11 ਜੁਲਾਈ, 2025 – ਤਲਵੰਡੀ ਸਾਬੋ : ਸਪੇਨ ਦੇ ਮੈਡਰਿਡ ਸ਼ਹਿਰ ਵਿਖੇ ਹੋਈ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਤੀਰਅੰਦਾਜ਼ ਰਿਸ਼ਭ ਯਾਦਵ ਤੇ ਆਂਧਰਾ ਪ੍ਰਦੇਸ਼ ਦੀ ਖਿਡਾਰਨ ਜਯੋਤੀ ਸੁਰੇਖਾ ਵੇਨੰਮ ਨੇ ਕੰਪਾਉਂਡ ਮਿਕਸਡ ਟੀਮ ਵਿੱਚ 1431 ਅੰਕ ਹਾਸਲ ਕਰਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ।
ਇਸ ਸ਼ਾਨਾਮੱਤੀ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਯੂਨੀਵਰਸਿਟੀ ਦੇ ਕੁਲਪਤੀ ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਖਿਡਾਰੀਆਂ ਦੇ ਖੇਡ ਪੱਧਰ ਨੂੰ ਚੁੱਕਣ ਲਈ ਯੂਨੀਵਰਸਿਟੀ ਜਲਦ ਹੀ ਅੰਤਰ ਰਾਸ਼ਟਰੀ ਪੱਧਰ ਦਾ ਇਨਡੋਰ ਖੇਡ ਹਾਲ ਬਣਾਉਣ ਜਾ ਰਹੀ ਹੈ।
ਉਪ ਕੁਲਪਤੀ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਨੇ ਇਸ ਮੌਕੇ ਖਿਡਾਰੀਆਂ ਨੂੰ ਵਧਾਈ ਦਿੱਤੀ। ਡਾ.ਰਾਜ ਕੁਮਾਰ ਸ਼ਰਮਾ ਡਾਇਰੈਕਟਰ ਸਪੋਰਟਸ ਨੇ ਦੱਸਿਆ ਕਿ ਰਿਸ਼ਭ ਅਤੇ ਸੁਰੇਖਾ ਨੇ 1431 ਅੰਕਾਂ ਦੇ ਨਾਲ ਡੈਨਮਾਰਕ ਦੇ ਤਾਂਜਾ ਗਲੈਨਥੀਅਨ ਅਤੇ ਮੈਥਿਅਸ ਫੁਲਟਰੋਨ ਦੇ 2023 ਵਿੱਚ 1429 ਅੰਕਾਂ ਦੇ ਰਿਕਾਰਡ ਨੂੰ ਤੋੜਿਆ ਹੈ ਜੋ ਉਨ੍ਹਾਂ ਵੱਲੋਂ ਯੂਰਪੀਨ ਖੇਡਾਂ ਵਿੱਚ ਬਣਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਰਿਸ਼ਭ ਯਾਦਵ ਨੇ ਪੁਰਸ਼ਾਂ ਦੇ ਕੁਆਲੀਫਾਇੰਗ ਮੁਕਾਬਲੇ ਵਿੱਚ 716 ਅੰਕ ਹਾਸਿਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਪੰਜਾਬੀ ਟ੍ਰਿਬਯੂਨ