03 ਅਪਰੈਲ, 2025 – ਕਰਤਾਰਪੁਰ : ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਦੇ ਬਾਵਜੂਦ ਦਾਣਾ ਮੰਡੀ ਕਰਤਾਰਪੁਰ ਵਿੱਚ ਕਿਸਾਨਾਂ ਵੱਲੋਂ ਕਣਕ ਦੀ ਫ਼ਸਲ ਵੇਚਣ ਲਈ ਨਾ ਲਿਆਉਣ ਕਾਰਨ ਸੁੰਨ ਪੱਸਰੀ ਹੋਈ ਹੈ ਜਦੋਂ ਕਿ ਸੂਬਾ ਸਰਕਾਰ ਵੱਲੋਂ ਕਣਕ ਦੀ ਖਰੀਦ ਕਰਨ ਲਈ ਪੁਖਤਾ ਇੰਤਜ਼ਾਮ ਕੀਤੇ ਹੋਏ ਹਨ। ਜ਼ਿਕਰਯੋਗ ਹੈ ਕਿ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਭਾਰੀ ਫਰਕ ਹੋਣ ਕਾਰਨ ਹਾਲੇ ਬਹੁਤੇ ਥਾਈਂ ਕਣਕ ਦੀ ਫਸਲ ਨਹੀਂ ਪੱਕੀ। ਕਿਸਾਨ ਯੁੱਧਵੀਰ ਸਿੰਘ ਸ਼ੇਰਗਿੱਲ, ਭਗਵੰਤ ਸਿੰਘ, ਫਤਿਹ ਜਲਾਲ, ਜਗਰੂਪ ਸਿੰਘ ਚੋਹਲਾ ਤੇ ਖੇਤੀ ਮਾਹਿਰਾਂ ਅਨੁਸਾਰ ਕਣਕ ਦੀ ਫਸਲ ਨੂੰ ਪੂਰੀ ਤਰ੍ਹਾਂ ਪੱਕਣ ਲਈ ਦੁਆਬੇ ਵਿੱਚ ਹਾਲੇ ਕੁਝ ਦਿਨ ਹੋਰ ਲੱਗ ਸਕਦੇ ਹਨ।
ਵਾਤਾਵਰਨ ਪ੍ਰੇਮੀ ਡਾ. ਨਿਰਮਲ ਸਿੰਘ ਨੇ ਕਿਹਾ ਕਿ ਦੁਆਬੇ ਵਿੱਚ ਕਣਕ ਦੀ ਫਸਲ ਪੱਕਣ ਲਈ ਵਿਸਾਖੀ ਤੱਕ ਦਾ ਸਮਾਂ ਲੱਗ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਕਿਸਾਨ ਕਣਕ ਦੀ ਫਸਲ ਵਿਸਾਖੀ ਤੋਂ ਬਾਅਦ ਹੀ ਵੇਚਣ ਲਈ ਮੰਡੀਆਂ ਵਿੱਚ ਲਿਆਉਂਦੇ ਹਨ। ਆੜ੍ਹਤੀਆ ਐਸੋਸੀਏਸ਼ਨ ਕਰਤਾਰਪੁਰ ਦੇ ਪ੍ਰਧਾਨ ਸਤੀਸ਼ ਗੁਪਤਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਮੰਡੀ ਵਿੱਚ ਲਿਆਂਦੀ ਕਣਕ ਦੀ ਫਸਲ ਦੀ ਸਾਂਭ ਸੰਭਾਲ ਲਈ ਕਰੇਟ ਅਤੇ ਮੀਂਹ ਪੈਣ ਮੌਕੇ ਫਸਲ ਨੂੰ ਢਕਣ ਲਈ ਤਿਰਪਾਲਾਂ ਦਾ ਇੰਤਜ਼ਾਮ ਕੀਤਾ ਗਿਆ ਹੈ।
ਮਾਰਕੀਟ ਕਮੇਟੀ ਜਲੰਧਰ ਸ਼ਹਿਰੀ ਦੇ ਪ੍ਰਧਾਨ ਗੁਰਪਾਲ ਸਿੰਘ ਮਾਂਗੇ ਨੇ ਦੱਸਿਆ ਕਿ ਕਰਤਾਰਪੁਰ ਸਮੇਤ ਸਹਾਇਕ ਮੰਡੀਆਂ ਨੌਗੱਜਾ ਆਲਮਪੁਰ ਬੱਕਾ ਅਤੇ ਸਰਾਏ ਖਾਸ ਵਿੱਚ ਕਣਕ ਦੀ ਖਰੀਦ ਕਰਨ ਲਈ ਇੰਤਜ਼ਾਮ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਪੀਣ ਵਾਲੇ ਸਾਫ ਪਾਣੀ, ਬਾਥਰੂਮ ਅਤੇ ਰਾਤ ਸਮੇਂ ਫਸਲ ਦੀ ਨਿਗਰਾਨੀ ਕਰਨ ਲਈ ਲਾਈਟਾਂ ਦਾ ਪੁਖਤਾ ਪ੍ਰਬੰਧ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਮੌਕੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਪੰਜਾਬੀ ਟ੍ਰਿਬਯੂਨ
test