ਲਾਰੈਂਸ ਬਿਸ਼ਨੋਈ ਗੈਂਗ ਨੇ ਕੈਨੇਡਾ ਵਿੱਚ ਇੱਕ ਕਬੱਡੀ ਲੀਗ ਪ੍ਰਮੋਟਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਜਿਸ ਦੀ ਪੁਸ਼ਟੀ ਗੋਲਡੀ ਢਿੱਲੋਂ ਨਾਲ ਸਬੰਧਤ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਕੀਤੀ ਗਈ ਹੈ।
09 ਜਨਵਰੀ, 2026 – ਨਵੀਂ ਦਿੱਲੀ : ਲਾਰੈਂਸ ਬਿਸ਼ਨੋਈ ਗੈਂਗ ਨੇ ਕੈਨੇਡਾ ਵਿੱਚ ਇੱਕ ਕਬੱਡੀ ਲੀਗ ਪ੍ਰਮੋਟਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਜਿਸ ਦੀ ਪੁਸ਼ਟੀ ਗੋਲਡੀ ਢਿੱਲੋਂ ਨਾਲ ਸਬੰਧਤ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਕੀਤੀ ਗਈ ਹੈ। ਢਿੱਲੋਂ ਨੇ ਪੋਸਟ ਵਿੱਚ ਦੱਸਿਆ ਕਿ ਇਹ ਹਮਲਾ ਕੈਨੇਡਾ ਦੇ ਡੈਲਟਾ, ਸਰੀ ਵਿੱਚ ਕਬੱਡੀ ਟੀਮ ਦੇ ਪ੍ਰਮੋਟਰ ਦਵਿੰਦਰ ਮਾਨ ਦੇ ਨਿਵਾਸ ਸਥਾਨ ‘ਤੇ ਕੀਤਾ ਗਿਆ ਸੀ।
ਇਸ ਦੌਰਾਨ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਇੱਕ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਬੱਡੀ ਖਿਡਾਰੀ ਦੇ ਕਤਲ ਵਿੱਚ ਸ਼ਾਮਲ ਸੀ, ਜਿਸ ਦਾ ਮਕਸਦ ਕਥਿਤ ਤੌਰ ‘ਤੇ ਜਬਰੀ ਵਸੂਲੀ ਲਈ ਦਬਾਅ ਬਣਾਉਣਾ ਸੀ। ਪੁਲੀਸ ਅਧਿਕਾਰੀਆਂ ਅਨੁਸਾਰ ਇਹ ਘਟਨਾਵਾਂ ਖੇਡ ਅਤੇ ਕਾਰੋਬਾਰੀ ਜਗਤ ਨਾਲ ਜੁੜੇ ਲੋਕਾਂ ਨੂੰ ਡਰਾਉਣ-ਧਮਕਾਉਣ ਦੇ ਇੱਕ ਵੱਡੇ ਨੈੱਟਵਰਕ ਦਾ ਹਿੱਸਾ ਹਨ। ਇਸ ਤੋਂ ਇਲਾਵਾ ਕੇਂਦਰੀ ਜਾਂਚ ਬਿਊਰੋ (CBI) ਨੇ ਵਿਦੇਸ਼ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਦੇ ਸਹਿਯੋਗ ਨਾਲ ਇੰਟਰਪੋਲ ਰਾਹੀਂ ਲਾਰੈਂਸ ਬਿਸ਼ਨੋਈ ਗੈਂਗ ਦੇ ਮੁੱਖ ਮੈਂਬਰ ਅਤੇ ਭਗੌੜੇ ਅਪਰਾਧੀ ਅਮਨ ਉਰਫ ਅਮਨ ਭੈਸਵਾਲ ਨੂੰ ਅਮਰੀਕਾ ਤੋਂ ਭਾਰਤ ਵਾਪਸ ਲਿਆਉਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਹਰਿਆਣਾ ਪੁਲੀਸ ਨੂੰ ਕਈ ਗੰਭੀਰ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਇਹ ਮੁਲਜ਼ਮ 7 ਜਨਵਰੀ ਨੂੰ ਭਾਰਤ ਪਹੁੰਚਿਆ, ਜਿੱਥੇ ਦਿੱਲੀ ਹਵਾਈ ਅੱਡੇ ‘ਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਸੀ ਬੀ ਆਈ ਅਨੁਸਾਰ ਅਮਨ ਕਤਲ, ਦੰਗੇ ਅਤੇ ਅਪਰਾਧਿਕ ਸਾਜ਼ਿਸ਼ ਸਮੇਤ ਕਈ ਗੰਭੀਰ ਅਪਰਾਧਿਕ ਮਾਮਲਿਆਂ ਵਿੱਚ ਹਰਿਆਣਾ ਪੁਲੀਸ ਨੂੰ ਲੋੜੀਂਦਾ ਹੈ। ਉਸ ਨੂੰ ਇੱਕ ਬਦਨਾਮ ਅਪਰਾਧੀ ਅਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਸੰਗਠਿਤ ਅਪਰਾਧ ਸਿੰਡੀਕੇਟ ਦੇ ਇੱਕ ਮੁੱਖ ਮੈਂਬਰ ਵਜੋਂ ਦੱਸਿਆ ਗਿਆ ਹੈ।
ਪੰਜਾਬੀ ਟ੍ਰਿਬਯੂਨ