ਫਿਨਲੈਂਡ ਦੇ ਰਾਸ਼ਟਰਪਤੀ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਸ਼ਾਂਤੀ ਦਾ ਹੋਕਾ
06 ਮਾਰਚ, 2026 – ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਅਤੇ ਯੂਕਰੇਨ ਦੇ ਸੰਘਰਸ਼ਾਂ ਨੂੰ “ਜਲਦੀ ਖਤਮ” ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਫੌਜੀ ਟਕਰਾਅ ਰਾਹੀਂ ਕਿਸੇ ਵੀ ਮਸਲੇ ਦਾ ਹੱਲ ਨਹੀਂ ਕੀਤਾ ਜਾ ਸਕਦਾ। ਮੋਦੀ ਨੇ ਇਹ ਟਿੱਪਣੀਆਂ ਫਿਨਲੈਂਡ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਸਟੱਬ ਨਾਲ ਵਿਆਪਕ ਗੱਲਬਾਤ ਕਰਨ ਤੋਂ ਬਾਅਦ ਕੀਤੀਆਂ।
ਉਨ੍ਹਾਂ ਆਪਣੇ ਮੀਡੀਆ ਬਿਆਨ ਵਿੱਚ ਕਿਹਾ, “ਭਾਰਤ ਅਤੇ ਫਿਨਲੈਂਡ ਦੋਵੇਂ ਕਾਨੂੰਨ ਦੇ ਰਾਜ, ਸੰਵਾਦ ਅਤੇ ਕੂਟਨੀਤੀ ਵਿੱਚ ਵਿਸ਼ਵਾਸ ਰੱਖਦੇ ਹਨ। ਅਸੀਂ ਇਸ ਗੱਲ ‘ਤੇ ਸਹਿਮਤ ਹਾਂ ਕਿ ਕੋਈ ਵੀ ਮਸਲਾ ਇਕੱਲੇ ਫੌਜੀ ਟਕਰਾਅ ਰਾਹੀਂ ਹੱਲ ਨਹੀਂ ਕੀਤਾ ਜਾ ਸਕਦਾ। ਚਾਹੇ ਯੂਕਰੇਨ ਹੋਵੇ ਜਾਂ ਪੱਛਮੀ ਏਸ਼ੀਆ, ਅਸੀਂ ਸੰਘਰਸ਼ਾਂ ਦੇ ਜਲਦੀ ਅੰਤ ਅਤੇ ਸ਼ਾਂਤੀ ਵੱਲ ਹਰ ਯਤਨ ਦਾ ਸਮਰਥਨ ਕਰਨਾ ਜਾਰੀ ਰੱਖਾਂਗੇ।”
ਗੱਲਬਾਤ ਦੌਰਾਨ, ਦੋਵਾਂ ਪੱਖਾਂ ਨੇ ਡਿਜੀਟਲਾਈਜ਼ੇਸ਼ਨ ਅਤੇ ਸਥਿਰਤਾ (sustainability) ਵਿੱਚ ਭਾਰਤ-ਫਿਨਲੈਂਡ ਸਬੰਧਾਂ ਨੂੰ ਇੱਕ ਰਣਨੀਤਕ ਸਾਂਝੇਦਾਰੀ ਵਜੋਂ ਸਵੀਕਾਰ ਕਰਨ ‘ਤੇ ਵੀ ਸਹਿਮਤੀ ਜਤਾਈ।
ਪ੍ਰਧਾਨ ਮੰਤਰੀ ਨੇ ਕਿਹਾ, “AI ਤੋਂ ਲੈ ਕੇ 6G ਟੈਲੀਕਾਮ ਤੱਕ, ਸਵੱਛ ਊਰਜਾ ਤੋਂ ਲੈ ਕੇ ਕੁਆਂਟਮ ਕੰਪਿਊਟਿੰਗ ਤੱਕ, ਇਹ ਸਾਂਝੇਦਾਰੀ ਕਈ ਉੱਚ-ਤਕਨੀਕੀ ਖੇਤਰਾਂ ਵਿੱਚ ਸਾਡੇ ਸਹਿਯੋਗ ਨੂੰ ਗਤੀ ਅਤੇ ਊਰਜਾ ਦੇਵੇਗੀ।” ਮੋਦੀ ਨੇ ਇਹ ਵੀ ਕਿਹਾ ਕਿ ਭਾਰਤ-ਈਯੂ (India-EU) ਮੁਕਤ ਵਪਾਰ ਸਮਝੌਤਾ ਭਾਰਤ ਅਤੇ ਫਿਨਲੈਂਡ ਵਿਚਕਾਰ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਅਨੁਸਾਰ ਇਹ ਸਮਝੌਤਾ ਵਪਾਰ, ਨਿਵੇਸ਼ ਅਤੇ ਤਕਨਾਲੋਜੀ ਸਹਿਯੋਗ ਨੂੰ ਹੁਲਾਰਾ ਦੇਵੇਗਾ।
ਫਿਨਲੈਂਡ ਦੇ ਰਾਸ਼ਟਰਪਤੀ ਸਟੱਬ ਨੇ ਵਪਾਰ, ਨਿਵੇਸ਼ ਅਤੇ ਮਹੱਤਵਪੂਰਨ ਤਕਨਾਲੋਜੀ ਸਮੇਤ ਕਈ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਵਧਾਉਣ ਦੇ ਉਦੇਸ਼ ਨਾਲ ਬੁੱਧਵਾਰ ਨੂੰ ਭਾਰਤ ਦਾ ਚਾਰ ਦਿਨਾਂ ਦੌਰਾ ਸ਼ੁਰੂ ਕੀਤਾ।
ਪੰਜਾਬੀ ਟ੍ਰਿਬਯੂਨ