ਪ੍ਰਬੰਧਕਾਂ ’ਤੇ ਅਪਮਾਨਿਤ ਕਰਨ ਦੇ ਦੋਸ਼ ਲਾਏ
29 ਦਸੰਬਰ, 2025 – ਵਿਨੀਪੈਗ : ਕੈਨੇਡਾ ਦੇ ਇੱਕ ਗੁਰਦੁਆਰੇ ਤੋਂ ਇੱਕ ਪਾਠੀ ਸਿੰਘ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਕੀਰਤਨ ਦੌਰਾਨ ਸੰਗਤ ਦੇ ਸਨਮੁੱਖ ਆਪਣਾ ਦੁੱਖ ਬਿਆਨ ਕਰਦੇ ਹੋਏ ਪ੍ਰਬੰਧਕਾਂ ‘ਤੇ ਗੰਭੀਰ ਦੋਸ਼ ਲਗਾ ਰਹੇ ਹਨ। ਸਿੰਘ ਨੇ ਕਿਹਾ, “ਸਾਡੇ ਤੋਂ ਬੋਲਣ ਦੀ ਆਜ਼ਾਦੀ ਖੋਹ ਲਈ ਗਈ ਹੈ। ਸਾਨੂੰ ਦੱਸਿਆ ਜਾਂਦਾ ਹੈ ਕਿ ਕੀ ਕਹਿਣਾ ਹੈ, ਕਿਸ ਲਈ ਅਰਦਾਸ ਕਰਨੀ ਹੈ ਅਤੇ ਕਿਸ ਨੂੰ ਸਿਰੋਪਾ ਦੇਣਾ ਹੈ। ਕੀ ਇਹ ਲੋਕ ਹੁਣ ਸਾਨੂੰ ਸਾਡਾ ਕੰਮ ਸਿਖਾਉਣਗੇ?” ਉਨ੍ਹਾਂ ਕਿਹਾ ਕਿ ਉਹ ਹੁਣ ਭਾਰਤ ਵਾਪਸ ਜਾਵੇਗਾ। ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਕੈਨੇਡਾ ਦੇ ਤਾਅਨੇ ਮਾਰਨ ਵਾਲੇ ਸੱਭਿਆਚਾਰ ਵਿੱਚ ਹੋਰ ਨਹੀਂ ਰਹਿ ਸਕਦਾ।
ਵੀਡੀਓ ਵਿੱਚ ਪਾਠੀ ਸਿੰਘ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੂੰ ਮਹੀਨੇ ਦੇ ਸਿਰਫ਼ 800 ਡਾਲਰ ਦਿੱਤੇ ਜਾਂਦੇ ਹਨ। ਜੇਕਰ ਸੰਗਤ ਵਿੱਚੋਂ ਕੋਈ ਸ਼ਰਧਾ ਨਾਲ ਪੈਸੇ ਭੇਟ ਕਰਦਾ ਹੈ, ਤਾਂ ਪ੍ਰਬੰਧਕ ਇਹ ਕਹਿ ਕੇ ਤਾਅਨੇ ਮਾਰਦੇ ਹਨ ਕਿ ਤੁਸੀਂ ਤਾਂ ਸੌਂਦੇ ਹੋਏ ਵੀ ਬਹੁਤ ਪੈਸੇ ਕਮਾ ਰਹੇ ਹੋ। ਪਾਠੀ ਸਿੰਘ ਅਨੁਸਾਰ, ਗੁਰਦੁਆਰੇ ਵਿੱਚ ਸੇਵਕਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਲਈ ਬੱਚਿਆਂ ਵਾਂਗ ਝਿੜਕਿਆ ਜਾਂਦਾ ਹੈ ਅਤੇ ਹਰ ਵਕਤ ਅਪਮਾਨਿਤ ਕੀਤਾ ਜਾਂਦਾ ਹੈ। ਸਿੰਘ ਨੇ ਸੰਗਤ ਨੂੰ ਬੇਨਤੀ ਕੀਤੀ ਕਿ ਉਹ ਪਿਛਲੇ ਢਾਈ ਸਾਲਾਂ ਤੋਂ ਸੇਵਾ ਕਰ ਰਹੇ ਹਨ, ਪਰ ਹੁਣ ਇਸ ਐਤਵਾਰ ਤੋਂ ਬਾਅਦ ਉਹ ਹਮੇਸ਼ਾ ਲਈ ਛੁੱਟੀ ਲੈ ਕੇ ਆਪਣੇ ਪਰਿਵਾਰ ਕੋਲ ਭਾਰਤ ਵਾਪਸ ਚਲਾ ਜਾਵੇਗਾ।
ਸਿੰਘ ਨੇ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਅੱਜ-ਕੱਲ੍ਹ ਕਈ ਗੁਰੂਘਰ ਸਿਰਫ਼ ਦਿਖਾਵਾ ਬਣ ਗਏ ਹਨ ਅਤੇ ਸਿੱਖੀ ਨਾਲ ਪਿਆਰ ਦੀ ਬਜਾਏ ਚੌਧਰ (ਸਰਦਾਰੀ) ਦੀ ਭੁੱਖ ਵਧ ਗਈ ਹੈ। ਇਹ ਮੁੱਦਾ ਸਿਰਫ਼ ਵਿਦੇਸ਼ਾਂ ਤੱਕ ਸੀਮਤ ਨਹੀਂ ਹੈ।
ਪੰਜਾਬੀ ਟ੍ਰਿਬਯੂਨ