਖਾਸੀ ਉਮੀਦ ਹੈ।
ਮੌਜੂਦਾ ਸਮੇਂ ਓਂਕਾਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸਿਵਲ ਇੰਜੀਨੀਅਰਿੰਗ ਵਿਸ਼ੇ ਦੇ ਪ੍ਰੋਫੈਸਰ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੂੜ੍ਹੀ ਨੇੜਤਾ ਕਾਰਨ ਉਹ ਲਗਪਗ ਦੋ ਸਾਲ ਤੱਕ ਬਤੌਰ ਡੈਪੂਟੇਸ਼ਨ ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐੱਸ ਡੀ ਰਹੇ। ਇਸ ਦੌਰਾਨ ਉਨ੍ਹਾਂ ਦਾ ਮੁੱਖ ਕਾਰਜ ਖੇਤਰ ਭਗਵੰਤ ਮਾਨ ਦਾ ਵਿਧਾਨ ਸਭਾ ਹਲਕਾ ਧੂਰੀ ਰਿਹਾ, ਜਿੱਥੇ ਉਹ ਵੱਡੇ ਪੱਧਰ ’ਤੇ ਲਗਾਤਾਰ ਲੋਕ ਰਾਬਤੇ ਵਿੱਚ ਰਹੇ।
ਭਾਜਪਾ ਵਿੱਚ ਸ਼ਾਮਿਲ ਹੋਣ ਮਗਰੋਂ ਜੇਕਰ ਓਂਕਾਰ ਸਿੰਘ ਨੂੰ ਧੂਰੀ ਤੋਂ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ, ਤਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਲਈ ਨਿੱਜੀ ਤੌਰ ‘ਤੇ ਇੱਕ ਵੱਡੀ ਸਿਆਸੀ ਚੁਣੌਤੀ ਸਾਬਤ ਹੋ ਸਕਦੇ ਹਨ। ਆਮ ਤੌਰ ’ਤੇ ਓਂਕਾਰ ਸਿੰਘ ਨੂੰ ਨਿਮਰ ਸੁਭਾਅ ਅਤੇ ਲੋਕਾਂ ਨਾਲ ਸਿੱਧੇ ਰਾਬਤੇ ਵਾਲੀ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ।
ਉਨ੍ਹਾਂ ਦਾ ਪਿਛੋਕੜ ਲੰਬੀ ਹਲਕੇ ਦੀ ਰਿਵਾਇਤੀ ਸਿਆਸਤ ਨਾਲ ਵੀ ਜੁੜਿਆ ਰਿਹਾ ਹੈ। ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਅਤੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ‘ਦਾਸ ਜੀ’ ਦੀ ਟੀਮ ਨਾਲ ਵੀ ਸੰਬੰਧਤ ਰਹੇ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਓਂਕਾਰ ਸਿੰਘ ਦੀ ਭਾਜਪਾ ਵਿੱਚ ਸ਼ਮੂਲੀਅਤ ਨਾਲ ਆਮ ਆਦਮੀ ਪਾਰਟੀ ਨਾਲ ਜੁੜੀਆਂ ਅੰਦਰੂਨੀ ਜਾਣਕਾਰੀਆਂ ਅਤੇ ਕਈ ਗੁੱਝੇ ਸਿਆਸੀ ਭੇਤ ਭਾਜਪਾ ਹਾਈਕਮਾਂਡ ਲਈ ਲਾਹੇਵੰਦ ਸਾਬਤ ਹੋ ਸਕਦੇ ਹਨ।
ਪੰਜਾਬੀ ਟ੍ਰਿਬਯੂਨ