ਕੌਮੀ ਸਕੂਲ ਖੇਡਾਂ ਦੇ ਅੱਜ ਤੀਜੇ ਦਿਨ ਜੂਡੋ ਅਤੇ ਗਤਕੇ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਸੋਨੇ ਦੇ ਤਗਮੇ ਜਿੱਤ ਕੇ ਸੂਬੇ ਦਾ ਨਾਮ ਹੋਰ ਉੱਚਾ ਕੀਤਾ ਹੈ।
09 ਜਨਵਰੀ, 2026 – ਲੁਧਿਆਣਾ : ਕੌਮੀ ਸਕੂਲ ਖੇਡਾਂ ਦੇ ਅੱਜ ਤੀਜੇ ਦਿਨ ਜੂਡੋ ਅਤੇ ਗਤਕੇ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਸੋਨੇ ਦੇ ਤਗਮੇ ਜਿੱਤ ਕੇ ਸੂਬੇ ਦਾ ਨਾਮ ਹੋਰ ਉੱਚਾ ਕੀਤਾ ਹੈ।
ਜੂਡੋ ਲੜਕੇ (ਅੰਡਰ-14) ਦੇ 40 ਕਿਲੋ ਭਾਰ ਵਰਗ ’ਚ ਪੰਜਾਬ ਦੇ ਯੁਵਰਾਜ ਠਾਕੁਰ ਅਤੇ ਰਾਜਸਥਾਨ ਦੇ ਧਰਮੇਸ਼ ਅਚਾਰੀਆ, 45 ਕਿਲੋ ਭਾਰ ਵਰਗ ’ਚ ਗੁਜਰਾਤ ਦੇ ਰੁਸਨ ਮਲਿਕ ਮੁਹੰਮਦ ਅਤੇ ਪੰਜਾਬ ਦੇ ਲਵਿਸ਼ ਥਾਪਾ, 35 ਕਿਲੋ ਤੋਂ ਘੱਟ ਭਾਰ ਵਰਗ ’ਚ ਪੰਜਾਬ ਦੇ ਮੋਹਿਤ ਕੁਮਾਰ ਅਤੇ ਸੀ ਬੀ ਐੱਸ ਈ ਦੇ ਵੇਦੰਤਗਾ, 30 ਕਿਲੋ ਭਾਰ ਵਰਗ ’ਚ ਪੰਜਾਬ ਦੇ ਸ਼ਿਵਮ ਸ਼ਰਮਾ ਅਤੇ ਦਿੱਲੀ ਦੇ ਲੱਕੀ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ।
ਜੂਡੋ ਲੜਕੀਆਂ ਦੇ 27 ਕਿਲੋ ਭਾਰ ਵਰਗ ’ਚ ਪੰਜਾਬ ਦੀ ਮੁਸਕਾਨ ਅਤੇ ਹਰਿਆਣਾ ਦੀ ਪਰੀ, ਲੜਕੀਆਂ ਦੇ 32 ਕਿਲੋ ਭਾਰ ਵਰਗ ’ਚ ਕੇ ਵੀ ਐੱਸ ਦੀ ਦੀਪਾਂਸ਼ੀ ਖੋਇਵਾਲ ਅਤੇ ਦਿੱਲੀ ਦੀ ਭਾਗਿਆ ਬੰਗਾਰੀ, 44 ਕਿਲੋ ਭਾਰ ਵਰਗ ’ਚ ਹਰਿਆਣਾ ਦੀ ਰੀਆ ਅਤੇ ਪੰਜਾਬ ਦੀ ਮਨਪ੍ਰੀਤ ਕੌਰ, 44 ਕਿਲੋ ’ਚ ਪੰਜਾਬ ਦੀ ਸੀਰਤ ਲੂਨਾ ਅਤੇ ਦਿੱਲੀ ਦੀ ਦੀਪਿਕਾ ਗੁਰਜਾਰ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ। ਗਤਕਾ ਲੜਕੀਆਂ (ਅੰਡਰ-19) ਸਿੰਗਲ ਸੋਟੀ ਵਿੱਚ ਪੰਜਾਬ ਦੀ ਟੀਮ ਨੇ ਸੋਨ, ਛੱਤੀਸਗੜ੍ਹ ਨੇ ਚਾਂਦੀ ਜਦਕਿ ਚੰਡੀਗੜ੍ਹ ਤੇ ਦਿੱਲੀ ਨੇ ਸਾਂਝੇ ਤੌਰ ’ਤੇ ਕਾਂਸੇ ਦਾ ਤਗਮਾ ਜਿੱਤਿਆ। ਗਤਕਾ ਲੜਕੀਆਂ (ਅੰਡਰ-19) ਫਰੀ ਸੋਟੀ ਦੇ ਮੁਕਾਬਲਿਆਂ ਵਿੱਚੋਂ ਵੀ ਪੰਜਾਬ ਨੇ ਸੋਨ, ਚੰਡੀਗੜ੍ਹ ਨੇ ਚਾਂਦੀ, ਝਾਰਖੰਡ ਤੇ ਮੱਧ ਪ੍ਰਦੇਸ਼ ਨੇ ਸਾਂਝੇ ਤੌਰ ’ਤੇ ਕਾਂਸੇ ਦਾ ਤਗਮਾ ਜਿੱਤਿਆ।
ਪੰਜਾਬੀ ਟ੍ਰਿਬਯੂਨ
ਅਥਲੈਟਿਕ ਚੈਂਪੀਅਨਸ਼ਿਪ: ਭਾਰਤੀ ਟੀਮ ਦੀ ਅਗਵਾਈ ਕਰੇਗਾ ਤੂਰ
ਨੌਜਵਾਨ ਖਿਡਾਰੀ ਸਮਰਦੀਪ ਸਿੰਘ ਗਿੱਲ ਵੀ ਟੀਮ ’ਚ ਸ਼ਾਮਲ
09 ਜਨਵਰੀ, 2026 – ਨਵੀਂ ਦਿੱਲੀ : ਏਸ਼ਿਆਈ ਖੇਡਾਂ ’ਚ ਦੋ ਵਾਰ ਸੋਨ ਤਗ਼ਮਾ ਜਿੱਤ ਚੁੱਕਾ ਸ਼ਾਟ ਪੁੱਟਰ ਤਜਿੰਦਰਪਾਲ ਸਿੰਘ ਤੂਰ 6 ਤੋਂ 8 ਫਰਵਰੀ ਤੱਕ ਚੀਨ ਦੇ ਤਿਆਨਜਿਨ ’ਚ ਹੋਣ ਵਾਲੀ 12ਵੀਂ ਏਸ਼ਿਆਈ ਇਨਡੋਰ ਅਥਲੈਟਿਕ ਚੈਂਪੀਅਨਸ਼ਿਪ ’ਚ 18 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰੇਗਾ। ਇਸ ਚੈਂਪੀਅਨਸ਼ਿਪ ਲਈ ਟੀਮ ਤਿੰਨ ਫਰਵਰੀ ਨੂੰ ਰਵਾਨਾ ਹੋਵੇਗੀ।
ਟੀਮ ’ਚ ਤੂਰ ਤੋਂ ਇਲਾਵਾ ਨੌਜਵਾਨ ਸ਼ਾਟ ਪੁੱਟਰ ਸਮਰਦੀਪ ਸਿੰਘ ਗਿੱਲ ਵੀ ਸ਼ਾਮਲ ਹੈ। ਤੂਰ ਤਿਆਨਜਿਨ ’ਚ ਸੋਨ ਤਗ਼ਮਾ ਜਿੱਤਣ ਦੇ ਮਜ਼ਬੂਤ ਦਾਅਵੇਦਾਰਾਂ ’ਚੋਂ ਇੱਕ ਹੈ, ਕਿਉਂਕਿ ਉਸ ਨੇ ਪਿਛਲੇ ਕਈ ਸਾਲਾਂ ਤੋਂ ਏਸ਼ਿਆਈ ਇਨਡੋਰ ਚੈਂਪੀਅਨਸ਼ਿਪ ’ਚ ਆਪਣੇ ਵਰਗ ਵਿੱਚ ਦਬਦਬਾ ਬਣਾਇਆ ਹੋਇਆ ਹੈ। ਤੂਰ ਨੇ 2024 ’ਚ ਤਹਿਰਾਨ ’ਚ ਕਰਵਾਈ ਗਈ 11ਵੀਂ ਏਸ਼ਿਆਈ ਇਨਡੋਰ ਚੈਂਪੀਅਨਸ਼ਿਪ ’ਚ 19.72 ਮੀਟਰ ਗੋਲਾ ਸੁੱਟ ਕੇ ਸੋਨੇ ਦਾ ਤਗ਼ਮਾ ਜਿੱਤਿਆ ਸੀ। ਪੰਜਾਬ ਦੇ 31 ਸਾਲਾ ਖਿਡਾਰੀ ਨੇ ਅਸਤਾਨਾ ’ਚ 2023 ’ਚ ਵੀ ਸਿਖਰਲਾ ਸਥਾਨ ਹਾਸਲ ਕੀਤਾ ਸੀ। ਉਸੇ ਸਾਲ ਉਸ ਨੇ ਭੁਵਨੇਸ਼ਵਰ ’ਚ 21.77 ਮੀਟਰ ਦਾ ਕੌਮੀ ਰਿਕਾਰਡ ਬਣਾਇਆ ਸੀ।
ਪੰਜਾਬੀ ਟ੍ਰਿਬਯੂਨ
https://www.punjabitribuneonline.com/news/sports/athletics-championship-tur-to-lead-indian-team/