ਮੋਬਾਈਲ ਫੋਨਾਂ ਤੋਂ ਖਹਿਡ਼ਾ ਛੁਡਾਉਣ ਦੀ ਅਨੋਖੀ ਪਹਿਲ; ਔਰਤਾਂ ਤੇ ਬੱਚਿਆਂ ਨੇ ਹਿੱਸਾ ਲਿਆ
01 ਦਸੰਬਰ, 2025 – ਮੋਗਾ : ਮੋਬਾਈਲ ਫ਼ੋਨਾਂ ਦੀ ਬੇਲੋੜੀ ਵਰਤੋਂ ਬਾਰੇ ਜਾਗਰੂਕ ਕਰਨ ਲਈ ਨਵੀਂ ਸੋਚ ਕਲੱਬ ਵੱਲੋਂ ਪਿੰਡ ਘੋਲੀਆ ਖੁਰਦ ਵਿੱਚ ਵਿਹਲੇ ਬਹਿਣ ਦੇ ਮੁਕਾਬਾਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਔਰਤਾਂ ਤੇ ਬੱਚਿਆਂ ਸਮੇਤ ਕਰੀਬ 55 ਵਿਅਕਤੀਆਂ ਨੇ ਹਿੱਸਾ ਲਿਆ। ਇਹ ਮੁਕਾਬਲਾ ਸਵੇਰੇ 11 ਵਜੇ ਸ਼ੁਰੂ ਹੋਇਆ ਅਤੇ 5 ਨੌਜਵਾਨ ਕਰੀਬ 4 ਘੰਟੇ ਬਾਅਦ ਹੀ ਮੁਕਾਬਲਾ ਛੱਡ ਗਏ।
ਪ੍ਰਬੰਧਕ ਬਿਕਰਮਜੀਤ ਸਿੰਘ ਜੱਜ ਤੇ ਕਮਲਪ੍ਰੀਤ ਸਿੰਘ ਰਾਜਾ ਨੇ ਦੱਸਿਆ ਕਿ ਇਹ ਮੁਕਾਬਲਾ ਖ਼ਤਮ ਹੋਣ ਦੀ ਕੋਈ ਸਮਾਂ ਸੀਮਾ ਨਹੀਂ ਹੈ ਅਤੇ ਦੇਰ ਰਾਤ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਮਕਸਦ ਲੋਕਾਂ ਨੂੰ ਮੋਬਾਈਲ ਫੋਨਾਂ ਤੋਂ ਦੂਰ ਕਰਨਾ, ਬੇਲੋੜੀ ਵਰਤੋਂ ਦੀ ਆਦਤ ਘਟਾਉਣਾ ਅਤੇ ਵਿਹਲੇ ਸਮੇਂ ਵਿੱਚ ਪੁਸਤਕਾਂ ਪੜ੍ਹਨ ਜਾਂ ਹੋਰ ਕੋਈ ਕੰਮ ਕਰਨ ਦੀ ਆਦਤ ਪਾਉਣਾ ਹੈ। ਪਿੰਡ ਵਿੱਚ ਇਸ ਮੁਕਾਬਲੇ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਵੀ ਲੋਕ ਇਸ ਨੂੰ ਦੇਖਣ ਲਈ ਪਹੁੰਚ ਰਹੇ ਹਨ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਦਾ ਮਕਸਦ ਲੋਕਾਂ ਨੂੰ ਮਨੋਰੰਜਨ ਦੇ ਨਾਲ- ਇੱਕ ਵੱਖਰਾ ਅਨੁਭਵ ਦੇਣਾ ਵੀ ਹੈ।
ਪੰਜਾਬ ਵਿਚ ਇਹ ਪਹਿਲਕਦਮੀ, ਪਹਿਲਾਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਗਹਿਲਾ ਵਿੱਚ ਕੀਤੀ ਗਈ ਸੀ ਜਿਸ ਵਿੱਚ ਕਾਫੀ ਲੋਕਾਂ ਨੇ ਹਿੱਸਾ ਲਿਆ ਸੀ ਅਤੇ ਇਹ ਮੁਕਾਬਲਾ 22 ਘੰਟੇ ਚੱਲਿਆ ਸੀ। 45 ਵਿੱਚੋਂ 6 ਮੈਂਬਰਾਂ ਨੇ ਇਨਾਮ ਜਿੱਤਿਆ ਸੀ। ਹੁਣ ਸੂਬੇ ਵਿਚ ਇਹ ਦੂਜਾ ਮੁਕਾਬਾਲਾ ਪਿੰਡ ਘੋਲੀਆ ਖੁਰਦ ਵਿੱਚ ਹੋਇਆ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲਿਆਂ ਲਈ ਸ਼ਰਤਾਂ ਤੇ ਨਿਯਮ ਤੈਅ ਕੀਤੇ ਗਏ ਸਨ। ਮੁਕਾਬਲੇ ਦੌਰਾਨ ਫੋਨ ਕੋਲ ਰੱਖਣ ਅਤੇ ਪਾਣੀ ਤੋਂ ਬਿਨਾਂ ਹੋਰ ਕੁਝ ਖਾਣ ਜਾਂ ਵਾਸ਼ਰੂਮ ਜਾਣ ਅਤੇ ਸੌਣ ਦੀ ਵੀ ਮਨਾਹੀ ਸੀ। ਪ੍ਰਬੰਧਕਾਂ ਵੱਲੋਂ ਹਿੱਸਾ ਲੈਣ ਵਾਲਿਆਂ ਨੂੰ ਕਰੀਬ 3 ਵਜੇ ਪਾਣੀ ਅਤੇ ਫਲ ਵੰਡੇ ਗਏ।
ਪੰਜਾਬੀ ਟ੍ਰਿਬਯੂਨ