ਰੇਲਗੱਡੀ ਅੱਗੇ ਛਾਲ ਮਾਰ ਕੇ ਦਿੱਤੀ ਜਾਨ; ਠੇਕੇ ’ਤੇ ਜ਼ਮੀਨ ਲੈ ਕੇ ਕਰਦੇ ਸਨ ਖੇਤੀ
25 ਮਾਰਚ, 2026 – ਕੋਟਕਪੂਰਾ : ਪਿੰਡ ਬ੍ਰਾਹਮਣਵਾਲਾ ਢਾਬ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਦੋ ਸਕੇ ਕਿਸਾਨ ਭਰਾਵਾਂ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕਾਂ ਦੀ ਪਛਾਣ ਜਸਕਰਨ ਸਿੰਘ (38) ਅਤੇ ਉਸ ਦੇ ਛੋਟੇ ਭਰਾ ਜੋਰਾ ਸਿੰਘ (34) ਵਜੋਂ ਹੋਈ ਹੈ ਜੋ ਪਿੰਡ ਹਰੀਨੌ ਦੇ ਰਹਿਣ ਵਾਲੇ ਸਨ।
ਪਿੰਡ ਵਾਸੀ ਕੁਲਦੀਪ ਸਿੰਘ ਨੇ ਦੱਸਿਆ ਕਿ ਦੋਵੇਂ ਭਰਾਵਾਂ ਵਿੱਚ ਆਪਸ ਵਿੱਚ ਬਹੁਤ ਪਿਆਰ ਸੀ ਅਤੇ ਉਹ ਹਰ ਕੰਮ ਇਕੱਠੇ ਹੀ ਕਰਦੇ ਸਨ। ਉਨ੍ਹਾਂ ਕੋਲ ਆਪਣੀ ਜ਼ਮੀਨ ਘੱਟ ਸੀ ਜਿਸ ਕਾਰਨ ਉਹ ਹੋਰ ਜ਼ਮੀਨ ਠੇਕੇ ’ਤੇ ਲੈ ਕੇ ਖੇਤੀਬਾੜੀ ਕਰਦੇ ਸਨ। ਪਿਛਲੇ ਕੁਝ ਸਮੇਂ ਤੋਂ ਸਿਰ ਚੜ੍ਹੇ ਕਰਜ਼ੇ ਕਾਰਨ ਦੋਵੇਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸਨ।
ਇਸੇ ਪ੍ਰੇਸ਼ਾਨੀ ਕਰ ਕੇ ਹੀ ਉਨ੍ਹਾਂ ਨੇ ਪਿੰਡ ਢਾਬ ਬ੍ਰਾਹਮਣਵਾਲਾ ਨੇੜੇ ਲੰਘਦੀ ਰੇਲਵੇ ਲਾਈਨ ’ਤੇ ਛਿੰਦਵਾੜਾ ਐਕਸਪ੍ਰੈੱਸ ਰੇਲਗੱਡੀ ਅੱਗੇ ਆ ਕੇ ਖੁਦਕੁਸ਼ੀ ਕਰ ਲਈ। ਰੇਲਵੇ ਪੁਲੀਸ (ਜੀ ਆਰ ਪੀ) ਚੌਕੀ ਦੇ ਏ ਐੱਸ ਆਈ ਰਾਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮੁਢਲੀ ਜਾਂਚ ਵਿੱਚ ਇਹ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ।
ਪੁਲੀਸ ਨੇ ਦੋਵੇਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਭੇਜ ਦਿੱਤੀਆਂ ਹਨ। ਪੁਲੀਸ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕਰ ਰਹੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਤੇ ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਪੀੜਤ ਪਰਿਵਾਰ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਪੰਜਾਬੀ ਟ੍ਰਿਬਯੂਨ