ਇਸ ਸ਼ਹਿਰ ਦੇ ਪ੍ਰਮੁੱਖ ਮਾਰਗਾਂ ਉੱਪਰ ਉੱਚੇ ਖੰਭਿਆਂ ’ਤੇ ਲੱਗੀਆਂ ਹਾਈ ਪਾਵਰ ਆਧੁਨਿਕ ਲਾਈਟਾਂ ਵਿੱਚੋਂ ਕਾਫੀ ਖਰਾਬ ਹਨ। ਕਈ ਮਹੀਨਿਆਂ ਤੋਂ ਬੰਦ ਇਨ੍ਹਾਂ ਲਾਈਟਾਂ ਦੇ ਠੀਕ ਹੋਣ ਦੀ ਲੋਕ ਚਿਰਾਂ ਤੋਂ ਉਡੀਕ ਕਰ ਰਹੇ ਹਨ।
03 ਫਰਵਰੀ, 2026 – ਜੈਤੋ : ਇਸ ਸ਼ਹਿਰ ਦੇ ਪ੍ਰਮੁੱਖ ਮਾਰਗਾਂ ਉੱਪਰ ਉੱਚੇ ਖੰਭਿਆਂ ’ਤੇ ਲੱਗੀਆਂ ਹਾਈ ਪਾਵਰ ਆਧੁਨਿਕ ਲਾਈਟਾਂ ਵਿੱਚੋਂ ਕਾਫੀ ਖਰਾਬ ਹਨ। ਕਈ ਮਹੀਨਿਆਂ ਤੋਂ ਬੰਦ ਇਨ੍ਹਾਂ ਲਾਈਟਾਂ ਦੇ ਠੀਕ ਹੋਣ ਦੀ ਲੋਕ ਚਿਰਾਂ ਤੋਂ ਉਡੀਕ ਕਰ ਰਹੇ ਹਨ।
ਸਥਾਨਕ ਸ਼ਹਿਰ ਨੂੰ ਬਠਿੰਡਾ, ਫ਼ਰੀਦਕੋਟ, ਮੁਕਤਸਰ ਅਤੇ ਬਰਨਾਲਾ ਆਦਿ ਸ਼ਹਿਰਾਂ ਨਾਲ ਜੋੜਦੀਆਂ ਸੜਕਾਂ ’ਤੇ ਨਗਰ ਕੌਂਸਲ ਜੈਤੋ ਵੱਲੋਂ ਕੁਝ ਸਾਲ ਪਹਿਲਾਂ ਦਰਜਨਾਂ ਦੀ ਗਿਣਤੀ ਵਿੱਚ ਠੇਕੇਦਾਰ ਰਾਹੀਂ ਲਾਈਟਾਂ ਲੁਆਈਆਂ ਗਈਆਂ ਸਨ। ਇਹ ਲਾਈਟਾਂ 2021-22 ਵਿੱਚ ਉਦੋਂ ਲੱਗੀਆਂ, ਜਦੋਂ ਕਾਂਗਰਸ ਪਾਰਟੀ ਨਾਲ ਸਬੰਧਿਤ ਸੁਰਜੀਤ ਸਿੰਘ ਬਾਬਾ ਨਗਰ ਕੌਂਸਲ ਦੇ ਪ੍ਰਧਾਨ ਸਨ। ਹਨ੍ਹੇਰੀਆਂ ਰਾਤਾਂ ਨੂੰ ਰੁਸ਼ਨਾਉਣ ਦੇ ਉਦੇਸ਼ ਨਾਲ ਲਾਈਆਂ ਇਨ੍ਹਾਂ ਲਾਈਟਾਂ ’ਚੋਂ ਜ਼ਿਆਦਾਤਰ ਨੇ ਤਾਂ ਗਿਣਤੀ ਦੇ ਦਿਨ ਕੰਮ ਕਰਨ ਮਗਰੋਂ ਹੀ ਦਮ ਤੋੜ ਦਿੱਤਾ ਸੀ। ਸਮਾਂ ਬਦਲਿਆ ਸੁਰਜੀਤ ਸਿੰਘ ਬਾਬਾ ਦੀ ਜਗ੍ਹਾ ਡਾ. ਹਰੀਸ਼ ਚੰਦਰ ਪ੍ਰਧਾਨ ਬਣ ਗਏ, ਪਰ ਵਰ੍ਹਿਆਂ ਦੇ ਅਰਸੇ ਤੋਂ ਵਰਤਮਾਨ ਤੱਕ ਇਨ੍ਹਾਂ ਨੂੰ ਠੀਕ ਕਰਨ ਜਾਂ ਕਰਾਉਣ ਦੀ ਕਿਸੇ ਨੇ ਵੀ ਜ਼ਹਿਮਤ ਉਠਾਉਣੀ ਮੁਨਾਸਿਬ ਨਹੀਂ ਸਮਝੀ, ਹਾਲਾਂ ਕਿ ਇਸ ਦੌਰਾਨ ਅੰਨ੍ਹੇਰ ਘੁੱਪ ਰਾਤਾਂ ਅਤੇ ਸੰਘਣੀਆਂ ਧੁੰਦਾਂ ਦੇ ਕਈ ਦੌਰ ਆਏ ਅਤੇ ਗੁਜ਼ਰ ਗਏ।
ਲੋਕ ਦੱਸਦੇ ਹਨ ਕਿ ਜਦੋਂ ਵੀ ਇਸ ਸਬੰਧੀ ਉਜ਼ਰ ਲੈ ਕੇ ਉਹ ਕੌਂਸਲ ਪ੍ਰਬੰਧਕਾਂ ਦੇ ਦਰਾਂ ’ਤੇ ਗਏ ਤਾਂ ਅੱਗੋਂ ਇੱਕੋ ਜਵਾਬ ਮਿਲਦਾ ਹੈ ਕਿ ‘ਕੌਂਸਲ ਕੋਲ ਉੱਚੇ ਖੰਭਿਆਂ ’ਤੇ ਚੜ੍ਹਨ ਲਈ ਪੌੜੀ ਨਹੀਂ’। ਰੌਚਕ ਪੱਖ ਇਹ ਵੀ ਹੈ ਕਿ ਪ੍ਰਾਈਵੇਟ ਇੰਟਰਨੈੱਟ ਕੰਪਨੀਆਂ ਵੱਲੋਂ ਤਾਰਾਂ ਬੰਨ੍ਹਣ ਲਈ ਇਨ੍ਹਾਂ ਖੰਭਿਆਂ ਦੀ ਵਰਤੋਂ ਬਾਖ਼ੂਬ ਹੋ ਰਹੀ ਹੈ। ਕਈ ਖੰਭਿਆਂ ’ਤੇ ਤਾਂ ਇਸ਼ਤਿਹਾਰੀ ਬੋਰਡ ਵੀ ਟੰਗੇ ਹੋਏ ਮਿਲਦੇ ਹਨ। ਇਹ ਸਭ ਦੇਖ ਕੇ ਲੋਕ ਕੌਂਸਲ ਦੀ ਕਾਰਗੁਜ਼ਾਰੀ ’ਤੇ ਤਨਜ਼ ਵੀ ਕੱਸਦੇ ਹਨ।
ਸਥਾਨਕ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਲਿਹਾਜ਼ ਨਾਲ ਪਿਛਲੇ ਦਿਨੀਂ ਸ਼ਹਿਰ ਦੇ ਪ੍ਰਮੁੱਖ ਥਾਵਾਂ ਅਤੇ ਚੌਕਾਂ ਵਿੱਚ ਦਰਜਨਾਂ ਦੀ ਗਿਣਤੀ ਵਿੱਚ ਟਾਵਰ ਨੁਮਾ ਖੰਭੇ ਲਾ ਕੇ, ਹਰ ਖੰਭੇ ਉੱਪਰ ਤਿੰਨ-ਤਿੰਨ ਸੀ ਸੀ ਟੀ ਵੀ ਕੈਮਰੇ ਲਾਏ ਗਏ ਹਨ। ਇਸ ਪ੍ਰਾਜੈਕਟ ਨੂੰ ਲਾਈਟਾਂ ਵਾਲੇ ਖੰਭਿਆਂ ਨਾਲ ਜੋੜ ਕੇ ਲੋਕ ਕਿਆਫ਼ੇ ਲਾ ਰਹੇ ਹਨ ਕਿ ਕੈਮਰਿਆਂ ਦਾ ਹਸ਼ਰ ਵੀ ਲਾਈਟਾਂ ਵਾਲਾ ਹੀ ਹੋਵੇਗਾ। ਲਾਈਟਾਂ ਬਾਰੇ ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਨਗਰ ਕੌਂਸਲ ਇਨ੍ਹਾਂ ਨੂੰ ਤੁਰੰਤ ਠੀਕ ਕਰਵਾਏ, ਤਾਂ ਜੋ ਇਹ ਆਪਣੇ ਮਕਸਦ ਦੀ ਪੂਰਤੀ ਕਰਦੇ ਹੋਏ ਆਮ ਲੋਕਾਈ ਨੂੰ ਕੋਈ ਲਾਹਾ ਦੇ ਸਕਣ।
ਲਾਈਟਾਂ ਠੇਕੇਦਾਰ ਤੋਂ ਜਲਦੀ ਠੀਕ ਕਰਾਵਾਂਗੇ: ਪ੍ਰਧਾਨ
ਨਗਰ ਕੌਂਸਲ ਜੈਤੋ ਦੇ ਪ੍ਰਧਾਨ ਡਾ. ਹਰੀਸ਼ ਚੰਦਰ ਦਾ ਕਹਿਣਾ ਹੈ ਕਿ ਇਨ੍ਹਾਂ ’ਚੋਂ ਕੁਝ ਕੁ ਲਾਈਟਾਂ ਖਰਾਬ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਨ੍ਹਾਂ ਲੰਮੇ ਖੰਭਿਆਂ ’ਤੇ ਲਾਈਟਾਂ ਦੀ ਮੁਰੰਮਤ ਲਈ ਪੌੜੀ ਨਹੀਂ ਸੀ, ਪਰ ਹੁਣ ਸਪੈਸ਼ਲ ਪੌੜੀ ਬਣਵਾ ਕੇ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਲਾਈਟਾਂ ਠੀਕ ਕਰਨ ਲਈ ਉਹ ਕੌਂਸਲ ਦੇ ਠੇਕੇਦਾਰ ਨੂੰ ਕਹਿ ਕੇ ਜਲਦੀ ਹੀ ਲਾਈਟਾਂ ਨੂੰ ਠੀਕ ਕਰਨ ਲਈ ਕਹਿਣਗੇ।
ਪੰਜਾਬੀ ਟ੍ਰਿਬਯੂਨ