03 ਮਈ, 2025 – ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਆਟੋਮੈਟਿਕ ਪਾਵਰ ਸਵਿੱਚ-ਓਵਰ ਦੀ ਅਣਹੋਂਦ ਨੂੰ ਹੈਰਾਨ ਕਰਨ ਵਾਲਾ ਕਰਾਰ ਦੇਣ ਦੇ ਤਿੰਨ ਮਹੀਨਿਆਂ ਤੋਂ ਵੀ ਘੱਟ ਸਮੇਂ ਬਾਅਦ, ਇਕ ਡਿਵੀਜ਼ਨ ਬੈਂਚ ਨੇ ਇਸ ਦੇ (ਆਟੋਮੈਟਿਕ ਸਵਿੱਚ-ਓਵਰ) ਲਗਾਉਣ ਬਾਰੇ ਹਲਫ਼ਨਾਮਾ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੁਮੀਤ ਗੋਇਲ ਦੇ ਬੈਂਚ ਨੇ ਮਾਮਲੇ ਨੂੰ 19 ਮਈ ਨੂੰ ਅਗਲੀ ਸੁਣਵਾਈ ਲਈ ਨਿਰਧਾਰਤ ਕਰਨ ਤੋਂ ਪਹਿਲਾਂ ਜ਼ੋਰ ਦੇ ਕੇ ਕਿਹਾ ਪੀਐੱਸਪੀਸੀਐੱਲ ਦੇ ਪ੍ਰਬੰਧ ਨਿਰਦੇਸ਼ਕ ਅਤੇ ਪੰਜਾਬ ਰਾਜ ਦੇ ਮੁੱਖ ਸਕੱਤਰ ਵੱਲੋਂ ਮੌਜੂਦਾ ਅਰਜ਼ੀ ਦੇ ਜਵਾਬ ਵਿਚ ਇੱਕ ਹਲਫ਼ਨਾਮਾ ਦਾਇਰ ਕੀਤਾ ਜਾਵੇ, ਖਾਸ ਕਰਕੇ ਇਸ ਨੁਕਤੇ ’ਤੇ ਕਿ ਕੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਆਟੋਮੈਟਿਕ ਸਵਿੱਚ-ਓਵਰ ਬੈਕਅੱਪ ਲਗਾਇਆ ਗਿਆ ਹੈ ਜਾਂ ਨਹੀਂ।
ਜੇਕਰ ਹਾਂ, ਤਾਂ ਕਿਵੇਂ ਅਤੇ ਜੇਕਰ ਨਹੀਂ, ਤਾਂ ਕਿਉਂ? ਪੰਜਾਬ ਦੇ ਮੁੱਖ ਸਕੱਤਰ ਕੇਏਪੀ ਸਿਨਹਾ ਨੇ ਪਿਛਲੀ ਸੁਣਵਾਈ ਦੀ ਤਰੀਕ ’ਤੇ ਬੈਂਚ ਨੂੰ ਦੱਸਿਆ ਸੀ ਕਿ ਸਾਰੇ ਸਰਕਾਰੀ ਹਸਪਤਾਲਾਂ ਵਿਚ ਸਿਸਟਮ ਲਗਾਉਣ ਲਈ ਜ਼ਰੂਰੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਇਕ ਹਲਫ਼ਨਾਮੇ ਵਿਚ ਕਿਹਾ, “ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਪੰਜਾਬ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਲੱਗੇ ਸਾਰੇ ਡੀਜੀ ਸੈੱਟਾਂ/ਪਾਵਰ ਬੈਕਅੱਪ ’ਤੇ ਆਟੋ-ਸਵਿੱਚਓਵਰ ਸਹੂਲਤ ਲਗਾਉਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਬਿਜਲੀ ਜਾਣ ਮੌਕੇ ਅਤੇ ਪਾਵਰ ਬੈਕਅੱਪ ਦੇ ਕਾਰਜਸ਼ੀਲ ਹੋਣ ਵਿਚਕਾਰਲੇ ਕੱਟ ਨੂੰ ਖਤਮ ਕੀਤਾ ਜਾ ਸਕੇ।”
ਜਨਹਿਤ ਪਟੀਸ਼ਨ ਤੋਂ ਬਾਅਦ ਮਾਮਲਾ ਹਾਈ ਕੋਰਟ ਦੇ ਧਿਆਨ ਵਿਚ ਆਇਆ
ਜ਼ਿਕਰਯੋਗ ਹੈ ਕਿ ਇਹ ਮਾਮਲਾ ਐਡਵੋਕੇਟ ਸੁਨੈਨਾ ਵੱਲੋਂ ਜਨਹਿੱਤ ਪਟੀਸ਼ਨ ਦਾਇਰ ਕਰਦਿਆਂ ਹਾਈ ਕੋਰਟ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਬੈਂਚ ਨੇ ਸੁਣਵਾਈ ਦੌਰਾਨ ਦੇਖਿਆ ਸੀ ਕਿ ਅਦਾਲਤ ਵਿਚ ਪੇਸ਼ ਕੀਤੀ ਗਈ ਇਕ ਰਿਪੋਰਟ ਨੇ ਪੁਸ਼ਟੀ ਕੀਤੀ ਹੈ ਕਿ ਰਜਿੰਦਰਾ ਹਸਪਤਾਲ ਵਿਚ 24 ਜਨਵਰੀ ਨੂੰ ਸਵੇਰੇ 11:44 ਵਜੇ ਬਿਜਲੀ ਬੰਦ ਹੋਈ ਸੀ ਅਤੇ 13 ਮਿੰਟਾਂ ਬਾਅਦ 11:57 ਵਜੇ ਹੀ ਬਹਾਲ ਕੀਤੀ ਗਈ ਸੀ। ਜਦੋਂ ਕਿ ਬੈਕਅੱਪ ਪਾਵਰ ਸਵੇਰੇ 11:46 ਵਜੇ ਕਾਰਜਸ਼ੀਲ ਹੋ ਗਈ ਕਿਉਂਕਿ ਇਸਨੂੰ ਹੱਥੀਂ ਚਾਲੂ ਕਰਨਾ ਪੈਂਦਾ ਸੀ।
ਬੈਂਚ ਨੇ ਰਿਪੋਰਟ ਵਿਚ ਇਹ ਵੀ ਸਪੱਸ਼ਟ ਕੀਤਾ ਸੀ ਕਿ ਨਿਯਮਤ ਬਿਜਲੀ ਸਪਲਾਈ ਤੋਂ ਡੀਜੀ-ਸੈੱਟ ਤੱਕ ਸਵਿੱਚ-ਓਵਰ ਕਰਨ ਲਈ ਆਟੋਮੈਟਿਕ ਸਿਸਟਮ ਉਪਲਬਧ ਨਹੀਂ ਸੀ। ਇਸ ਪ੍ਰਕਿਰਿਆ ਵਿਚ ਸਮਾਂ ਲੱਗਿਆ ਕਿਉਂਕਿ ਇਸ ਨੂੰ ਹੱਥੀਂ ਕਰਨ ਦੀ ਲੋੜ ਸੀ।
ਰਾਜਿੰਦਰਾ ਹਸਪਤਾਲ ਪ੍ਰਮੁੱਖ ਹਸਪਤਾਲਾਂ ਵਿਚੋਂ ਇਕ: ਹਾਈਕੋਰਟ
ਅਦਾਲਤ ਨੇ ਕਿਹਾ ਸੀ ਕਿ ਰਾਜਿੰਦਰਾ ਹਸਪਤਾਲ ਜ਼ਿਲ੍ਹੇ ਦੇ ਪ੍ਰਮੁੱਖ ਹਸਪਤਾਲਾਂ ਵਿੱਚੋਂ ਇੱਕ ਹੈ, ਜੋ ਨਾ ਸਿਰਫ਼ ਪਟਿਆਲਾ ਸਗੋਂ ਨਾਲ ਲੱਗਦੇ ਜ਼ਿਲ੍ਹਿਆਂ ਦੇ ਵੱਡੀ ਗਿਣਤੀ ਮਰੀਜ਼ਾਂ ਦੀ ਸੇਵਾ ਕਰਦਾ ਹੈ। ਬੈਂਚ ਨੇ ਜ਼ੋਰ ਦੇ ਕੇ ਕਿਹਾ ਸੀ ਕਿ ‘‘ਆਧੁਨਿਕ ਸਮੇਂ ਵਿੱਚ, ਇਹ ਬਹੁਤ ਮਹੱਤਵਪੂਰਨ ਹੈ ਕਿ ਹਸਪਤਾਲਾਂ ਨੂੰ ਆਮ ਬਿਜਲੀ ਸਪਲਾਈ ਲਾਈਨ ਤੋਂ ਡੀਜੀ-ਸੈੱਟ ਤੱਕ ਤੁਰੰਤ ਆਟੋਮੈਟਿਕ ਸਵਿੱਚ-ਓਵਰ ਕਰਨਾ ਚਾਹੀਦਾ ਹੈ।’’
ਪੰਜਾਬੀ ਟ੍ਰਿਬਯੂਨ
test