07 ਜੁਲਾਈ, 2025 – ਸ੍ਰੀ ਗੋਇੰਦਵਾਲ ਸਾਹਿਬ : ਪੰਜਾਬ ਲਘੂ ਉਦਯੋਗ ਨਿਰਯਾਤ ਵਿਭਾਗ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਇਤਿਹਾਸਕ ਨਗਰ ਗੋਇੰਦਵਾਲ ਸਾਹਿਬ ਦਾ ਬੱਸ ਅੱਡਾ ਸੰਭਾਲ ਨਾ ਹੋਣ ਕਾਰਨ ਖੰਡਰ ਵਿੱਚ ਤਬਦੀਲ ਹੁੰਦਾ ਦਿਖਾਈ ਦੇ ਰਿਹਾ ਹੈ। ਬੱਸ ਅੱਡੇ ’ਤੇ ਰੋਜ਼ਾਨਾ ਸੈਂਕੜੇ ਲੋਕਾਂ ਦੀ ਆਮਦ ਤੋਂ ਇਲਾਵਾ ਗੁਰਦੁਆਰਾ ਬਾਉਲੀ ਸਾਹਿਬ ਦੇ ਦਰਸ਼ਨ ਕਰਨ ਵਾਲਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਜ਼ਿਕਰਯੋਗ ਹੈ ਕਿ ਸਬੰਧਤ ਵਿਭਾਗ ਵੱਲੋਂ ਹਰ ਸਾਲ ਬੱਸ ਅੱਡਾ ਠੇਕੇ ਉੱਪਰ ਦਿੱਤਾ ਜਾਂਦਾ ਸੀ ਪਰ ਇਹ ਪ੍ਰਕਿਰਿਆ ਕਈ ਸਾਲਾਂ ਤੋ ਬੰਦ ਹੋ ਚੁੱਕੀ ਹੈ। ਇਸ ਕਾਰਨ ਬੱਸ ਅੱਡੇ ਦੀ ਸੰਭਾਲ ਨਾ ਹੋਣ ਕਾਰਨ ਇਹ ਖ਼ਰਾਬ ਹੁੰਦਾ ਜਾ ਰਿਹਾ ਹੈ। ਬੱਸ ਅੱਡੇ ਦੀ ਬਾਹਰੀ ਕੰਧ ਕਈ ਜਗ੍ਹਾ ਤੋਂ ਡਿੱਗ ਚੁੱਕੀ ਹੈ। ਬੱਸ ਅੱਡੇ ਅੰਦਰ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ। ਇਸ ਦੇ ਨਾਲ ਹੀ ਬੱਸ ਅੱਡੇ ਦੇ ਪਖਾਨਿਆਂ ਦੀ ਹਾਲਤ ਖ਼ਰਾਬ ਹੋਣ ਤੋਂ ਇਲਾਵਾ ਇੱਥੇ ਬੱਸ ਦੀ ਉਡੀਕ ਕਰਨ ਵਾਲੇ ਯਾਤਰੀਆਂ ਨੂੰ ਗਰਮੀ ਵਿੱਚ ਬੱਸ ਦੀ ਬੈਠਣਾ ਪੈਂਦਾ ਹੈ।
ਰਸ਼ਪਾਲ ਸਿੰਘ, ਨਿਸ਼ਾਨ ਸਿੰਘ, ਅਜੀਤ ਸਿੰਘ ਤੇ ਰਣਜੀਤ ਕੌਰ ਨੇ ਦੱਸਿਆ ਕਿ ਬੱਸ ਅੱਡਾ ਪਸ਼ੂਆਂ ਦੀ ਚਾਰਗਾਹ ਬਣ ਕੇ ਰਹਿ ਗਿਆ ਹੈ। ਪਿੰਡ ਦੇ ਸਰਪੰਚ ਨਿਰਮਲ ਸਿੰਘ ਢੋਟੀ ਨੇ ਆਖਿਆ ਕਿ ਮੀਂਹ ਦੇ ਮੌਸਮ ਵਿੱਚ ਬੱਸ ਅੱਡਾ ਛੱਪੜ ਬਣ ਜਾਂਦਾ ਹੈ। ਇਸ ਦੇ ਚੱਲਦਿਆਂ ਬੱਸ ਅੱਡੇ ਆਉਣ ਜਾਣ ਵਾਲੇ ਸ਼ਰਧਾਲੂਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਆਖਿਆ ਕਿ ਜੇ ਵਿਭਾਗ ਬੱਸ ਅੱਡੇ ਦੀ ਸੰਭਾਲ ਨਹੀਂ ਕਰ ਸਕਦਾ ਤਾਂ ਪੰਚਾਇਤ ਜ਼ਿੰਮੇਵਾਰੀ ਲੈਣ ਲਈ ਤਿਆਰ ਹੈ।
ਜਲਦ ਹੀ ਪੰਚਾਇਤ ਦੇ ਸਪੁਰਦ ਕੀਤਾ ਜਾਵੇਗਾ ਬੱਸ ਅੱਡਾ
ਐਕਸੀਅਨ ਕੰਵਲਜੀਤ ਸਿੰਘ ਨੇ ਆਖਿਆ ਕਿ ਬੱਸ ਅੱਡੇ ਨੂੰ ਸਥਾਨਕ ਪੰਚਾਇਤ ਦੇ ਹਵਾਲੇ ਕਰਨ ਦੀ ਤਿਆਰੀ ਚੱਲ ਰਹੀ ਹੈ। ਇਸ ਲਈ ਵਿਭਾਗੀ ਚਾਰਾਜੋਈ ਸ਼ੁਰੂ ਕਰ ਦਿੱਤੀ ਗਈ ਹੈ। ਬੱਸ ਅੱਡੇ ਹਾਲਤ ’ਚ ਸੁਧਾਰ ਬਾਰੇ ਐਕਸੀਅਨ ਕੰਵਲਜੀਤ ਸਿੰਘ ਨੇ ਪੱਲਾ ਝਾੜਦਿਆਂ ਆਖਿਆ ਕਿ ਠੇਕੇਦਾਰਾਂ ਵੱਲੋਂ ਬੱਸ ਸਟੈਂਡ ਦੇ ਬੋਲੀ ਦੀ ਰਕਮ ਨਾ ਦੇਣ ਕਾਰਨ ਬੱਸ ਸਟੈਂਡ ਦੀ ਸੰਭਾਲ ਨਹੀਂ ਹੋ ਸਕੀ।
ਪੰਜਾਬੀ ਟ੍ਰਿਬਯੂਨ
test