24 ਜੂਨ, 2025 – ਬੀਣੇਵਾਲ ਬੀਤ : ਸਰਕਾਰ ਅਤੇ ਜੰਗਲਾਤ ਵਿਭਾਗ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਜੰਗਲੀ ਇਲਾਕੇ ਵਿੱਚ ਬੂਟੇ ਲਗਾਉਂਦਾ ਹੈ, ਜਿਸ ’ਤੇ ਲੱਖਾਂ ਰੁਪਏ ਖਰਚ ਹੁੰਦੇ ਹਨ ਪਰ ਇਸ ਜੰਗਲਾਤ ਵਿਭਾਗ ਦੀ ਮੁਹਿੰਮ ਨੂੰ ਆਮ ਲੋਕ ਖੋਰਾ ਲਗਾਉਣ ’ਚ ਪਿੱਛੇ ਨਹੀਂ ਰਹਿ ਰਹੇ, ਜਿਸ ਦੀ ਮਿਸਾਲ ਨੈਨਵਾ ਤੋਂ ਪੋਜੇਵਾਲ ਨੂੰ ਜਾਂਦੀ ਸੜਕ ’ਤੇ ਦੇਖੀ ਜਾ ਸਕਦੀ ਹੈ ਜਿੱਥੇ ਕੂੜੇ ਦੇ ਵੱਡੇ-ਵੱਡੇ ਢੇਰ ਬਣਨੇ ਸ਼ੁਰੂ ਹੋ ਚੁੱਕੇ ਹਨ।
ਇਸ ਜੰਗਲੀ ਇਲਾਕੇ ’ਚ ਜਿੱਥੇ ਇਨ੍ਹਾਂ ਕੂੜੇ ਦੇ ਢੇਰਾਂ ਨਾਲ ਵਣ ਸੰਪਤੀ ਖ਼ਰਾਬ ਹੋ ਰਹੀ ਹੈ ਉੱਥੇ ਜੰਗਲ ’ਚ ਰਹਿਣ ਵਾਲੇ ਜੀਵ ਜੰਤੂਆਂ ਨੂੰ ਵੀ ਨੁਕਸਾਨ ਹੋ ਰਿਹਾ ਹੈ। ਪਿੰਡਾਂ ਦੇ ਲੋਕ ਘਰਾਂ ਦਾ ਕੂੜਾ ਕਰਕਟ ਤੇ ਮਕਾਨਾਂ ਦੀ ਭੰਨਤੋੜ ਕਰ ਕੇ ਕੀਤਾ ਗਿਆ ਮਲਬਾ, ਰਬੜ ਦੇ ਲਿਫਾਫੇ ਸਭ ਇਥੇ ਸੁੱਟ ਕੇ ਵਾਤਾਵਰਨ ਨੂੰ ਗੰਧਲਾ ਕਰ ਰਹੇ ਹਨ। ਅੱਜ ਕੱਲ ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਬਦਬੂ ਨਾਲ ਹੋਰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਜੰਗਲ ਵਿੱਚ ਵਣ ਸੰਪਤੀ ਨੂੰ ਬਚਾਉਣ ਲਈ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਇੱਥੇ ਲੋਕਾਂ ਨੂੰ ਕੂੜਾ ਸੁੱਟਣ ਤੋਂ ਰੋਕਿਆ ਜਾਵੇ।
ਇਸ ਬਾਰੇ ਵਾਤਾਵਰਨ ਪ੍ਰੇਮੀ ਸੋਨੂੰ ਧੀਮਾਨ ਨੇ ਕਿਹਾ ਕਿ ਉਹ ਤਾਂ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਅਪੀਲ ਕਰਦੇ ਹਨ ਪਰ ਜੰਗਲ ’ਚ ਲੱਗੇ ਹੋਏ ਬੂਟਿਆਂ ਨੂੰ ਕੂੜਾ ਕਰਕਟ ਸੁੱਟ ਕੇ ਬਰਬਾਦ ਕੀਤਾ ਜਾ ਰਿਹਾ ਹੈ, ਜਿਸ ਵੱਲ ਧਿਆਨ ਦੇਣ ਦੀ ਲੋੜ ਹੈ। ਇਸ ਬਾਰੇ ਨੈਨਵਾ ਦੇ ਸਰਪੰਚ ਨੇ ਕਿਹਾ ਕਿ ਅਗਾਂਹਵਧੂ ਅਤੇ ਵਾਤਾਵਰਨ ਲਈ ਚਿੰਤਤ ਨੈਨਵਾ ਦੇ ਨੌਜਵਾਨ ਸਰਪੰਚ ਬਲਜਿੰਦਰ ਸਿੰਘ ਅਟਵਾਲ ਨਾਲ ਇਸ ਵਿਸ਼ੇ ’ਤੇ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਜੰਗਲ ’ਚ ਕੂੜਾ ਸੁੱਟਣ ਤੋਂ ਰੋਕਣ ਲਈ ਉਨ੍ਹਾਂ ਅਨਾਊਂਸਮੈਂਟ ਵੀ ਕੀਤੀ ਸੀ ਤੇ ਹਰ ਪਿੰਡ ਵਾਸੀ ਨੂੰ ਅਪੀਲ ਕੀਤੀ ਸੀ ਕਿ ਜੰਗਲ ਵਿੱਚ ਕੂੜਾ ਸੁੱਟਣ ਦੀ ਬਜਾਏ ਕੂੜਾ ਘਰ ਵਿੱਚ ਸੁੱਟਿਆ ਜਾਵੇ, ਜੋ ਕਿ ਪਿੰਡ ਵਾਸਤੇ ਲੱਖਾਂ ਰੁਪਏ ਖਰਚ ਕਰ ਕੇ ਕੂੜਾਦਾਨ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਵੱਲੋਂ ਇਜਲਾਸ ਬੁਲਾ ਕੇ ਇਸ ਬਾਰੇ ਵਿਚਾਰ ਕੀਤੀ ਜਾਵੇਗੀ।
ਪੰਜਾਬੀ ਜਾਗਰਣ
test