24 ਮਾਰਚ, 2025 – ਚੰਡੀਗੜ੍ਹ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਅੱਜ ਸੂਬੇ ਦੇ ਡੇਢ ਦਰਜਨ ਜ਼ਿਲ੍ਹਿਆਂ ਵਿੱਚ ਇਕੱਠ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਸ਼ਹੀਦਾਂ ਦੀ ਸਮਾਜ ਵਿੱਚ ਲੁਟੇਰੇ ਵਰਗ ਵੱਲੋਂ ਕਿਰਤ ਦੀ ਹੁੰਦੀ ਲੁੱਟ ਬੰਦ ਕਰਵਾ ਕੇ ਬਰਾਬਰੀ ਤੇ ਸਾਂਝੀਵਾਲਤਾ ਵਾਲਾ ਸਮਾਜ ਸਿਰਜਣ ਦੀ ਵਿਚਾਰਧਾਰਾ ’ਤੇ ਚੱਲਣ ਦਾ ਪ੍ਰਣ ਕੀਤਾ। ਇਸ ਦੇ ਨਾਲ ਹੀ ਜਥੇਬੰਦੀ ਦੇ ਆਗੂਆਂ ਵੱਲੋਂ ਸੂਬੇ ਭਰ ਵਿੱਚ 107 ਥਾਵਾਂ ’ਤੇ ਇਕੱਠ ਕਰਕੇ ਸੂਬਾ ਸਰਕਾਰ ਵੱਲੋਂ ਕਿਸਾਨਾਂ ਵਿਰੁੱਧ ਢਾਹੇ ਜਾ ਰਹੇ ਜਬਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਅਤੇ ਪੰਜਾਬ ਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਤੇ ਸੂਬਾ ਆਗੂ ਸਤਨਾਮ ਸਿੰਘ ਪੰਨੂ ਸਣੇ ਹੋਰਨਾਂ ਕਿਸਾਨ-ਮਜ਼ਦੂਰ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਛੋਟੇ ਵਪਾਰੀਆਂ, ਛੋਟੇ ਸਨਅਤਕਾਰਾਂ ਅਤੇ ਰੇਹੜੀ ਫੜ੍ਹੀ ਵਾਲਿਆਂ ਦਾ ਕਿੱਤਾ ਤਬਾਹ ਕਰਕੇ ਕਾਰਪੋਰੇਟ ਦੇ ਹੱਥਾਂ ਵਿੱਚ ਦੇਣ ਲਈ ਲਾਗੂ ਕੀਤੇ ਜਾ ਰਹੇ ਕੇਂਦਰ ਸਰਕਾਰ ਦੇ ਵਿਕਾਸ ਮਾਡਲ ਦਾ ਰਾਹ ਪੱਧਰਾ ਕਰਨ ਲਈ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਹਮਲਾ ਕਰਕੇ ਮੋਰਚੇ ਨੂੰ ਖਦੇੜਿਆ ਹੈ। ਇਸ ਦੇ ਨਾਲ ਹੀ ਕਿਸਾਨਾਂ ਦੇ ਕਰੋੜਾਂ ਰੁਪਏ ਦੇ ਸਾਮਾਨ ਦੀ ਭੰਨ ਤੋੜ ਤੇ ਚੋਰੀ ਕਰ ਕੇ, ਸੈਂਕੜੇ ਕਿਸਾਨ ਆਗੂਆਂ ਤੇ ਬੀਬੀਆਂ ਨੂੰ ਜੇਲ੍ਹਾਂ ਵਿੱਚ ਡੱਕ ਕੇ, ਬੁਲਡੋਜ਼ਰ ਚਲਾ ਕੇ ਲੋਕਾਂ ਦੇ ਘਰ ਢਾਹ ਕੇ, ਭਾਰਤ ਮਾਲਾ ਪ੍ਰਾਜੈਕਟ ਲਈ ਜਬਰੀ ਜ਼ਮੀਨਾਂ ’ਤੇ ਕਬਜ਼ੇ ਕਰ ਕੇ ਪੰਜਾਬ ਨੂੰ ਪੁਲੀਸ ਰਾਜ ਵਿੱਚ ਤਬਦੀਲ ਕਰ ਦਿੱਤਾ ਹੈ।
ਜਥੇਬੰਦੀ ਦੇ ਆਗੂਆਂ ਨੇ ਐਲਾਨ ਕੀਤਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਸਬੰਧਤ ਜੇਲ੍ਹਾਂ ਵਿੱਚ ਡੱਕੇ ਮੁੱਖ ਆਗੂ ਸਰਵਣ ਸਿੰਘ ਪੰਧੇਰ, ਰਣਯੋਧ ਕੌਰ ਕੱਲਾ ਸਣੇ 35 ਆਗੂ ਜ਼ਮਾਨਤ ਨਹੀਂ ਕਰਵਾਉਣਗੇ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਜੇਲ੍ਹਾਂ ਵਿੱਚ ਡੱਕੇ ਸਾਰੇ ਆਗੂ ਤਰੁੰਤ ਰਿਹਾਅ ਕੀਤੇ ਜਾਣ ਅਤੇ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਕਰੋੜਾਂ ਰੁਪਏ ਨੁਕਸਾਨ ਦੀ ਭਰਪਾਈ ਪੰਜਾਬ ਸਰਕਾਰ ਕਰੇ ਤੇ ਬਾਰਡਰਾਂ ਤੇ ਪੁਲੀਸ ਦੀ ਹਾਜ਼ਰੀ ਵਿੱਚ ਚੋਰੀ ਕੀਤੇ ਗਏ ਸਾਮਾਨ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਇਸ ਤੋਂ ਇਲਾਵਾ ਪੁਲੀਸ ਅਫਸਰਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਹਲਕਾ ਘਨੌਰ ਦੇ ਵਿਧਾਇਕ ਦੇ ਰਿਸ਼ਤੇਦਾਰ ਦੇ ਘਰੋਂ ਕਥਿਤ ਬਰਾਮਦ ਕੀਤੀਆਂ ਗਈਆਂ ਟਰਾਲੀਆਂ ਦੇ ਦੋਸ਼ ਹੇਠ ਪਰਚੇ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ ਤੇ ਆਪਣਾ ਸਾਮਾਨ ਲੈਣ ਗਏ ਕਿਸਾਨ ਆਗੂਆਂ ਦੀ ਕੁੱਟਮਾਰ ਦੇ ਮੁਲਜ਼ਮਾਂ, ਪਿੰਡ ਸਰ੍ਹੋਂ ਤਹਿਸੀਲ ਰਾਜਪੁਰਾ ਦੇ ਸਰਪੰਚ ਡਿੰਪਲ ਸਣੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਸ਼ੰਭੂ ਬਾਰਡਰ ਤੋਂ ਅੱਧੀ ਦਰਜਨ ਟਰੈਕਟਰ ਤੇ 140 ਟਰਾਲੀਆਂ ਗਾਇਬ
ਘਨੌਰ : ਸ਼ੰਭੂ ਬਾਰਡਰ ਤੋਂ ਕਿਸਾਨ ਧਰਨੇ ਨੂੰ 19 ਮਾਰਚ ਨੂੰ ਪੁਲੀਸ ਵੱਲੋਂ ਖਦੇੜ ਦਿੱਤਾ ਗਿਆ ਸੀ। ਇਸ ਮਗਰੋਂ ਜੇਸੀਬੀ ਮਸ਼ੀਨ ਨਾਲ ਕਿਸਾਨਾਂ ਵੱਲੋਂ ਬਣਾਏ ਆਰਜ਼ੀ ਘਰਾਂ ਸਣੇ ਹੋਰ ਸਾਮਾਨ ਨੂੰ ਸੜਕਾਂ ਤੋਂ ਹਟਾ ਦਿੱਤਾ ਗਿਆ ਸੀ। ਇਸ ਵਿੱਚੋਂ ਕੁਝ ਸਾਮਾਨ ਲੋਕ ਚੁੱਕ ਕੇ ਲੈ ਗਏ। ਕਿਸਾਨ ਆਗੂਆਂ ਨੇ 6 ਟਰੈਕਟਰ ਤੇ 140 ਟਰਾਲੀਆਂ ਵੀ ਗਾਇਬ ਹੋਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ’ਚੋਂ 3 ਟਰੈਕਟਰ ਅਤੇ 40 ਟਰਾਲੀਆਂ ਤਾਂ ਬਰਾਮਦ ਹੋ ਗਈਆਂ ਹਨ। ਇਸ ਸਬੰਧੀ ਪੁਲੀਸ ਵੱਲੋਂ ਦੋ ਥਾਣਿਆਂ ’ਚ ਤਿੰਨ ਜਣਿਆਂ ਖਿਲਾਫ਼ ਕੇਸ ਵੀ ਦਰਜ ਕੀਤੇ ਗਏ ਹਨ। ਇਸ ਦੌਰਾਨ ਕਿਸਾਨ ਆਗੂ ‘ਆਪ’ ਆਗੂਆਂ ’ਤੇ ਗੰਭੀਰ ਦੋਸ਼ ਲਾ ਰਹੇ ਹਨ।
ਪ੍ਰ੍ਰੋਗਰੈਸਿਵ ਫਾਰਮਰਜ਼ ਫਰੰਟ ਦੇ ਸੂਬਾਈ ਜਨਰਲ ਸਕੱਤਰ ਗੁਰਅਮਨੀਅਤ ਸਿੰਘ ਮਾਂਗਟ ਨੇ ਦੱਸਿਆ ਕਿ ਹੁਣ ਤੱਕ 140 ਟਰਾਲੀਆਂ ਤੇ 3 ਟਰੈਕਟਰ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ’ਚੋਂ ਤਿੰਨ ਟਰੈਕਟਰ ਤੇ 40 ਟਰਾਲੀਆਂ ਬਰਾਮਦ ਹੋ ਗਈਆਂ ਹਨ। ਰੌਲ਼ਾ ਪੈਣ ਮਗਰੋਂ ਕਈਆਂ ਨੇ ਉਨ੍ਹਾਂ ਦੇ ਟਰੈਕਟਰ-ਟਰਾਲੀਆਂ ਚੁੱਪ-ਚੁਪੀਤੇ ਸੜਕਾਂ ਕਿਨਾਰੇ ਖੜ੍ਹਾ ਦਿੱਤੀਆਂ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਥਾਖੇੜੀ ਤੋਂ 4, ਲੋਹਸਿੰਬਲੀ ਅਤੇ ਸੂਹਰੋਂ ਤੋਂ 3-3, ਖਡੌਲੀ ਤੋਂ 2 ਅਤੇ ਸੈਦਖੇੜੀ ਤੋਂ ਵੀ ਟਰਾਲੀਆਂ ਮਿਲੀਆਂ ਹਨ। ਟਰਾਲੀਆਂ ਲੱਭਣ ਵਾਲ਼ੀ ਟੀਮ ਦੀ ਅਗਵਾਈ ਕਰ ਰਹੇ ਬੀਕੇਯੂ ਸ਼ਹੀਦ ਭਗਤ ਸਿੰਘ ਦੇ ਆਗੂ ਸੁਖਚੈਨ ਸਿੰਘ ਅੰਬਾਲਾ ਨੇ ਦੱਸਿਆ ਕਿ ਰੌਲਾ ਪੈਣ ਮਗਰੋਂ ਕਿਸੇ ਨੇ ਛੇ ਟਰਾਲੀਆਂ ਰਾਜਗੜ੍ਹ ਕੋਲ਼ ਸੜਕ ’ਤੇ ਖੜ੍ਹਾ ਦਿੱਤੀਆਂ।
ਇੱਕ ਆਈਸ਼ਰ ਟਰੈਕਟਰ ਲੋਹਸਿੰਬਲੀ ਵਾਸੀ ਦੇ ਘਰੋਂ ਮਿਲਿਆ, ਜਿਸ ਨੂੰ ਘਨੌਰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਮੁਖੀ ਸਾਹਿਬ ਸਿੰਘ ਵਿਰਕ ਨੇ ਕਿਹਾ ਕਿ ਮੁਲਜ਼ਮ ਤੋਂ ਪੜਤਾਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦੋ ਹੋਰ ਪਿੰਡਾਂ ਤੋਂ ਹਰਦੀਪ ਸਿੰਘ ਅਤੇ ਗਗਨਦੀਪ ਸਿੰਘ ਨਾਮ ਦੇ ਦੋ ਹੋਰ ਵਿਅਕਤੀਆਂ ਖ਼ਿਲਾਫ਼ ਥਾਣਾ ਖੇੜੀਗੰਡਿਆਂ ਦੀ ਪੁਲੀਸ ਨੇ ਵੀ ਕੇਸ ਦਰਜ ਕੀਤਾ ਹੈ। ਇਸ ਦੀ ਥਾਣਾ ਮੁਖੀ ਸਵਰਨ ਸਿੰਘ ਬੋਹੜਪੁਰ ਨੇ ਪੁਸ਼ਟੀ ਕੀਤੀ ਹੈ। ਕਿਸਾਨ ਆਗੂ ਮਾਂਗਟ ਨੇ ਕਿਹਾ ਕਿ ਦੋ ਸਰਪੰਚਾਂ ਦੇ ਘਰੋਂ ਵੀ ਟਰਾਲੀਆਂ ਮਿਲੀਆਂ ਹਨ। ਇੱਕ ਸਰਪੰਚ ਦੇ ਪਿਤਾ ਦੀ ਟਰਾਲੀ ਲਿਜਾਂਦੇ ਦੀ ਮਿਲੀ ਵੀਡੀਓ ਦੇ ਆਧਾਰ ’ਤੇ ਜਦੋਂ ਟਰਾਲੀ ਹਾਸਲ ਕਰਨੀ ਚਾਹੀ ਤਾਂ ਕਿਸਾਨ ਟੀਮ ’ਤੇ ਅੱਜ ਮੁੜ ਹਮਲਾ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੁਲੀਸ ਨੇ ਘਰੋਂ ਟਰਾਲੀ ਮਿਲਣ ਦੇ ਬਾਵਜੂਦ ਪੁਲੀਸ ਨੇ ਸਬੰਧਤ ਸਰਪੰਚ ਦੀ ਥਾਂ ਹੋਰ ਕਿਸੇ ’ਤੇ ਕੇਸ ਦਰਜ ਕਰ ਦਿੱੱਤਾ ਹੈ।
ਟਰਾਲੀਆਂ ਦੇ ਮਾਮਲੇ ਨਾਲ ਮੇਰਾ ਕੋਈ ਸਬੰਧੀ ਨਹੀਂ: ਵਿਧਾਇਕ
ਘਨੌਰ : ਵਿਧਾਇਕ ਗੁਰਲਾਲ ਘਨੌਰ ਨੇ ਅੱਜ ਮੁੜ ਦੁਹਰਾਇਆ ਕਿ ਟਰਾਲੀਆਂ ਦੇ ਮਾਮਲੇ ਨਾਲ ਉਨ੍ਹਾਂ ਦਾ ਨਾਮ ਜੋੜਨਾ ਗ਼ਲਤ ਹੈ। ਵਿਧਾਇਕ ਨੇ ਕਿਹਾ ਕਿ ਜਿਹੜੇ ਵਿਅਕਤੀਆਂ ਕੋਲ਼ੋਂ ਟਰਾਲੀਆਂ ਬਰਾਮਦ ਹੋਈਆਂ ਹਨ, ਉਨ੍ਹਾਂ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ। ਵਿਧਾਇਕ ਨੇ ਕਿਹਾ ਉਨ੍ਹਾਂ ਨੇ ਖ਼ੁਦ ਪਾਰਟੀ ਕਾਰਕੁਨਾਂ ਦੀਆਂ ਡਿਊਟੀਆਂ ਲਾਈਆਂ ਹਨ ਕਿ ਕਿਸਾਨਾਂ ਦਾ ਸਾਮਾਨ ਵਾਪਸ ਕਰਵਾਇਆ ਜਾਵੇ। ਉਨ੍ਹਾਂ ਨੇ ਪੁਲੀਸ ਨੂੰ ਵੀ ਕਿਸਾਨਾਂ ਦਾ ਸਾਮਾਨ ਚੁੱਕਣ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਕਿਹਾ ਹੈ।
ਪੰਜਾਬ ਪੁਲੀਸ ਦੀ ਧੱਕੇਸ਼ਾਹੀ ਖ਼ਿਲਾਫ਼ 28 ਨੂੰ ਦੇਸ਼ ਭਰ ’ਚ ਰੋਸ ਮੁਜ਼ਾਹਰੇ ਕਰਨਗੇ ਕਿਸਾਨ
ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੀ ਕੌਮੀ ਤਾਲਮੇਲ ਕਮੇਟੀ ਨੇ ਪੰਜਾਬ ਪੁਲੀਸ ਦੀ ਧੱਕੇਸ਼ਾਹੀ ਵਿਰੁੱਧ 28 ਮਾਰਚ ਨੂੰ ਦੇਸ਼ ਭਰ ਦੇ ਜ਼ਿਲ੍ਹਿਆਂ ਵਿੱਚ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਐੱਸਕੇਐੱਮ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਸਣੇ 350 ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਅਤੇ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਪੁਲੀਸ ਕਾਰਵਾਈ ਦੀ ਨਿਖੇਧੀ ਕੀਤੀ ਹੈ। ਐੱਸਕੇਐੱਮ ਆਗੂਆਂ ਨੇ ਦੋਸ਼ ਲਗਾਇਆ ਕਿ ‘ਆਪ’ ਦੀ ਅਗਵਾਈ ਵਾਲੀ ਸੂਬਾ ਸਰਕਾਰ ਕਾਰਪੋਰੇਟ ਤਾਕਤਾਂ ਅੱਗੇ ਝੁਕ ਰਹੀ ਹੈ ਅਤੇ ਕਾਰਪੋਰੇਟ ਪੱਖੀ ਕੇਂਦਰ ਸਰਕਾਰ ਦੇ ਦਬਾਅ ਅੱਗੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਗਤ ਸਿੰਘ, ਗਦਰੀ ਸ਼ਹੀਦਾਂ ਅਤੇ ਜੱਲ੍ਹਿਆਂਵਾਲਾ ਬਾਗ ਦੀ ਵਿਰਾਸਤ ਨੂੰ ਬਰਕਰਾਰ ਰੱਖਦੇ ਹੋਏ, ਪੰਜਾਬ ਨੂੰ ਪੁਲੀਸ ਰਾਜ ਵਿੱਚ ਬਦਲਣ ਲਈ ਕਦੇ ਵੀ ਇਜਾਜ਼ਤ ਨਹੀਂ ਦੇਣਗੇ। ਇਸੇ ਲਈ ਪੁਲੀਸ ਦੇ ਜਬਰ ਵਿਰੁੱਧ 28 ਮਾਰਚ ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਮੈਜਿਸਟਰੇਟ ਦਫ਼ਤਰਾਂ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਜਾਵੇਗਾ।
ਸੰਯੁਕਤ ਕਿਸਾਨ ਮੋਰਚਾ ਨੇ ਸਾਰੇ ਕਿਸਾਨ ਸੰਗਠਨਾਂ ਅਤੇ ਪਲੇਟਫਾਰਮਾਂ ਨੂੰ ਅਪੀਲ ਕੀਤੀ ਕਿ ਉਹ ਤਜਰਬਿਆਂ ਤੋਂ ਸਿੱਖਣ, ਮੁੱਦੇ-ਆਧਾਰਿਤ ਏਕਤਾ ਵਿੱਚ ਸ਼ਾਮਲ ਹੋਣ ਤੇ ਪੰਜਾਬ ਦੇ ਨਾਲ-ਨਾਲ ਦੇਸ਼ ਭਰ ਵਿੱਚ ਦਮਨ ਵਿਰੁੱਧ ਇੱਕਜੁੱਟ ਹੋਣ ਅਤੇ ਵਿਰੋਧ ਕਰਨ ਦੇ ਅਧਿਕਾਰ ਦੀ ਰੱਖਿਆ ਕਰਨ ਲਈ ਅੱਗੇ ਆਉਣ। ਮੋਰਚੇ ਦੇ ਆਗੂਆਂ ਨੇ ਐਲਾਨ ਕੀਤਾ ਕਿ ਕਿਸਾਨ ਕਦੇ ਵੀ ਕਾਰਪੋਰੇਟ ਤਾਕਤਾਂ ਅੱਗੇ ਆਤਮ-ਸਮਰਪਣ ਨਹੀਂ ਕਰਨਗੇ। ਸਮੋਰਚਾ ਆਪਣੇ ਸਾਰੇ ਮੈਂਬਰ ਸੰਗਠਨਾਂ ਨੂੰ ਸੰਘਰਸ਼ਾਂ ਲਈ ਤਿਆਰੀ ਦਾ ਸੱਦਾ ਦਿੰਦਾ ਹੈ।
ਪੰਜਾਬੀ ਟ੍ਰਿਬਯੂਨ
test