ਸੰਸਦ ’ਚ ਗੂੰਜਿਆ ਮਾਮਲਾ; ਸੀਚੇਵਾਲ ਵੱਲੋਂ ਕੈਂਸਰ ਪੀੜਤ ਔਰਤਾਂ ਦਾ ਇਲਾਜ਼ ਮੁਫ਼ਤ ਕਰਨ ਦੀ ਮੰਗ
16 ਫਰਵਰੀ, 2026 – ਜਲੰਧਰ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੈਂਸਰ ਕਾਰਨ ਔਰਤਾਂ ਦੀ ਮੌਤ ਦਾ ਮਾਮਲਾ ਸੰਸਦ ਵਿੱਚ ਚੁੱਕਿਆ। ਇਸ ਦੌਰਾਨ ਉਨ੍ਹਾਂ ਮੌਤਾਂ ਨੂੰ ਪੰਜਾਬ ਦੀ ਹੋਂਦ ਨਾਲ ਜੋੜ ਕੇ ਪੇਸ਼ ਕੀਤਾ। ਕੇਂਦਰੀ ਸਿਹਤ ਮੰਤਰੀ ਵੱਲੋਂ ਰਾਜ ਸਭਾ ਵਿੱਚ ਕੈਂਸਰ ਬਾਰੇ ਪੇਸ਼ ਕੀਤੇ ਤਾਜ਼ਾ ਅੰਕੜਿਆਂ ਦਾ ਹਵਾਲਾ ਦਿੰਦਿਆਂ ਸੰਤ ਸੀਚੇਵਾਲ ਨੇ ਸਦਨ ਨੂੰ ਦੱਸਿਆ ਕਿ ਸਾਲ 2025 ਦੌਰਾਨ ਪੰਜਾਬ ਵਿੱਚ ਲਗਪਗ 2700 ਔਰਤਾਂ ਦੀ ਮੌਤ ਦਾ ਕਾਰਨ ਕੈਂਸਰ ਦੱਸਿਆ ਗਿਆ ਹੈ। ਅੰਕੜੇ ਦੱਸਦੇ ਹਨ ਕਿ ਪੰਜਾਬ ਵਿੱਚ ਰੋਜ਼ਾਨਾ ਔਸਤਨ 8 ਔਰਤਾਂ ਕੈਂਸਰ ਨਾਲ ਜਾਨ ਗੁਆ ਰਹੀਆਂ ਹਨ। ਕੇਂਦਰੀ ਮੰਤਰੀ ਵੱਲੋਂ ਪੇਸ਼ ਰਿਪੋਰਟ ਮੁਤਾਬਕ ਸਾਲ 2021 ਤੋਂ ਲੈ ਕੇ ਸਾਲ 2025 ਤੱਕ ਕੁੱਲ 13,299 ਔਰਤਾਂ ਦੀ ਮੌਤ ਦਾ ਕਾਰਨ ਕੈਂਸਰ ਦੱਸਿਆ ਗਿਆ ਹੈ। ਇਨ੍ਹਾਂ ਅੰਕੜਿਆਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸਭ ਤੋਂ ਵੱਧ ਮੌਤਾਂ ਛਾਤੀ ਦੇ ਕੈਂਸਰ ਨਾਲ ਹੋਈਆਂ ਹਨ, ਜਿਨ੍ਹਾਂ ਦੀ ਗਿਣਤੀ 7,186 ਦੱਸੀ ਗਈ ਹੈ।
ਇਸ ਤੋਂ ਬਾਅਦ ਸਰਵਾਈਕਲ ਕੈਂਸਰ ਨਾਲ 3,502 ਅਤੇ ਬੱਚੇਦਾਨੀ ਦੇ ਕੈਂਸਰ ਨਾਲ 2,611 ਔਰਤਾਂ ਦੀ ਮੌਤ ਦਰਜ ਕੀਤੀ ਗਈ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਚਿੰਤਾ ਦੀ ਗੱਲ ਇਹ ਹੈ ਕਿ ਇਸ ਰਿਪੋਰਟ ਮੁਤਾਬਿਕ 50 ਤੋਂ 56 ਸਾਲ ਦੀ ਉਮਰ ਵਰਗ ਵਿੱਚ ਵੀ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਰਾਜ ਸਭਾ ਮੈਂਬਰ ਨੇ ਕੇਂਦਰ ਅਤੇ ਰਾਜ ਸਰਕਾਰ ਤੋਂ ਮੰਗ ਕੀਤੀ ਕਿ ਔਰਤਾਂ ਲਈ ਕੈਂਸਰ ਦਾ 100 ਫੀਸਦੀ ਮੁਫ਼ਤ ਇਲਾਜ ਯਕੀਨੀ ਬਣਾਇਆ ਜਾਵੇ। ਇਸ ਦੇ ਨਾਲ ਹੀ ਗਰੀਬ ਪਰਿਵਾਰਾਂ ਨੂੰ ਕੈਂਸਰ ਦੇ ਇਲਾਜ ਲਈ ਘੱਟੋ-ਘੱਟ 75 ਤੋਂ 80 ਫੀਸਦੀ ਤੱਕ ਸਬਸਿਡੀ ਦਿੱਤੀ ਜਾਵੇ।
ਪੰਜਾਬੀ ਟ੍ਰਿਬਯੂਨ