ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ’ਚ ‘ਆਪ’ ਸਰਕਾਰ ਦੇ ਸਿਆਸੀ ਧੁਨੰਦਰ ਆਪਣੇ ਪਿੰਡਾਂ ’ਚੋਂ ਚੋਣ ਹਾਰ ਗਏ ਹਨ। ਬੇਸ਼ੱਕ ‘ਆਪ’ ਨੇ ਇਨ੍ਹਾਂ ਚੋਣਾਂ ’ਚ ਸਿਆਸੀ ਮੱਲ ਤਾਂ ਮਾਰ ਲਈ ਹੈ ਪਰ ਸਿਆਸੀ ਆਗੂਆਂ ਦੇ ਪਿੰਡਾਂ ਨੇ ਉਨ੍ਹਾਂ ਦੇ ਪੱਲੇ…
18 ਦਸੰਬਰ, 2025 – ਚੰਡੀਗੜ੍ਹ : ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ’ਚ ‘ਆਪ’ ਸਰਕਾਰ ਦੇ ਸਿਆਸੀ ਧੁਨੰਦਰ ਆਪਣੇ ਪਿੰਡਾਂ ’ਚੋਂ ਚੋਣ ਹਾਰ ਗਏ ਹਨ। ਬੇਸ਼ੱਕ ‘ਆਪ’ ਨੇ ਇਨ੍ਹਾਂ ਚੋਣਾਂ ’ਚ ਸਿਆਸੀ ਮੱਲ ਤਾਂ ਮਾਰ ਲਈ ਹੈ ਪਰ ਸਿਆਸੀ ਆਗੂਆਂ ਦੇ ਪਿੰਡਾਂ ਨੇ ਉਨ੍ਹਾਂ ਦੇ ਪੱਲੇ ਨਮੋਸ਼ੀ ਪਾਈ ਹੈ। ਦੂਜੇ ਪਾਸੇ ਵੱਡੇ ਆਗੂਆਂ ਦੇ ਪਿੰਡਾਂ ਨੇ ਉਨ੍ਹਾਂ ਦਾ ਸਾਥ ਵੀ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ’ਚੋਂ ‘ਆਪ’ ਨੂੰ 615 ਵੋਟਾਂ ਮਿਲੀਆਂ ਹਨ ਜਦੋਂਕਿ ਕਾਂਗਰਸੀ ਉਮੀਦਵਾਰ ਨੂੰ 234, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 202 ਅਤੇ ਭਾਜਪਾ ਨੂੰ ਇੱਕ ਵੋਟ ਮਿਲੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ ਹੈ। ‘ਆਪ’ ਦੇ ਬੁਲਾਰੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਜੱਦੀ ਪਿੰਡ ਜਗਦੇਵ ਕਲਾਂ ’ਚੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਵੱਧ ਵੋਟਾਂ ਮਿਲੀਆਂ ਹਨ। ‘ਆਪ’ ਦੀ ਚੀਫ ਵਿਪ੍ਹ ਪ੍ਰੋ. ਬਲਜਿੰਦਰ ਕੌਰ ਦੇ ਪੇਕੇ ਪਿੰਡ ਜਗਾ ਰਾਮ ਤੀਰਥ ’ਚ ਅਕਾਲੀ ਉਮੀਦਵਾਰ ਨੂੰ 1056 ਵੋਟਾਂ, ‘ਆਪ’ ਨੂੰ 1031 ਵੋਟਾਂ ਮਿਲੀਆਂ ਹਨ। ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਜੱਦੀ ਪਿੰਡ ਸੰਧਵਾਂ ’ਚ ‘ਆਪ’ ਉਮੀਦਵਾਰ ਮੁਖਤਿਆਰ ਸਿੰਘ ਚੋਣ ਹਾਰ ਗਿਆ ਹੈ। ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਜੱਦੀ ਪਿੰਡ ਕੁਰੜ ’ਚੋਂ ‘ਆਪ’ ਨੂੰ ਘੱਟ ਵੋਟ ਮਿਲੀ ਹੈ। ਹਲਕਾ ਮੌੜ ਤੋਂ ‘ਆਪ’ ਦੇ ਵਿਧਾਇਕ ਸੁਖਬੀਰ ਸਿੰਘ ਦੇ ਜੱਦੀ ਪਿੰਡ ਮਾਈਸਰਖਾਨਾ ’ਚੋਂ ‘ਆਪ’ ਨੂੰ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਲਕਾ ਭੁੱਚੋਂ ਤੋਂ ‘ਆਪ’ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਜੱਦੀ ਪਿੰਡ ਚੱਕ ਫ਼ਤਿਹ ਸਿੰਘ ਵਾਲਾ ’ਚ ਵੀ ‘ਆਪ’ ਪਛੜੀ ਹੈ। ਭਵਾਨੀਗੜ੍ਹ ਤੋਂ ਵਿਧਾਇਕਾ ਨਰਿੰਦਰ ਕੌਰ ਦੇ ਪਿੰਡ ਭਰਾਜ ’ਚੋਂ ‘ਆਪ’ ਦੇ ਉਮੀਦਵਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ।
‘ਆਪ’ ਤੋਂ ਖਟਕੜ ਕਲਾਂ ਖ਼ੁਸ਼, ਸਰਾਭਾ ਨਾਰਾਜ਼
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਨੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ’ਚ ‘ਆਪ’ ਦੀ ਬਾਂਹ ਫੜੀ, ਜਦੋਂਕਿ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਨੇ ‘ਆਪ’ ਨੂੰ ਨੇੜੇ ਨਹੀਂ ਲਾਇਆ। ‘ਆਪ’ ਨੂੰ ਪਿੰਡ ਸਰਾਭਾ ’ਚ ਤੀਜਾ ਸਥਾਨ ਮਿਲਿਆ ਹੈ। ਪਿੰਡ ਸਰਾਭਾ ਦੇ 691 ਵੋਟਰਾਂ ਨੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਉਮੀਦਵਾਰ ਨੂੰ ਵੋਟ ਪਾਈ, ਜਦੋਂਕਿ ਦੂਜੇ ਨੰਬਰ ’ਤੇ ਕਾਂਗਰਸੀ ਉਮੀਦਵਾਰ ਨੂੰ 388 ਵੋਟਾਂ ਮਿਲੀਆਂ ਤੇ ‘ਆਪ’ ਉਮੀਦਵਾਰ ਨੂੰ ਸਰਾਭਾ ਪਿੰਡ ’ਚੋਂ 242 ਵੋਟਾਂ ਮਿਲੀਆਂ।
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ’ਚੋਂ ‘ਆਪ’ ਉਮੀਦਵਾਰ ਰਛਪਾਲ ਸਿੰਘ ਨੂੰ ਸਭ ਤੋਂ ਵੱਧ 1304 ਵੋਟਾਂ ਮਿਲੀਆਂ, ਜਦੋਂਕਿ ਕਾਂਗਰਸ ਦੇ ਉਮੀਦਵਾਰ ਨਿਰਮਲ ਸਿੰਘ ਨੂੰ 666 ਵੋਟਾਂ ਪਈਆਂ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਿਲਾਵਰ ਸਿੰਘ ਨੂੰ ਖਟਕੜ ਕਲਾਂ ’ਚੋਂ 391 ਵੋਟਾਂ ਮਿਲੀਆਂ ਹਨ।
ਪੰਜਾਬੀ ਟ੍ਰਿਬਯੂਨ