ਜਗਜੀਵਨ ਮੀਤ
ਅਮਰੀਕਾ ਦੀ ਨਵੀਂ ਟਰੰਪ ਸਰਕਾਰ ਵੱਲੋਂ ਕੀਤੀ ਗਈ ਗ਼ੈਰ-ਕਾਨੂੰਨੀ ਢੰਗ ਨਾਲ ਪਰਵਾਸ ਕਰਨ ਵਾਲੇ ਲੋਕਾਂ ’ਤੇ ਕਾਰਵਾਈ ਦੇ ਨਵੇਂ ਸਮੀਕਰਨ ਨਿਕਲ ਕੇ ਸਾਹਮਣੇ ਆ ਰਹੇ ਹਨ। ਅਮਰੀਕਾ ਵੱਲੋਂ ਭਾਰਤੀਆਂ ਨੂੰ ਵੱਡੀ ਗਿਣਤੀ ਵਿਚ ਡਿਪੋਰਟ ਕੀਤਾ ਜਾ ਰਿਹਾ ਹੈ।
ਅਮਰੀਕਾ ਦੀ ਨਵੀਂ ਟਰੰਪ ਸਰਕਾਰ ਵੱਲੋਂ ਕੀਤੀ ਗਈ ਗ਼ੈਰ-ਕਾਨੂੰਨੀ ਢੰਗ ਨਾਲ ਪਰਵਾਸ ਕਰਨ ਵਾਲੇ ਲੋਕਾਂ ’ਤੇ ਕਾਰਵਾਈ ਦੇ ਨਵੇਂ ਸਮੀਕਰਨ ਨਿਕਲ ਕੇ ਸਾਹਮਣੇ ਆ ਰਹੇ ਹਨ। ਅਮਰੀਕਾ ਵੱਲੋਂ ਭਾਰਤੀਆਂ ਨੂੰ ਵੱਡੀ ਗਿਣਤੀ ਵਿਚ ਡਿਪੋਰਟ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਪੰਜਾਬ, ਹਰਿਆਣਾ ਤੇ ਦੇਸ਼ ਦੇ ਹੋਰ ਹਿੱਸਿਆਂ ’ਚ ਕਈ ਨੌਜਵਾਨਾਂ ਤੇ ਪਰਿਵਾਰਾਂ ਨੂੰ ਅਮਰੀਕਾ ਤੋਂ ਡਿਪੋਰਟ ਕਰ ਕੇ ਭੇਜਿਆ ਗਿਆ ਹੈ।
ਵਿਦੇਸ਼ ਮੰਤਰਾਲੇ ਨੂੰ ਪਿਛਲੇ ਸਾਲ 28 ਨਵੰਬਰ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਕ ਸਵਾਲ ਪੁੱਛਿਆ ਸੀ, ਜਿਸ ਦੇ ਜਵਾਬ ਵਿਚ ਮੰਤਰਾਲੇ ਨੇ ਕਿਹਾ ਸੀ ਕਿ ਦੇਸ਼ ’ਚ ਗ਼ੈਰ-ਕਾਨੂੰਨੀ ਟਰੈਵਲ ਏਜੰਟਾਂ ਦੀ ਗਿਣਤੀ 3 ਹਜ਼ਾਰ 94 ਹੈ। ਇਹ ਗਿਣਤੀ 30 ਅਕਤੂਬਰ 2023 ਤੱਕ 2925 ਸੀ। ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ’ਚ 400, ਤਾਮਿਲਨਾਡੂ ’ਚ 360, ਮਹਾਰਾਸ਼ਟਰ ’ਚ 309, ਦਿੱਲੀ ’ਚ 292 ਤੇ ਪੰਜਾਬ ’ਚ 190 ਦੇ ਕਰੀਬ ਗ਼ੈਰ-ਕਾਨੂੰਨੀ ਟਰੈਵਲ ਏਜੰਟ ਸਨ ਤੇ ਸਭ ਤੋਂ ਵੱਧ ਉਸ ਵੇਲੇ ਆਂਧਰਾ ਪ੍ਰਦੇਸ਼ ’ਚ 471 ਸਨ।
ਇਹੀ ਨਹੀਂ 2017 ਤੋਂ 2019 ਤੱਕ, ਸੂਬੇ ’ਚ ਗ਼ੈਰ-ਕਾਨੂੰਨੀ ਟਰੈਵਲ ਏਜੰਟਾਂ ਦੇ ਖ਼ਿਲਾਫ਼ 2 ਹਜ਼ਾਰ 140 ਅਪਰਾਧਕ ਪਰਚੇ ਦਰਜ ਕੀਤੇ ਗਏ। ਇਸ ਦੇ ਨਾਲ ਪੁਲਿਸ ਨੇ ਵੀ ਲੋਕਾਂ ਨੂੰ ਚੌਕੰਨੇ ਕੀਤਾ ਸੀ ਕਿ ਵਿਦੇਸ਼ ਜਾਣ ਤੋਂ ਪਹਿਲਾਂ ਇਹ ਜ਼ਰੂਰ ਦੇਖਿਆ ਜਾਵੇ ਕਿ ਜਿਸ ਟਰੈਵਲ ਏਜੰਟ ਰਾਹੀਂ ਫਾਈਲ ਲਗਾਈ ਜਾ ਰਹੀ ਹੈ, ਉਹ ਸਹੀ ਹੈ ਵੀ ਕਿ ਨਹੀਂ। ਇਸ ਵਾਰ ਵੀ ਜੋ ਅਮਰੀਕਾ ਦੇ ਫ਼ੈਸਲੇ ਮੁਤਾਬਕ ਲੋਕ ਡਿਪੋਰਟ ਕੀਤੇ ਗਏ ਹਨ, ਉਨ੍ਹਾਂ ਵਿਚ ਬਹੁਤੀ ਸੰਖਿਆ ਉਨ੍ਹਾਂ ਦੀ ਹੈ ਜੋ ਗ਼ੈਰ-ਕਾਨੂੰਨੀ ਢੰਗ ਤਰੀਕੇ ਵਰਤ ਕੇ ਵਿਦੇਸ਼ ਪਹੁੰਚੇ ਸਨ।
ਇਨ੍ਹਾਂ ਵਿਚ ਸਭ ਤੋਂ ਵੱਧ ਉਹ ਹਨ ਜੋ ਮੈਕਸੀਕੋ ਦੀ ਕੰਧ ਤੱਕ ਡੰਕੀ ਲਗਾ ਕੇ ਪਹੁੰਚੇ ਸਨ। ਡਿਪੋਰਟ ਦੀ ਕਾਰਵਾਈ ਦੇ ਨਾਲ ਹੀ ਪੰਜਾਬ ਤੇ ਦੇਸ਼ ਦੇ ਹੋਰ ਖਿੱਤਿਆਂ ਵਿਚ ਬੈਠੇ ਟਰੈਵਲ ਏਜੰਟਾਂ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉੱਠੇ ਹਨ। ਇਕ ਵਿਅਕਤੀ ਨੂੰ ਡੰਕੀ ਰਾਹੀਂ ਦੂਸਰੇ ਦੇਸ਼ ਦੀ ਹੱਦ ਪਾਰ ਕਰਵਾਉਣ ਵਿਚ ਚਾਲੀ ਤੋਂ ਪੰਜਾਹ ਲੱਖ ਰੁਪਏ ਦਾ ਖ਼ਰਚਾ ਲਿਆ ਜਾਂਦਾ ਹੈ। ਦੂਜੇ ਪਾਸੇ ਬੇਗਾਨੇ ਮੁਲਕ ਦੀ ਹੱਦ ਪਾਰ ਕਰਨ ਤੱਕ ਵੀ ਇਕ ਨਹੀਂ ਹਜ਼ਾਰ ਤਰ੍ਹਾਂ ਦੀਆਂ ਔਕੜਾਂ ਪੇਸ਼ ਆਉਂਦੀਆਂ ਹਨ।
ਇਹ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਡੰਕੀ ਤੇ ਹੋਰ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਇਨ੍ਹਾਂ ਦਿੱਕਤਾਂ ਬਾਰੇ ਬਾਕਾਇਦਾ ਟਰੈਵਲ ਏਜੰਟ ਦੱਸਦੇ ਹਨ ਤੇ ਲੋਕ ਵੀ ਇਸ ’ਤੇ ਹਾਮੀ ਭਰਦੇ ਹੋਏ ਸਾਰਾ ਖ਼ਰਚਾ ਦੇਣ ਲਈ ਤੇ ਜੋਖ਼ਮ ਲੈਣ ਲਈ ਰਾਜ਼ੀ ਹੋ ਜਾਂਦੇ ਹਨ। ਪੰਜਾਬ ਵਿਚੋਂ ਪਰਵਾਸ ਹੋਣ ਦੇ ਕਈ ਕਾਰਨ ਹਨ। ਇਸ ਵਿਚ ਸਮਾਜਿਕ ਸੁਰੱਖਿਆ, ਰੁਜ਼ਗਾਰ ਦੀ ਭਾਲ ਤੇ ਹੋਰ ਕਈ ਕਾਰਨ ਸ਼ਾਮਲ ਹਨ।
ਹੁਣ ਵੀ ਅਮਰੀਕਾ ਤੋਂ ਜੋ ਪਰਿਵਾਰ ਤੇ ਨੌਜਵਾਨ ਡਿਪੋਰਟ ਹੋ ਕੇ ਵਾਪਸ ਮੁੜੇ ਹਨ, ਉਨ੍ਹਾਂ ਵੱਲੋਂ ਵੱਡੀਆਂ ਪਰੇਸ਼ਾਨੀਆਂ ਤੇ ਖ਼ਰਚੇ ਸਹਿਣ ਕੀਤੇ ਗਏ ਹਨ। ਦੂਜੇ ਪਾਸੇ ਕੇਂਦਰ ਤੇ ਸੂਬਾ ਸਰਕਾਰ ਵੀ ਲਗਾਤਾਰ ਇਨ੍ਹਾਂ ਲੋਕਾਂ ਨੂੰ ਵਿਦੇਸ਼ ਭੇਜਣ ਵਾਲੇ ਟਰੈਵਲ ਏਜੰਟਾਂ ’ਤੇ ਕਾਰਵਾਈ ਕਰ ਰਹੀ ਹੈ। ਸੂਬੇ ਵਿਚ ਕਈ ਟਰੈਵਲ ਏਜੰਟਾਂ ’ਤੇ ਕਾਰਵਾਈ ਕੀਤੀ ਗਈ ਹੈ। ਹੋਰ ਵੀ ਕਈ ਏਜੰਟ ਸਰਕਾਰ ਦੀ ਰਡਾਰ ’ਤੇ ਹਨ। ਇਸ ਗੱਲੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕਿਤੇ ਨਾ ਕਿਤੇ ਗ਼ੈਰ-ਕਾਨੂੰਨੀ ਪਰਵਾਸ ਵਿਚ ਸਾਡੀ ਆਪਣੀ ਹਾਂ ਵੀ ਸ਼ਾਮਲ ਹੈ।
ਜਿਹੜੇ ਲੱਖਾਂ ਰੁਪਏ ਲੋਕ ਵਿਦੇਸ਼ ਡੰਕੀ ਜਾਂ ਹੋਰ ਤਰੀਕੇ ਵਰਤ ਕੇ ਬਾਹਰ ਜਾਣ ਲਈ ਖ਼ਰਚਦੇ ਹਨ, ਉਹ ਪੈਸਾ ਇੱਥੇ ਵੀ ਨਿਵੇਸ਼ ਹੋ ਸਕਦਾ ਹੈ। ਹਾਲਾਂਕਿ ਇਹ ਵਿਅਕਤੀ ਦੀ ਨਿੱਜੀ ਚੋਣ ਹੈ ਪਰ ਜਦੋਂ ਇਹੋ ਜਿਹੇ ਹਾਲਾਤ ਬਣਦੇ ਹਨ ਤਾਂ ਜ਼ਰੂਰ ਦੁੱਖ ਹੁੰਦਾ ਹੈ। ਇਹ ਵੀ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਹਰੇਕ ਦੇਸ਼ ਦੀ ਆਪਣੀ ਹੱਦਬੰਦੀ ਤੇ ਕਾਨੂੰਨ ਹਨ। ਇਹ ਕਿਸੇ ਵੇਲੇ ਵੀ ਬਦਲ ਸਕਦੇ ਹਨ ਤੇ ਕੋਈ ਵੀ ਨਵੀਂ ਸਰਕਾਰ ਪੁਰਾਣੀਆਂ ਪਿਰਤਾਂ ਨੂੰ ਖ਼ਤਮ ਕਰ ਸਕਦੀ ਹੈ।
ਇਸ ਲਈ ਸਭ ਤੋਂ ਅਹਿਮ ਗੱਲ ਹੈ ਕਿ ਉਨ੍ਹਾਂ ਹਾਲਾਤ ਲਈ ਵੀ ਤਿਆਰ ਰਹੀਏ, ਜਿਹੜੇ ਦੂਜੇ ਮੁਲਕਾਂ ਵਿਚ ਬਣ ਸਕਦੇ ਹਨ। ਹਰੇਕ ਇਨਸਾਨ ਨੂੰ ਆਪਣੇ ਆਰਥਿਕ ਤੇ ਸਮਾਜਿਕ ਵਿਕਾਸ ਲਈ ਫ਼ੈਸਲੇ ਲੈਣ ਦਾ ਅਧਿਕਾਰ ਹੈ ਪਰ ਸਭ ਤੋਂ ਅਹਿਮ ਹੈ ਕਿ ਕਿਸਮਤ ਪਰਖਣ ਤੋਂ ਪਹਿਲਾਂ ਅਸੀਂ ਏਜੰਟ ਪਰਖ ਲਈਏ, ਜਿਸ ’ਤੇ ਅੱਖਾਂ ਬੰਦ ਕਰ ਕੇ ਭਰੋਸਾ ਕਰ ਰਹੇ ਹਾਂ। ਇਸ ਦੇ ਨਾਲ-ਨਾਲ ਇਹ ਵੀ ਚੇਤੇ ਰੱਖੀਏ ਕਿ ਸਿੱਧੇ ਰਾਹ ਤੁਰਿਆ ਇਨਸਾਨ ਕਦੇ ਵੀ ਗ਼ਲਤ ਮੰਜ਼ਲ ’ਤੇ ਨਹੀਂ ਪਹੁੰਚਦਾ ।
ਲੇਖਕ ਦਾ ਸੰਪਰਕ ਨੰਬਰ : 9115710139
ਆਭਾਰ : https://www.punjabijagran.com/editorial/general-not-luck-test-the-agent-9455215.html
test