ਕੈਨੇਡਾ ਦੇ ਬਹੁਗਿਣਤੀ ਭਾਰਤੀ ਵੱਸੋਂ ਵਾਲੇ ਬਰੈਂਪਟਨ ਵਿੱਚ ਅਣਪਛਾਤਿਆਂ ਵੱਲੋਂ ਘਰ ਦੇ ਅੰਦਰ ਜਾ ਕੇ ਭਾਰਤੀ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਇੱਕ ਹੋਰ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਕੀਤਾ ਗਿਆ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
22 ਅਗਸਤ, 2025 – ਵੈਨਕੂਵਰ : ਕੈਨੇਡਾ ਦੇ ਬਹੁਗਿਣਤੀ ਭਾਰਤੀ ਵੱਸੋਂ ਵਾਲੇ ਬਰੈਂਪਟਨ ਵਿੱਚ ਅਣਪਛਾਤਿਆਂ ਵੱਲੋਂ ਘਰ ਦੇ ਅੰਦਰ ਜਾ ਕੇ ਭਾਰਤੀ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਇੱਕ ਹੋਰ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਕੀਤਾ ਗਿਆ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮ੍ਰਿਤਕ ਦੀ ਪਛਾਣ ਸੋਨੂੰ ਚੱਠਾ ਵਜੋਂ ਹੋਈ ਹੈ। ਜ਼ਖ਼ਮੀ ਵਿਅਕਤੀ ਵੀ ਭਾਰਤੀ ਹੈ ਪਰ ਉਸ ਦੇ ਨਾਮ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਪੀਲ ਪੁਲੀਸ ਦੇ ਤਰਜਮਾਨ ਸਾਰਾਹ ਪੈਟਨ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਕੈਸਲਮੋਰ ਸੜਕ ’ਤੇ ਹੰਬਰਵੈਸਟ ਪਾਰਕਵੇਅ ਕੋਲ ਇੱਕ ਘਰ ਵਿੱਚ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ। ਪੁਲੀਸ ਮੌਕੇ ’ਤੇ ਪਹੁੰਚੀ ਤਾਂ ਦੋ ਵਿਅਕਤੀ ਗੋਲੀਆਂ ਲੱਗਣ ਕਾਰਨ ਕਾਰਨ ਤੜਫ ਰਹੇ ਸਨ, ਜਿਨ੍ਹਾਂ ’ਚੋਂ ਇੱਕ ਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ।
ਦੂਜੇ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਮੁੱਢਲੇ ਸੰਕੇਤਾਂ ਅਨੁਸਾਰ ਗੋਲੀਬਾਰੀ ਮਿੱਥ ਕੇ ਕੀਤੀ ਗਈ ਹੈ ਜੋ ਦੋ ਗਰੁੱਪਾਂ ਦੀ ਆਪਸੀ ਰੰਜਿਸ਼ ਜਾਪਦੀ ਹੈ। ਵਾਰਦਾਤ ਮਗਰੋਂ ਅਣਪਛਾਤਿਆਂ ਦੇ ਕਾਰ ਵਿੱਚ ਫ਼ਰਾਰ ਹੋਣ ਦੇ ਸੰਕੇਤ ਹਨ।
ਪੁਲੀਸ ਨੇ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕੈਮਰੇ ਘੋਖਣ ਤੇ ਘਟਨਾ ਨਾਲ ਸਬੰਧਤ ਫੁਟੇਜ ਪੁਲੀਸ ਨੂੰ ਦਿੱਤੀ ਜਾਏ ਤਾਂ ਜੋ ਮੁਲਜ਼ਮਾਂ ਦੀ ਪੈੜ ਨੱਪੀ ਜਾ ਸਕੇ। ਘਟਨਾ ਤੋਂ ਕੁਝ ਘੰਟੇ ਬਾਅਦ ਹੀ ਇਸ ਕਤਲ ਦੀ ਜ਼ਿੰਮੇਵਾਰੀ ਬਿਸ਼ਨੋਈ ਗਰੁੱਪ ਵੱਲੋਂ ਲਏ ਜਾਣ ਦੀ ਗੱਲ ਚੱਲਦੀ ਰਹੀ ਪਰ ਖ਼ਬਰ ਲਿਖੇ ਜਾਣ ਤੱਕ ਇਸ ਦੀ ਪੁਸ਼ਟੀ ਨਹੀਂ ਹੋ ਸਕੀ।
ਪੰਜਾਬੀ ਟ੍ਰਿਬਯੂਨ