• Skip to main content
  • Skip to secondary menu
  • Skip to primary sidebar
  • Skip to footer
  • Home
  • About Us
  • Authors
  • Contact Us

The Punjab Pulse

Centre for Socio-Cultural Studies

  • Areas of Study
    • Maharaja Ranjit Singh
    • Social & Cultural Studies
    • Religious Studies
    • Governance & Politics
    • National Perspectives
    • International Perspectives
    • Communism
  • Activities
    • Conferences & Seminars
    • Discussions
  • News
  • Resources
    • Books & Publications
    • Book Reviews
  • Icons of Punjab
  • Videos
  • Academics
  • Agriculture
  • General

ਜ਼ਿਲ੍ਹਾ ਪਰਿਸ਼ਦ ਤੇ ਸਮਿਤੀ ਚੋਣਾਂ

December 15, 2025 By News Bureau

Share

48 ਫੀਸਦ ਵੋਟਾਂ ਪਈਆਂ; 16 ਥਾਵਾਂ ’ਤੇ ਮੁੜ ਹੋਵੇਗੀ ਚੋਣ

15 ਦਸੰਬਰ, 2025 – Punjab Elections: ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਲਈ ਵੋਟਾਂ ਪੈਣੀਆਂ ਸਵੇਰੇ 8 ਸ਼ੁਰੂ ਹੋ ਗਈਆਂ ਅਤੇ ਵੋਟਿੰਗ ਸ਼ਾਮ 4 ਵਜੇ ਤੱਕ ਹੋਈ। ਇਸ ਦੌਰਾਨ 48  ਫੀਸਦੀ ਪੋਲਿਗ ਦਰਜ ਕੀਤੀ ਗਈ । ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਧਰਮਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਸੰਗਰੂਰ ਨੇੜਲੇ ਪਿੰਡ ਮੰਗਵਾਲ ਦੇ ਪੋਲਿੰਗ ਬੂਥ ’ਤੇ ਪੁੱਜ ਕੇ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਲਈ ਵੋਟ ਪਾਈ। ਚੋਣ ਕਮਿਸ਼ਨ ਨੇ 16 ਥਾਵਾਂ ’ਤੇ ਚੋਣ ਰੱਦ ਕਰ ਦਿੱਤੀ ਜਿੱਥੇ ਮੰਗਲਵਾਰ ਨੂੰ ਮੁੜ ਵੋਟਾਂ ਪੈਣਗੀਆਂ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਲਈ ਵੋਟਾਂ ਪੈ ਰਹੀਆਂ ਹਨ ਅਤੇ ਪੇਂਡੂ ਖੇਤਰ ਦੇ ਲੋਕਾਂ ਨੂੰ ਵੱਧ ਤੋਂ ਵੱਧ ਪੋਲਿੰਗ ਬੂਥਾਂ ਤੇ ਪੁੱਜ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਵੱਡੀਆਂ ਕੁਰਬਾਨੀਆਂ ਨਾਲ ਇਹ ਅਧਿਕਾਰ ਸਾਨੂੰ ਮਿਲਿਆ ਹੈ।

ਇਸ ਦੌਰਾਨ ਹਲਕਾ ਮਹਿਲ ਕਲਾਂ ਦੇ ਪਿੰਡ ਰਾਏਸਰ ਪਟਿਆਲਾ ਵਿਖੇ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ। ਬਲਾਕ ਸਮਿਤੀ ਦੀ ਇਸ ਜੋਨ ਦੇ ਬੂਥ ਨੰਬਰ 20 ਉਪਰ ਬੈਲਟ ਪੇਪਰ ’ਤੇ ਅਕਾਲੀ ਦਲ ਦਾ ਚੋਣ ਨਿਸ਼ਾਨ ਨਾ ਹੋਣ ਕਾਰਨ ਰੌਲਾ ਪਿਆ ਹੈ। ਉਧਰ  ਬੈਲੇਟ ਪੇਪਰਾਂ ’ਚ ਪ੍ਰਿੰਟਿੰਗ ਦੀ ਗ਼ਲਤੀ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਖਾਸਾ ਤੇ ਖੁਰਮਾਣੀਆਂ ਪਿੰਡਾਂ ਵਿਚ ਪੋਲਿੰਗ ਰੱਦ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਖਾਸਾ ਪਿੰਡ ਵਿਚ ਬੈਲੇਟ ਪੇਪਰ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਨਾਮ ਸਹੀ ਛਪਿਆ ਸੀ ਪਰ ਚੋਣ ਨਿਸ਼ਾਨ ਗਲਤ ਸੀ।

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀਆਂ ਪੈ ਰਹੀਆਂ ਵੋਟਾਂ ਦੌਰਾਨ ਖਾਸਾ ਬਲਾਕ ਸਮਿਤੀ ਦੇ ਚਾਰ ਬੂਥਾਂ ’ਤੇ ਚੋਣ ਰੱਦ ਕਰ ਦਿੱਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਖਾਸਾ ਬਲਾਕ ਸਮਿਤੀ ਦੇ ਖੇਤਰ ਵਿੱਚ ਚਾਰ ਬੂਥਾਂ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਚੋਣ ਨਿਸ਼ਾਨ ਠੀਕ ਨਹੀਂ ਸੀ, ਜਿਸ ਕਾਰਨ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਇੱਥੇ ਚੋਣ ਰੱਦ ਕਰ ਦਿੱਤੀ ਗਈ ਹੈ। ਜਦੋਂ ਕਿ ਜ਼ਿਲਾ ਪਰਿਸ਼ਦ ਲਈ ਚੋਣਾਂ ਨਿਰਵਿਘਨ ਜਾਰੀ ਹਨ। ਸਰਕਾਰੀ ਬੁਲਾਰੇ ਦੇ ਮੁਤਾਬਕ 11:30 ਵਜੇ ਤੱਕ ਜ਼ਿਲ੍ਹੇ ਵਿੱਚ ਸੱਤ ਫੀਸਦ ਵੋਟਾਂ ਪਈਆਂ ਸਨ।

ਇਸ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ ਨਾਲ ਸਬੰਧਤ ਪੰਜ ਪਿੰਡਾਂ ਵੱਲੋਂ ਚੋਣਾਂ ਦਾ ਮੁਕੰਮਲ ਬਾਈਕਾਟ ਕੀਤਾ ਗਿਆ। ਹਲਕਾ ਸ਼ੁਤਰਾਣਾ ਅਧੀਨ ਆਉਂਦੇ ਪਿੰਡ ਸਹਿਜਪੁਰ ਕਲਾਂ, ਖੁਰਦ, ਭੇਡਪੁਰੀ, ਕੋਟਲੀ, ਦੋਦੜਾ ਅਤੇ ਧਰਮਗੜ੍ਹ ਨੂੰ ਕੁਝ ਸਮਾਂ ਪਹਿਲਾਂ ਬਲਾਕ ਸਮਾਣਾ ਵਿੱਚੋਂ ਕੱਢ ਕੇ ਬਲਾਕ ਪਾਤੜਾਂ ਨਾਲ ਜੋੜਿਆ ਗਿਆ ਸੀ। ਇਸ ਦੇ ਵਿਰੋਧ ਵਿੱਚ ਉਕਤ ਪਿੰਡਾਂ ਨੇ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦਾ ਬਾਈਕਾਟ ਕੀਤਾ। ਉਧਰ ਪਿੰਡ ਧਰਮਗੜ੍ਹ ਛੰਨਾ ਨੇ ਵੀ ਪੋਲਿੰਗ ਵਾਲੇ ਦਿਨ ਗੁਰਦੁਆਰੇ ਤੋਂ ਮੁਨਿਆਦੀ ਕਰਕੇ ਪੋਲਿੰਗ ਦੇ ਬਾਈਕਾਟ ਦਾ ਐਲਾਨ ਕੀਤਾ।

ਜ਼ਿਲ੍ਹਾ ਮੋਗਾ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਚੋਣਾਂ ਮੌਕੇ ਡਿਊਟੀ ਜਾ ਰਹੇ ਇੱਕ ਅਧਿਆਪਕ ਜੋੜੇ ਦੀ ਕਾਰ ਨਹਿਰ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਧਿਆਪਕ ਜਸਕਰਨ ਸਿੰਘ ਵਾਸੀ ਪਿੰਡ ਧੂਰਕੋਟ ਰਣਸੀਹ, ਜ਼ਿਲ੍ਹਾ ਮੋਗਾ, ਆਪਣੀ ਪਤਨੀ ਕਰਮਜੀਤ ਕੌਰ ਨੂੰ ਕਾਰ ‘ਤੇ ਪਿੰਡ ਮਾੜੀ ਮੁਸਤਫਾ ਵਿਖੇ ਚੋਣ ਡਿਊਟੀ ਲਈ ਛੱਡਣ ਜਾ ਰਿਹਾ ਸੀ। ਰਸਤੇ ਵਿੱਚ ਉਨ੍ਹਾਂ ਦੀ ਕਾਰ ਨਾਲੇ ਵਿੱਚ ਡਿੱਗਣ ਦੌਰਾਨ ਪਲਟ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਵਿੱਚ 23 ਜ਼ਿਲ੍ਹਾ ਪਰਿਸ਼ਦਾਂ ਦੇ 347 ਜ਼ੋਨਾਂ ਅਤੇ 153 ਪੰਚਾਇਤ ਸਮਿਤੀਆਂ ਦੇ 2,838 ਜ਼ੋਨਾਂ ਲਈ ਵੋਟਿੰਗ ਲਈ 13,395 ਪੋਲਿੰਗ ਸਟੇਸ਼ਨਾਂ ’ਤੇ 18,718 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਸੂਬੇ ਦੇ 1,36,04,650 ਵੋਟਰ ਆਪਣੇ ਹੱਕ ਦੀ ਵਰਤੋਂ ਕਰਨਗੇ। 860 ਪੋਲਿੰਗ ਸਟੇਸ਼ਨ ਅਤਿ-ਸੰਵੇਦਨਸ਼ੀਲ ਅਤੇ 3,405 ਸੰਵੇਦਨਸ਼ੀਲ ਐਲਾਨੇ ਗਏ ਹਨ।

ਪੰਜਾਬ ਰਾਜ ਚੋਣ ਕਮਿਸ਼ਨ ਨੇ ਚੋਣ ਅਮਲ ਪਾਰਦਸ਼ੀ, ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ 44 ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਹਨ।ਰਾਜ ਚੋਣ ਕਮਿਸ਼ਨ ਨੇ ਆਬਜ਼ਵਰ ਵੀ ਤਾਇਨਾਤ ਕੀਤੇ ਹਨ, ਜਿਨ੍ਹਾਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ। ਪੰਜਾਬ ਭਰ ਵਿੱਚ ਪੋਲਿੰਗ ਸਟੇਸ਼ਨਾਂ ’ਤੇ ਵੀਡੀਓਗ੍ਰਾਫ਼ੀ ਵੀ ਕਰਵਾਈ ਜਾ ਰਹੀ ਹੈ। ਜ਼ਿਲ੍ਹਾ ਪਰਿਸ਼ਦ ਦੇ 347 ਜ਼ੋਨਾਂ ਵਿੱਚ 1,249 ਉਮੀਦਵਾਰ ਮੈਦਾਨ ਵਿੱਚ ਹਨ ਅਤੇ 15 ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਕਰਾਰ ਦਿੱਤੇ ਗਏ ਹਨ। ਪੰਚਾਇਤ ਸਮਿਤੀ ਦੇ 2,838 ਜ਼ੋਨਾਂ ਵਿੱਚ 8,098 ਉਮੀਦਵਾਰ ਮੈਦਾਨ ਵਿੱਚ ਹਨ, ਜਦਕਿ 181 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਹਨ।

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ 54.7% ਵੋਟਿੰਗ

December 14, 2025 7:50 pm

ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਦੌਰਾਨ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ 54.7% ਵੋਟਿੰਗ ਹੋਈ।

ਮਾਨਸਾ ਜ਼ਿਲ੍ਹੇ ਵਿੱਚ 56.2 ਫ਼ੀਸਦੀ ਪੋਲਿੰਗ

December 14, 2025 7:34 pm

ਮਾਨਸਾ: ਜ਼ਿਲ੍ਹੇ ਵਿੱਚ ਅੱਜ ਜ਼ਿਲ੍ਹਾ ਪਰਿਸ਼ਦ ਮਾਨਸਾ ਦੇ 11 ਜ਼ੋਨਾਂ ਅਤੇ 4 ਬਲਾਕ ਸਮਿਤੀਆਂ ਦੇ 86 ਜ਼ੋਨਾਂ ਲਈ ਵੋਟਾਂ ਦਾ ਅਮਲ ਅਮਨ-ਸ਼ਾਂਤੀ ਨਾਲ ਸਿਰੇ ਚੜ੍ਹਿਆ। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਜ਼ਿਲ੍ਹਾ ਵਾਸੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ੳੁਨ੍ਹਾਂ ਕਿਹਾ ਕਿ ਕੁੱਲ 56.2 ਫੀਸਦੀ ਪੋਲਿੰਗ ਹੋਈ ਹੈ।-ਜੋਗਿੰਦਰ ਸਿੰਘ ਮਾਨ

ਜ਼ਿਲ੍ਹਾ ਬਰਨਾਲਾ ਵਿੱਚ 45 ਫੀਸਦੀ ਪੋਲਿੰਗ

December 14, 2025 6:52 pm

ਜ਼ਿਲ੍ਹਾ ਬਰਨਾਲਾ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਲਈ ਸ਼ਾਮ 4 ਵਜੇ ਤੱਕ ਵੋਟਾਂ ਪੲੀਆਂ। ਇਸ ਦੌਰਾਨ ਬਰਨਾਲਾ ਵਿਚ 49.9%, ਮਹਿਲ ਕਲਾਂ ਵਿਚ 44.9%, ਸ਼ਹਿਣਾ ਵਿਚ 42.8% ਵੋਟਾਂ ਪੲੀਆਂ। ਜ਼ਿਲ੍ਹਾ ਬਰਨਾਲਾ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਲਈ ਸ਼ਾਮ 4 ਵਜੇ ਤੱਕ ਕੁੱਲ ਵੋਟਿੰਗ ਪ੍ਰਤੀਸ਼ਤ 45.10% ਰਿਹਾ।-ਖੇਤਰੀ ਪ੍ਰਤੀਨਿਧ

ਚਮਕੌਰ ਸਾਹਿਬ: 105 ਸਾਲਾ ਨਸੀਬ ਕੌਰ ਨੇ ਵੋਟ ਪਾੲੀ

December 14, 2025 6:49 pm

ਚਮਕੌਰ ਸਾਹਿਬ: ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੌਰਾਨ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਪਿੰਡ ਧੁੰਮੇਵਾਲ ਦੇ ਬੂਥ ਨੰਬਰ 26 ਵਿਖੇ 105 ਸਾਲ ਦੀ ਬੀਬੀ ਨਸੀਬ ਕੌਰ ਅਤੇ 103 ਸਾਲ ਦੀ ਬੀਬੀ ਸੂਰਤੀ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਡੀਐਮ ਅਮਰੀਕ ਸਿੰਘ ਸਿੱਧੂ ਨੇ ਦੱਸਿਆ ਕਿ ਹਲਕੇ ਦੇ 15 ਜ਼ੋਨਾਂ ਵਿੱਚ ਅੱਜ 4 ਵਜੇ ਤੱਕ 52 ਫ਼ੀਸਦੀ ਵੋਟਾਂ ਪੋਲ ਹੋਈਆਂ ਅਤੇ ਇਸ ਤੋਂ ਬਾਅਦ ਵੀ ਕਈ ਬੂਥਾਂ ’ਤੇ ਵੋਟਰਾਂ ਦੀਆਂ ਵੋਟਾਂ ਪਾਉਣ ਲਈ ਕਤਾਰਾਂ ਲੱਗੀਆਂ। ਚੋਣਾਂ ਦੌਰਾਨ ਉਮੀਦਵਾਰਾਂ ਅਤੇ ਉਨ੍ਹਾਂ ਦੇ ਚੋਣ ਏਜੰਟਾਂ ਨੇ ਵੱਖ-ਵੱਖ ਬੂਥਾਂ ’ਤੇ ਜਾ ਕੇ ਜਾਇਜ਼ਾ ਲਿਆ, ਉੱਥੇ ਹੀ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹਲਕਾ ਵਿਧਾਇਕ ਡਾ ਚਰਨਜੀਤ ਸਿੰਘ ਨੇ ਵੀ ਇਲਾਕੇ ਦੇ ਪਿੰਡਾਂ ਵਿੱਚ ਜਾ ਕੇ ਬੂਥਾਂ ਉੱਤੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਆਪੋ ਆਪਣੀ ਜਿੱਤ ਦਾ ਦਾਅਵਾ ਵੀ ਕੀਤਾ। ਜ਼ਿਕਰਯੋਗ ਹੈ ਬੀਤੀ ਦੇਰ ਰਾਤ ਪਿੰਡ ਭੂਰੜੇ ਵਿਖੇ ਚੋਣਾਂ ਨੂੰ ਲੈ ਕੇ ਆਪ ਅਤੇ ਕਾਂਗਰਸ ਦੇ ਵਰਕਰਾਂ ਵਿੱਚ ਲੜਾਈ ਵੀ ਹੋਈ। ਇਸ ਲੜਾਈ ਦੌਰਾਨ ਕਾਂਗਰਸ ਪਾਰਟੀ ਦੇ ਚਾਰ ਜਣੇ ਜਖ਼ਮੀ ਹੋਏ ਜੋ ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਹਨ।-ਸੰਜੀਵ ਬੱਬੀ

ਮੁਕਤਸਰ ਵਿੱਚ 55 ਫੀਸਦੀ ਵੋਟਾਂ

December 14, 2025 6:43 pm

ਮੁਕਤਸਰ ਜ਼ਿਲ੍ਹੇ ਵਿਚ ਲੰਬੀ-40.6 ਪ੍ਰਤੀਸ਼ਤ, ਮਲੋਟ-50 ਪ੍ਰਤੀਸ਼ਤ, ਮੁਕਤਸਰ 55 ਪ੍ਰਤੀਸ਼ਤ ਤੇ ਗਿੱਦੜ ਬਾਹਾ ਵਿਚ 50% ਵੋਟਾਂ ਪੲੀਆਂ।- ਨਿੱਜੀ ਪੱਤਰ ਪ੍ਰੇਰਕ

ਲਾਡ਼ੇ ਨੇ ਬਰਾਤ ਚੜ੍ਹਨ ਤੋਂ ਪਹਿਲਾਂ ਪਾਈ ਵੋਟ

December 14, 2025 6:01 pm

ਮਮਦੋਟ: ਬਲਾਕ ਮਮਦੋਟ ਅਧੀਨ ਆਉਂਦੇ ਸਰਹੱਦੀ ਪਿੰਡ ਕਾਲੂ ਅਰਾਈ ਹਿਠਾੜ ਵਿਚ ਵਿਆਹ ਵਾਲੇ ਲਾੜੇ ਨੇ ਸਿਹਰਾ ਬੰਨ੍ਹ ਕੇ ਆਪਣੇ ਪਿੰਡ ਦੇ ਪੋਲਿੰਗ ਬੂਥ ’ਤੇ ਜਾ ਕੇ ਵੋਟ ਪਾਈ। ਜਾਣਕਾਰੀ ਅਨੁਸਾਰ ਪਿੰਡ ਕਾਲੂ ਅਰਾਈ ਦੇ ਜੀਤ ਸਿੰਘ ਦੇ ਲੜਕੇ ਲਖਵਿੰਦਰ ਸਿੰਘ ਦਾ ਵਿਆਹ 14 ਦਸੰਬਰ ਨੂੰ ਨਿਸਚਿਤ ਹੋਇਆ ਸੀ ਜਿਸ ਦੀ ਬਰਾਤ ਮਮਦੋਟ ਦੇ ਨਜ਼ਦੀਕ ਹੀ ਪੈਂਦੇ ਪਿੰਡ ਹਜਾਰਾ ਸਿੰਘ ਵਾਲਾ ਵਿਖੇ ਜਾਣੀ ਸੀ। ਚੋਣ ਕਮਿਸ਼ਨ ਵੱਲੋ 14 ਦਸੰਬਰ ਨੂੰ ਹੀ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀਆਂ ਦੀਆਂ ਚੋਣਾਂ ਨਿਸਚਿਤ ਕਰ ਦਿੱਤੇ ਜਾਣ ਨਾਲ ਵਿਆਹ ਵਾਲੇ ਲੜਕੇ ਲਖਵਿੰਦਰ ਸਿੰਘ ਨੇ ਸਿਹਰਾ ਬੰਨ੍ਹ ਕੇ ਬਰਾਤ ਚੜ੍ਹਨ ਸਮੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਸਜੀ ਸਜਾਈ ਕਾਰ ਵਿੱਚ ਰਵਾਨਾ ਹੋ ਕੇ ਬਰਾਤੀਆਂ ਸਮੇਤ ਪਿੰਡ ਵਿੱਚ ਬਣੇ ਪੋਲਿੰਗ ਬੂਥ ’ਤੇ ਵੋਟ ਪਾੲੀ। ਵੋਟ ਪਾਉਣ ਤੋਂ ਬਾਅਦ ਲਾੜੇ ਲਖਵਿੰਦਰ ਸਿੰਘ ਨੇ ਦੱਸਿਆ ਕਿ ੳੁਸ ਨੇ ਅੱਜ ਆਪਣੀ ਵੋਟ ਪਾ ਕੇ ਆਪਣੇ ਲੋਕਤੰਤਰ ਵਿੱਚ ਯੋਗਦਾਨ ਪਾਉਣ ਦਾ ਫਰਜ਼ ਅਦਾ ਕੀਤਾ ਹੈ। ਸਾਨੂੰ ਸਭ ਨੂੰ ਆਪਣੀ ਆਪਣੀ ਵੋਟ ਦਾ ਸਹੀ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ।-ਜਸਵੰਤ ਸਿੰਘ ਥਿੰਦ

ਜੰਡਿਆਲਾ ਗੁਰੂ ਹਲਕੇ ਵਿੱਚ 40 ਫੀਸਦੀ ਵੋਟਿੰਗ

December 14, 2025 5:56 pm

ਜੰਡਿਆਲਾ ਗੁਰੂ: ਹਲਕਾ ਜੰਡਿਆਲਾ ਗੁਰੂ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਸਿਰੇ ਚੜ੍ਹੀਆਂ। ਹਾਲਾਂਕਿ ਵੋਟਿੰਗ ਲਈ ਵੋਟਰਾਂ ਦਾ ਉਤਸ਼ਾਹ ਘੱਟ ਸੀ। ਪੋਲਿੰਗ ਦੇ ਅੰਤ ਤੱਕ ਇਲਾਕੇ ਵਿੱਚ 35 ਤੋਂ 40 ਪ੍ਰਤੀਸ਼ਤ ਵੋਟਿੰਗ ਦਰਜ ਕੀਤੀ ਗਈ। ਜਾਣਕਾਰੀ ਅਨੁਸਾਰ ਪਿੰਡ ਰਾਣਾ ਕਾਲਾ, ਕੋਟਲਾ, ਨਰਾਇਣਗੜ੍ਹ, ਮਾਲੋਵਾਲ, ਗਦਲੀ, ਟਾਂਗਰਾ, ਗਹਿਰੀ ਮੰਡੀ, ਧੀਰੇ ਕੋਟ ਅਤੇ ਭੰਗਵਾਂ ਸਮੇਤ ਕਈ ਪਿੰਡਾਂ ਵਿੱਚ ਔਸਤ ਵੋਟਰ 35 ਤੋਂ 40 ਪ੍ਰਤੀਸ਼ਤ ਵਿਚਕਾਰ ਸੀ। ਇਸ ਦੌਰਾਨ ਪਿੰਡ ਮਾਲੋਵਾਲ ਵਿੱਚ ਵੋਟਰ ਮਤਦਾਨ ਆਲੇ ਦੁਆਲੇ ਦੇ ਹੋਰ ਪਿੰਡਾਂ ਨਾਲੋਂ ਵੱਧ ਰਿਹਾ। ਪਿੰਡ ਗਹਿਰੀ ਮੰਡੀ, ਵਡਾਲਾ ਜੌਹਲ, ਦੇਵੀਦਾਸਪੁਰਾ, ਭੰਗਵਾਂ, ਅਮਰਕੋਟ, ਨਿੱਜਰਪੁਰਾ, ਮੇਹਰਬਾਨਪੁਰਾ, ਜਾਨੀਆ, ਧਾਰੜ, ਤਾਰਾਗੜ੍ਹ, ਮੱਲੀਆਂ, ਬਾਲੀਆਂ ਮੰਝਪੁਰ ਅਤੇ ਹੋਰ ਪਿੰਡਾਂ ਵਿੱਚ ਵੋਟਿੰਗ ਲੲੀ ਉਤਸ਼ਾਹ ਘੱਟ ਸੀ। ਜ਼ਿਆਦਾਤਰ ਥਾਵਾਂ ‘ਤੇ ਸਿਰਫ਼ ਕੁਝ ਵੋਟਰ ਹੀ ਆਪਣੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕਰਨ ਲਈ ਆਏ। -ਸਿਮਰਤਪਾਲ ਸਿੰਘ ਬੇਦੀ

ਪਿੰਡ ਸਕਰੌਦੀ ਦੇ ਲੋਕਾਂ ਨੇ ਸਾਂਝਾ ਪੋਲਿੰਗ ਬੂਥ ਲਾਇਆ

December 14, 2025 4:38 pm

ਭਵਾਨੀਗੜ੍ਹ: ਇੱਥੋਂ ਨੇੜਲੇ ਪਿੰਡ ਸਕਰੌਦੀ ਦੇ ਲੋਕਾਂ ਵੱਲੋਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀਆਂ ਵੋਟਾਂ ਪਾਉਣ ਸਮੇਂ ਸਾਂਝਾ ਪੋਲਿੰਗ ਲਗਾਇਆ ਗਿਆ। ਇਸ ਮੌਕੇ ਪੋਲਿੰਗ ਬੂਥ ’ਤੇ ਬੈਠੇ ਦਵਿੰਦਰ ਸਿੰਘ ਗਰੇਵਾਲ, ਹਰਚੰਦ ਸਿੰਘ ਰਾਏਪੁਰ, ਹਰਮੀਤ ਸਿੰਘ ਗਰੇਵਾਲ, ਪੂਰਨ ਸਿੰਘ ਗਰੇਵਾਲ, ਗੁਰਵਿੰਦਰ ਸਿੰਘ ਬਬਲਾ, ਕੁਲਵਿੰਦਰ ਸਿੰਘ ਗਰੇਵਾਲ, ਰਾਵਿੰਦਰ ਸਿੰਘ ਕਾਕਾ, ਅਵਤਾਰ ਸਿੰਘ ਤਾਰੀ, ਗੁਰਪ੍ਰੀਤ ਸਿੰਘ ਗਰੇਵਾਲ, ਸੁਖਬੀਰ ਸਿੰਘ ਨੰਬਰਦਾਰ, ਜਗਤਾਰ ਸਿੰਘ ਗਰੇਵਾਲ, ਮਨਿੰਦਰ ਸਿੰਘ ਗਰੇਵਾਲ ਅਤੇ ਰਾਜਵੰਤ ਸਿੰਘ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਐਮ ਪੀ, ਵਿਧਾਨ ਸਭਾ ਅਤੇ ਪੰਚਾਇਤੀ ਚੋਣਾਂ ਦੌਰਾਨ ਸਾਰੀਆਂ ਧਿਰਾਂ ਦਾ ਇੱਕ ਸਾਂਝਾ ਪੋਲਿੰਗ ਬੂਥ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵੋਟਰ ਆਪਣੇ ਪਸੰਦ ਦੇ ਉਮੀਦਵਾਰ ਨੂੰ ਵੋਟ ਪਾਉਣ ਲਈ ਅਾਜ਼ਾਦ ਹਨ ਪਰ ਉਨ੍ਹਾਂ ਵੱਲੋਂ ਪਿੰਡ ਦੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਇਹ ਉਪਰਾਲਾ ਕੀਤਾ ਗਿਆ ਹੈ। -ਮੇਜਰ ਸਿੰਘ ਮੱਟਰਾਂ

ਤਰਨ ਤਾਰਨ ਵਿੱਚ 27 ਫੀਸਦੀ ਤੋਂ ਵੱਧ ਵੋਟਾਂ

December 14, 2025 4:13 pm

ਤਰਨ ਤਾਰਨ ਜ਼ਿਲ੍ਹੇ ਦੇ ਲੋਕਾਂ ਅੰਦਰ ਵੋਟਾਂ ਪਾਉਣ ਦਾ ਰੁਝਾਨ ਜ਼ੋਰ ਫੜਦਾ ਜਾ ਰਿਹਾ ਹੈ। ਇਥੇ ਜ਼ਿਲ੍ਹਾ ਪਰਿਸ਼ਦ ਦੇ 20 ਜ਼ੋਨਾਂ ਵਿੱਚੋਂ 7 ਤੇ 9 ਬਲਾਕ ਸਮਿਤੀਆਂ ਦੇ 165 ਜ਼ੋਨਾਂ ਵਿੱਚੋਂ 67 ਜ਼ੋਨਾਂ ਦੀ ਚੋਣ ਲਈ ਵੋਟਾਂ ਪੈ ਰਹੀਆਂ ਹਨ। 12 ਵਜੇ ਤੱਕ 17% ਵੋਟਾਂ ਭੁਗਤੀਆਂ ਸਨ ਜਿਹੜੀਆਂ 2 ਵਜੇ ਤੱਕ 27.5% ਤੱਕ ਚਲੀਆਂ ਗਈਆਂ ਹਨ। 2 ਵਜੇ ਤੱਕ ਕੁੱਲ 4, 57,093 ਵਿੱਚੋਂ 1,25,746 ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਚੁੱਕੇ ਸਨ। ਵੋਟਾਂ ਪਾਉਣ ਦਾ ਕੰਮ ਸਵੇਰ ਦੇ 7 ਵਜੇ ਸ਼ੁਰੂ ਹੋਇਆ ਜਿਹੜਾ ਸ਼ਾਮ ਦੇ 4 ਵਜੇ ਤੱਕ ਜਾਰੀ ਰਿਹਾ। -ਗੁਰਬਖ਼ਸ਼ਪੁਰੀ

ਮੁੱਖ ਮੰਤਰੀ ਭਗਵੰਤ ਮਾਨ ਨੇ ਧਰਮਪਤਨੀ ਸਮੇਤ ਪਿੰਡ ਮੰਗਵਾਲ ਪੁੱਜ ਕੇ ਪਾਈ ਵੋਟ

December 14, 2025 4:08 pm

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਧਰਮਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਨੇੜਲੇ ਪਿੰਡ ਮੰਗਵਾਲ ਵਿਖੇ ਪੋਲਿੰਗ ਬੂਥ ਤੇ ਪੁੱਜ ਕੇ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਲਈ ਵੋਟ ਪਾਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਲਈ ਵੋਟਾਂ ਪੈ ਰਹੀਆਂ ਹਨ ਅਤੇ ਪੇਂਡੂ ਖੇਤਰ ਦੇ ਲੋਕਾਂ ਨੂੰ ਵੱਧ ਤੋਂ ਵੱਧ ਪੋਲਿੰਗ ਬੂਥਾਂ ਤੇ ਪੁੱਜ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਵੱਡੀਆਂ ਕੁਰਬਾਨੀਆਂ ਨਾਲ ਇਹ ਅਧਿਕਾਰ ਸਾਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਚੋਣਾਂ ਸਥਾਨਕ ਪੱਧਰ ਤੇ ਲੜੀਆਂ ਜਾਂਦੀਆਂ ਹਨ ਕਿਉਂਕਿ ਇਹ ਚੋਣਾਂ ਪਿੰਡਾਂ ਦੇ ਵਿਕਾਸ ਅਤੇ ਤਰੱਕੀ ਲਈ ਰਾਹ ਪੱਧਰਾ ਕਰਦੀਆਂ ਹਨ। ਇਹਨ੍ਹਾਂ ਨਾਲ ਲੋਕਤੰਤਰ ਦੀ ਨੀਂਹ ਮਜ਼ਬੂਤ ਹੁੰਦੀ ਹੈ ਅਤੇ ਇਹ ਨੀਹਾਂ ਵਾਲੀਆਂ ਵੋਟਾਂ ਹਨ। ਮੁੱਖ ਮੰਤਰੀ ਦੀ ਰਿਹਾਇਸ਼ ਸਥਾਨਕ ਡ੍ਰੀਮ ਲੈਂਡ ਕਲੋਨੀ ਵਿਚ ਹੈ ਜੋ ਕਿ ਪਿੰਡ ਮੰਗਵਾਲ ਅਧੀਨ ਆਉਂਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਪਿੰਡਾਂ ਦੇ ਨੌਜਵਾਨ ਭਾਗ ਲੈਂਦੇ ਹਨ ਜਿਨ੍ਹਾਂ ਦੇ ਸਿਆਸੀ ਕੈਰੀਅਰ ਲਈ ਇਹ ਚੋਣਾਂ ਪੌੜੀ ਦਾ ਕੰਮ ਕਰਦੀਆਂ ਹਨ। ਇਹ ਚੋਣਾਂ ਰਾਜਨੀਤਕ ਢਾਂਚੇ ਲਈ ਅਹਿਮ ਹਨ ਅਤੇ ਨੌਜ਼ਵਾਨ ਪੀੜ੍ਹੀ ਲਈ ਅੱਗੇ ਵਧਣ ਦਾ ਚੰਗਾ ਮੌਕਾ ਹੈ। ਵਿਰੋਧੀ ਪਾਰਟੀਆਂ ਵਲੋਂ ਚੋਣਾਂ ਵਿਚ ਧਾਂਦਲੀ ਦੇ ਲਗਾਏ ਜਾ ਰਹੇ ਦੋਸ਼ਾਂ ਬਾਰੇ ਸ੍ਰੀ ਮਾਨ ਨੇ ਕਿਹਾ ਕਿ ਅਜਿਹੇ ਦੋਸ਼ ਵਿਰੋਧੀਆਂ ਦੀ ਹਾਰ ਮੰਨਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਗੈਂਗਸ਼ਟਰਾਂ ਦੀ ਪੁਸ਼ਤ ਪਨਾਹੀ ਕਰੋਗੇ ਅਤੇ ਪਿਸਤੌਲਾਂ ਦੀ ਨੋਕ ਤੇ ਵੋਟਾਂ ਮੰਗੋਗੇ ਤਾਂ ਫ਼ਿਰ ਪ੍ਰਸ਼ਾਸ਼ਨ ਨੂੰ ਤਾਂ ਕੁੱਝ ਕਰਨਾ ਹੀ ਪਵੇਗਾ। ਅਕਾਲੀ ਦਲ ਉਪਰ ਤੰਜ਼ ਕਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਗੈਂਗਸ਼ਟਰਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦੇ ਕੇ ਲੋਕਾਂ ਨੂੰ ਧਮਕਾਓ, ਫਿਰ ਕਹੋਂ ਕਿ ਅਮਨ ਸ਼ਾਂਤੀ ਨਹੀਂ ਹੈ। ਇਹ ਸਿਰਫ਼ ਬਹਾਨੇਬਾਜ਼ੀ ਹੈ। ਇਸ ਮੌਕੇ ਮੁੱਖ ਮੰਤਰੀ ਨਾਲ ਉਹਨ੍ਹਾਂ ਦੇ ਧਰਮਪਤਨੀ ਡਾ. ਗੁਰਪ੍ਰੀਤ ਕੌਰ ਅਤੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਮੌਜੂਦ ਸਨ। -ਗੁਰਦੀਪ ਸਿੰਘ ਲਾਲੀ

ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਉਮੀਦਵਾਰਾਂ ਨੂੰ ਹੱਲਾਸ਼ੇਰੀ ਦਿੱਤੀ

December 14, 2025 4:06 pm

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਆਮ ਆਦਮੀ ਪਾਰਟੀ ਨਾਲ ਸਬੰਧਤ ਭਵਾਨੀਗੜ੍ਹ ਬਲਾਕ ਦੇ ਜ਼ਿਲਾ ਪਰਿਸ਼ਦ ਅਤੇ ਬਲਾਕ ਸਮਿਤੀ ਦੇ ਉਮੀਦਵਾਰਾਂ ਨੂੰ ਥਾਪੜਾ ਦਿੱਤੀ।ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਪਿੰਡ ਸਤੌਜ ਨੂੰ ਵੋਟ ਪਾਉਣ ਲਈ ਜਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਨੈਸ਼ਨਲ ਹਾਈਵੇਅ ਤੇ ਰੁਕ ਕੇ ਚੋਣ ਪ੍ਰਚਾਰ ਵਿੱਚ ਰੁਝੇ ਪਾਰਟੀ ਉਮੀਦਵਾਰਾਂ ਅਤੇ ਵਰਕਰਾਂ ਨੂੰ ਹੱਲਾਸ਼ੇਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਵੋਟਰਾਂ ਵੱਲੋਂ ਪਾਰਟੀ ਉਮੀਦਵਾਰਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ, ਜ਼ਿਲਾ ਪਰਿਸ਼ਦ ਦੇ ਉਮੀਦਵਾਰ ਜਗਜੀਤ ਕੌਰ ਆਲੋਅਰਖ ਦੇ ਪਤੀ ਗੁਰਪ੍ਰੀਤ ਸਿੰਘ ਆਲੋਅਰਖ, ਸ਼ਿੰਦਰਪਾਲ ਕੌਰ ਆਦਿ ਹਾਜ਼ਰ ਸਨ। -ਮੇਜਰ ਸਿੰਘ ਮਟਰਾਂ

ਜ਼ਿਲ੍ਹਾ ਬਰਨਾਲਾ ਵਿਚ ਦੁਪਹਿਰ 2 ਵਜੇ ਤੱਕ 32.8 ਫੀਸਦ ਪੋਲਿੰਗ

December 14, 2025 4:05 pm

ਮਹਿਲ ਕਲਾਂ – 28.31% ਸਹਿਣਾ – 27.9% ਜ਼ਿਲ੍ਹਾ ਬਰਨਾਲਾ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਦੁਪਹਿਰ 2 ਵਜੇ ਤੱਕ ਕੁੱਲ ਵੋਟਿੰਗ ਪ੍ਰਤੀਸ਼ਤ 29.11% ਹੈ ।

ਜ਼ਿਲ੍ਹਾ ਮਾਨਸਾ ਵਿਚ 2 ਵਜੇ ਤੱਕ 36 ਫੀਸਦ ਪੋਲਿੰਗ

December 14, 2025 4:03 pm

ਜ਼ਿਲ੍ਹਾ ਪਰਿਸ਼ਦ ਮਾਨਸਾ ਦੇ 11 ਜ਼ੋਨਾਂ ਅਤੇ 4 ਪੰਚਾਇਤ ਸਮਿਤੀਆਂ ਦੇ 86 ਜ਼ੋਨਾਂ ਲਈ ਪੋਲਿੰਗ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਾਅਦ ਦੁਪਹਿਰ 2 ਵਜੇ ਤੱਕ 36 ਫ਼ੀਸਦੀ ਵੋਟਿੰਗ ਹੋਈ, ਬੁਢਲਾਡਾ 36.95%, ਝੁਨੀਰ 36.85%, ਮਾਨਸਾ 35.15%, ਸਰਦੂਲਗੜ੍ਹ 34.41% ਵੋਟਿੰਗ ਹੋਈ। ਵੋਟਾਂ ਦੀ ਪ੍ਰਕਿਰਿਆ 4 ਵਜੇ ਤਕ ਜਾਰੀ ਰਹੇਗੀ।

ਦੁਪਹਿਰ ਦੋ ਵਜੇ ਤੱਕ ਖਰੜ ਵਿਚ 35.8 ਫੀਸਦ, ਮਾਜਰੀ 40.2 ਫੀਸਦ ਤੇ ਡੇਰਾਬਸੀ ਵਿਚ 36.7 ਫੀਸਦ ਪੋਲਿੰਗ

December 14, 2025 4:01 pm

ਜ਼ਿਲ੍ਹਾ ਫਤਹਿਗੜ੍ਹ ਸਾਹਿਬ: ਦੁਪਹਿਰ 2 ਵਜੇ ਤੱਕ ਕਰੀਬ 37% ਪੋਲਿੰਗ

December 14, 2025 4:00 pm

ਬਠਿੰਡਾ ਵਿਚ ਦੁਪਹਿਰ 2 ਵਜੇ ਤੱਕ 33.85 ਫੀਸਦੀ ਪੋਲਿੰਗ

December 14, 2025 3:19 pm

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਦਾ ਅਮਲ ਸ਼ਾਂਤੀ ਪੂਰਵਕ ਜਾਰੀ ਹੈ। ਕਿਤੋਂ ਵੀ ਕਿਸੇ ਕਿਸਮ ਦੀ ਗੜਬੜੀ ਬਾਰੇ ਕੋਈ ਸੂਚਨਾ ਨਹੀਂ ਮਿਲੀ। ਵੋਟਰ ਪੁਰ-ਅਮਨ ਢੰਗ ਨਾਲ ਪੋਲਿੰਗ ਸਟੇਸ਼ਨਾਂ ’ਤੇ ਜਾ ਕੇ ਆਪਣੀਆਂ ਵੋਟਾਂ ਪਾ ਰਹੇ ਹਨ। ਪੋਲਿੰਗ ਪ੍ਰਕਿਰਿਆ ਨੂੰ ਸ਼ਾਂਤੀ ਨਾਲ ਨੇਪਰੇ ਚੜ੍ਹਾਉਣ ਲਈ ਪ੍ਰਸ਼ਾਸਨ ਕਾਫੀ ਮੁਸਤੈਦ ਨਜ਼ਰ ਆਇਆ। ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਚੋਣ ਅਮਲਾ ਚੌਕਸ ਰਿਹਾ। ਭਾਵੇਂ ਸਵੇਰੇ 8 ਵਜੇ ਤੋਂ ਹੀ ਵੋਟਾਂ ਪਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ, ਪਰ ਪੋਲਿੰਗ ਸਟੇਸ਼ਨਾਂ ’ਤੇ ਵੋਟਰਾਂ ਦੀ ਆਮਦ ਕਾਫੀ ਮੱਠੀ ਰਹੀ। ਬਠਿੰਡਾ ਜ਼ਿਲ੍ਹੇ ’ਚ ਸਵੇਰੇ 10 ਵਜੇ ਤੱਕ 8.5 ਫੀਸਦੀ ਵੋਟਾਂ ਦਾ ਭੁਗਤਾਨ ਹੋਇਆ। ਉਸ ਤੋਂ ਬਾਅਦ ਦੁਪਹਿਰ 12 ਵਜੇ ਤੱਕ ਇਹ ਪ੍ਰਤੀਸ਼ਤਤਾ ਵਧ ਕੇ 20 ਤੱਕ ਅੱਪੜ ਗਈ ਅਤੇ ਦੁਪਹਿਰ 2 ਵਜੇ ਇਹ 33.85 ਫੀਸਦੀ ਹੋ ਗਈ। ਜੈਤੋ ਸਬ-ਡਵੀਜ਼ਨ ਵਿੱਚ 12 ਵਜੇ ਤੱਕ ਦਾ ਇਹ ਗ਼ਰਾਫ਼ 18 ਪ੍ਰਤੀਸ਼ਤ ਸੀ, ਜੋ ਕਿ 2 ਵਜੇ ਵਧ ਕੇ ਇਹ 33 ਫੀਸਦੀ ਹੋ ਗਿਆ। -ਸ਼ਗਨ ਕਟਾਰੀਆ

ਮੁਕਤਸਰ ਜ਼ਿਲ੍ਹੇ ਦੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਪਿੰਡ ਬਾਬਨੀਆ ਵਿਖੇ ਕਾਂਗਰਸੀ ਵਰਕਰਾਂ ਨੇ ਪੋਲਿੰਗ ਸਟੇਸ਼ਨ ਦੇ ਅੰਦਰ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ।

December 14, 2025 2:50 pm

ਮੋਗਾ ਜ਼ਿਲ੍ਹੇ ਵਿਚ ਦੁਪਹਿਰ 2 ਵਜੇ ਤੱਕ 30.31 ਫੀਸਦ ਪੋਲਿੰਗ

December 14, 2025 2:48 pm

ਮੋਗਾ ਜ਼ਿਲ੍ਹੇ ਵਿਚ ਦੁਪਹਿਰ 2 ਵਜੇ ਤੱਕ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਲਈ ਦੁਪਹਿਰ 2 ਵਜੇ ਤੱਕ 30.31 ਫੀਸਦ ਪੋਲਿੰਗ ਦਰਜ ਕੀਤੀ ਗਈ ਹੈ। ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਮੋਗਾ: 30.86 ਫੀਸਦੀ ਪੰਚਾਇਤ ਸਮਿਤੀ ਬਾਘਾਪੁਰਾਣਾ- 30.99 ਫੀਸਦੀ ਬਲਾਕ ਸਮਿਤੀ ਕੋਟ ਈਸੇ ਖਾਂ- 35.87 ਫੀਸਦੀ ਪੰਚਾਇਤ ਸਮਿਤੀ ਧਰਮਕੋਟ-30.15 ਫੀਸਦੀ ਪੰਚਾਇਤ ਸੰਮਤੀ ਨਿਹਾਲ ਸਿੰਘ ਵਾਲਾ – 27.35 ਫੀਸਦੀ ਕੁੱਲ ਪੋਲਿੰਗ – 30.31 ਫੀਸਦੀ

ਮਹਿਲ ਕਲਾਂ: ਬਲਾਕ ਸਮਿਤੀ ਜ਼ੋਨ ਚੰਨਣਵਾਲ ਦੇ ਇੱਕ ਬੂਥ ਦੀ ਪੋਲਿੰਗ ਰੱਦ

December 14, 2025 2:43 pm

ਬਲਾਕ ਮਹਿਲ ਕਲਾਂ ਅਧੀਨ ਪੈਂਦੇ ਬਲਾਕ ਸਮਿਤੀ ਜ਼ੋਨ ਚੰਨਣਵਾਲ ਦੇ ਇੱਕ ਬੂਥ ਦੀ ਪੋਲਿੰਗ ਚੋਣ ਕਮਿਸ਼ਨ ਵੱਲੋਂ ਰੱਦ ਕਰ ਦਿੱਤੀ ਗਈ ਹੈ। ਜ਼ੋਨ ਅਧੀਨ ਪੈਂਦੇ ਪਿੰਡ ਰਾਏਸਰ ਪਟਿਆਲਾ ਦੇ ਬੂਥ ਨੰਬਰ 20 ਵਿੱਚ ਇਹ ਵਿਵਾਦ ਹੋਇਆ ਹੈ। ਇਸ ਕਾਰਨ ਕਰੀਬ ਤਿੰਨ ਘੰਟੇ ਇਸ ਬੂਥ ਦੀ ਚੋਣ ਪ੍ਰਕਿਰਿਆ ਬੰਦ ਰਹੀ। ਜਾਣਕਾਰੀ ਮੁਤਾਬਕ ਸਵੇਰੇ ਸਮੇਂ ਇਸ ਬੂਥ ਉਪਰ ਪੋਸਟਲ ਬੈਲੇਟ ਪੇਪਰ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਚਿੰਨ੍ਹ ਨਾ ਹੋਣ ਕਾਰਨ ਅਕਾਲੀ ਦਲ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਅਤੇ ਚੋਣ ਪ੍ਰਕਿਰਿਆ ’ਤੇ ਸਵਾਲ ਉਠਾਏ ਗਏ। ਜਿਸ ਤੋਂ ਬਾਅਦ ਮੌਕੇ ’ਤੇ ਐਸਡੀਐਮ ਮਹਿਲ ਕਲਾਂ ਬੇਅੰਤ ਸਿੰਘ, ਡੀਐਸਪੀ ਜਸਪਾਲ ਸਿੰਘ ਪਹੁੰਚੇ ਅਤੇ ਸਾਰੀਆਂ ਧਿਰਾਂ ਨਾਲ ਗੱਲਬਾਤ ਕੀਤੀ ਪਰ ਕੋਈ ਨਤੀਜਾ ਨਹੀਂ ਨਿਕਲਿਆ। ਜਿਸ ਤੋਂ ਬਾਅਦ ਏਡੀਸੀ ਜਨਰਲ ਅਮਿਤ ਬੇਂਬੀ ਅਤੇ ਚੋਣ ਆਬਜ਼ਰਬਰ ਬਲਦੀਪ ਕੌਰ ਵੀ ਆਏ। ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਪੋਲਿੰਗ ਬੂਥ ਉਪਰ ਤਕਨੀਕੀ ਕਾਰਨਾਂ ਕਰਕੇ ਪ੍ਰਿੰਟਿੰਗ ਵਿੱਚ ਕੁਝ ਗਲਤੀ ਰਹੀ ਹੈ। ਇਸ ਮਾਮਲੇ ਦੀ ਜਾਂਚ ਵੀ ਕੀਤੀ ਜਾਵੇਗੀ। ਬੂਥ 20 ਉਪਰ ਪੋਲਿੰਗ ਰੱਦ ਕਰ ਦਿੱਤੀ ਗਈ ਹੈ। ਹੁਣ ਇਹ ਚੋਣ 16 ਦਸੰਬਰ ਨੂੰ ਹੋਵੇਗੀ। -ਲਖਵੀਰ ਸਿੰਘ ਚੀਮਾ

ਰਾਏਕੋਟ ਹਲਕੇ ਦੇ ਪੋਲਿੰਗ ਬੂਥਾਂ ’ਤੇ ਸੁੰਨ ਪਸਰੀ, ਵੋਟਰਾਂ ਦਾ ਉਤਸ਼ਾਹ ਮੱਠਾ

December 14, 2025 2:38 pm

ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਵਿੱਚ ਬਾਅਦ ਦੁਪਹਿਰ ਤੱਕ ਹਲਕੇ ਦੇ ਪਿੰਡਾਂ ਵਿੱਚ ਪੋਲਿੰਗ ਬੂਥਾਂ ਉਪਰ ਕਿਧਰੇ ਰੌਣਕ ਦਿਖਾਈ ਨਹੀਂ ਦਿੱਤੀ ਅਤੇ ਨਾ ਹੀ ਵੋਟਰਾਂ ਦੀਆਂ ਕਤਾਰਾਂ ਦਿਖਾਈ ਦਿੱਤੀਆਂ। ਇਕਾ-ਦੁੱਕਾ ਵੋਟਰ ਹੀ ਵੋਟ ਪਾਉਣ ਲਈ ਘਰਾਂ ਵਿਚੋਂ ਬਾਹਰ ਆਏ, ਜਿਸ ਕਾਰਨ ਉਮੀਦਵਾਰਾਂ ਦੇ ਹੌਸਲੇ ਡਾਵਾਂਡੋਲ ਹੀ ਦਿਖਾਈ ਦੇ ਰਹੇ ਸਨ, ਹਾਲਾਂਕਿ ਵੱਖ-ਵੱਖ ਰਾਜਸੀ ਧਿਰਾਂ ਦੇ ਆਗੂ ਪੂਰੀ ਸਰਗਰਮੀ ਨਾਲ ਪਿੰਡਾਂ ਵਿੱਚ ਦੌਰੇ ਕਰਦੇ ਦੇਖੇ ਗਏ। ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਧਿਕਾਰਤ ਤੌਰ ’ਤੇ ਦਿੱਤੇ ਅੰਕੜਿਆਂ ਮੁਤਾਬਕ ਦੁਪਹਿਰ 12 ਵਜੇ ਤੱਕ ਕੇਵਲ 17.2 ਫ਼ੀਸਦੀ ਵੋਟਾਂ ਪਈਆਂ ਹਨ। ਜਾਣਕਾਰੀ ਅਨੁਸਾਰ ਰਾਏਕੋਟ ਬਲਾਕ ਵਿੱਚ ਵੀ ਇਹੀ ਸਥਿਤੀ ਦੇਖਣ ਨੂੰ ਮਿਲੀ। ਹਲਵਾਰਾ ਦੇ ਇਕ ਬੂਥ ਉਪਰ ਕਰੀਬ 22 ਫੀਸਦ ਵੋਟਿੰਗ ਹੋਈ ਸੀ ਜਦਕਿ ਇਕ ਹੋਰ ਬੂਥ ਉਪਰ ਪਹਿਲੇ ਚਾਰ ਘੰਟਿਆਂ ਵਿੱਚ ਵੋਟਿੰਗ 10 ਫੀਸਦ ਤੱਕ ਹੀ ਪਹੁੰਚੀ ਸੀ। ਉੱਧਰ ਖ਼ੁਫ਼ੀਆ ਰਿਪੋਰਟਾਂ ਦੇ ਮੱਦੇਨਜ਼ਰ ਪੁਲੀਸ ਪ੍ਰਸ਼ਾਸਨ ਕਾਫ਼ੀ ਮੁਸਤੈਦ ਦਿਖਾਈ ਦਿੱਤਾ। ਸੰਵੇਦਨਸ਼ੀਲ ਬੂਥਾਂ ਉਪਰ ਵਾਧੂ ਸੁਰੱਖਿਆ ਦਿੱਤੀ ਗਈ ਸੀ। ਦੁਪਹਿਰ ਦੋ ਵਜੇ ਤੱਕ ਕਿਧਰੇ ਵੀ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਬਾਰੇ ਕੋਈ ਰਿਪੋਰਟ ਨਹੀਂ ਮਿਲੀ ਹੈ। -ਸੰਤੋਖ ਗਿੱਲ

ਸ਼ੇਰਪੁਰ ਤਾਇਬਾ ਦੇ ਪੋਲਿੰਗ ਬੂਥ ’ਤੇ ਕਾਂਗਰਸ ਪਾਰਟੀ ਵਲੋਂ ਜਾਅਲੀ ਵੋਟਾਂ ਪਾਉਣ ਦੇ ਦੋਸ਼

December 14, 2025 2:35 pm

ਪੰਚਾਇਤ ਸਮਿਤੀ ਕੋਟ ਈਸੇ ਖਾਂ ਦੇ ਜ਼ੋਨ ਸ਼ੇਰਪੁਰ ਤਾਇਬਾ ਵਿੱਚ ਸਥਿਤੀ ਉਦੋਂ ਤਣਾਅਪੂਰਨ ਬਣ ਗਈ ਜਦੋਂ ਵਿਰੋਧੀ ਕਾਂਗਰਸ ਪਾਰਟੀ ਨੇ ਪੋਲਿੰਗ ਸਟੇਸ਼ਨ ਉਤੇ ਜਾਅਲੀ ਵੋਟਾਂ ਭੁਗਤਾਉਣ ਦਾ ਖਦਸ਼ਾ ਪ੍ਰਗਟਾਇਆ। ਜ਼ਿਲ੍ਹਾ ਪਰਿਸ਼ਦ ਦੇ ਜ਼ੋਨ ਕੜਾਹੇਵਾਲਾ (1) ਦੇ ਚੋਣ ਏਜੰਟ ਸੰਦੀਪ ਸਿੰਘ ਸੰਧੂ ਵਲੋਂ ਇਸ ਦੀ ਸ਼ਿਕਾਇਤ ਕੋਟ ਈਸੇ ਖਾਂ ਦੇ ਰਿਟਰਨਿੰਗ ਅਫਸਰ ਗਗਨਦੀਪ ਸਿੰਘ ਨੂੰ ਕੀਤੀ ਗਈ। ਇਸ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਰਿਟਰਨਿੰਗ ਅਧਿਕਾਰੀ ਆਪਣੇ ਅਮਲੇ ਫੈਲੇ ਅਤੇ ਪੁਲੀਸ ਅਧਿਕਾਰੀਆਂ ਨੂੰ ਨਾਲ ਲੈ ਕੇ ਸਬੰਧਤ ਬੂਥ ਉੱਤੇ ਪੁੱਜੇ ਅਤੇ ਚੋਣ ਅਮਲੇ ਤੋਂ ਸਾਰੀ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਹਲਕੇ ਦੇ ਸਾਬਕਾ ਕਾਂਗਰਸ ਵਿਧਾਇਕ ਕਾਕਾ ਸੁਖਜੀਤ ਸਿੰਘ ਲੋਹਗੜ੍ਹ, ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਬੀਬੀ ਜਸਬੀਰ ਕੌਰ ਅਤੇ ਪੰਚਾਇਤ ਸਮਿਤੀ ਦੇ ਉਮੀਦਵਾਰ ਬੀਬੀ ਜਸਵਿੰਦਰ ਕੌਰ ਦੇ ਪਤੀ ਸਾਬਕਾ ਸਰਪੰਚ ਕਰਨੈਲ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਸਮਰਥਕ ਵੀ ਪੁੱਜ ਗਏ। ਪੁਲੀਸ ਨੇ ਮਾਮਲੇ ਨੂੰ ਸ਼ਾਂਤ ਕੀਤਾ। ਰਿਟਰਨਿੰਗ ਅਧਿਕਾਰੀ ਗਗਨਦੀਪ ਸਿੰਘ ਨੇ ਕਿਹਾ ਕਿ ਚੋਣਾਂ ਪਾਰਦਰਸ਼ੀ ਢੰਗ ਅਤੇ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਹੋ ਰਹੀਆਂ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਕਿਸੇ ਨੂੰ ਵੀ ਚੋਣ ਅਮਲ ਵਿੱਚ ਗੜਬੜੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਚੋਣ ਅਮਲੇ ਨੂੰ ਸਖਤ ਹਦਾਇਤ ਕੀਤੀ ਕਿ ਜੇਕਰ ਜਾਅਲੀ ਵੋਟਾਂ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਹ ਕਾਰਵਾਈ ਲਈ ਤਿਆਰ ਰਹਿਣ। ਦੂਜੇ ਪਾਸੇ ਸਾਬਕਾ ਵਿਧਾਇਕ ਕਾਕਾ ਲੋਹਗੜ੍ਹ ਦਾ ਕਹਿਣਾ ਸੀ ਕਿ ਹਾਕਮ ਧਿਰ ਦੇ ਸਮਰਥਕ ਸ਼ਰੇਆਮ ਜਾਅਲੀ ਵੋਟਾਂ ਦਾ ਭੁਗਤਾਨ ਕਰ ਰਹੇ ਸਨ। ਕਾਂਗਰਸੀ ਸਮਰਥਕਾਂ ਦੇ ਰੋਕਣ ਉੱਤੇ ਵੀ ਉਹ ਨਹੀਂ ਰੁਕੇ। ਇਸ ਲਈ ਮਾਮਲਾ ਉਪਰ ਉਠਾਉਣਾ ਪਿਆ। -ਹਰਦੀਪ ਸਿੰਘ

ਅਟਾਰੀ ਹਲਕੇ ਦੇ ਬਲਾਕ ਸਮਿਤੀ ਖੇਤਰ ਵਰਪਾਲ ਵਿਚ ਵੀ ਚੋਣ ਮੁਲਤਵੀ

December 14, 2025 2:30 pm

ਖਾਸਾ ਬਲਾਕ ਸਮਿਤੀ ਦੇ ਚਾਰ ਬੂਥਾਂ ’ਤੇ ਚੋਣ ਮੁਲਤਵੀ ਕੀਤੇ ਜਾਣ ਤੋਂ ਬਾਅਦ ਹੁਣ ਅਟਾਰੀ ਹਲਕੇ ਦੇ ਬਲਾਕ ਸਮਿਤੀ ਖੇਤਰ ਵਰਪਾਲ ਵਿੱਚ ਵੀ ਬੈਲੇਟ ਪੇਪਰ ਦੀ ਗਲਤੀ ਕਾਰਨ ਚੋਣ ਮੁਲਤਵੀ ਕੀਤੀ ਗਈ ਹੈ। ਇਹ ਜਾਣਕਾਰੀ ਸਰਕਾਰੀ ਬੁਲਾਰੇ ਵੱਲੋਂ ਦਿੱਤੀ ਗਈ। ਜ਼ਿਲੇ ਵਿੱਚ 12 ਵਜੇ ਤੱਕ 14 ਫੀਸਦ ਪੋਲਿੰਗ ਹੋਈ ਹੈ। ਇਸ ਦੌਰਾਨ ਭਾਜਪਾ ਦੇ ਲੀਗਲ ਸੈੱਲ ਦੇ ਆਗੂ ਐਨਕੇ ਵਰਮਾ ਨੇ ਚੋਣ ਕਮਿਸ਼ਨ ਪਾਸੋਂ ਹਲਕਾ ਅਟਾਰੀ ਦੇ ਘਰਿੰਡਾ, ਡੰਡੇ ਅਤੇ ਵਰਪਾਲ ਪਿੰਡਾਂ ’ਚ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬੈਲੇਟ ਪੇਪਰ ’ਚ ਭਾਜਪਾ ਉਮੀਦਵਾਰ ਦੇ ਨਾਮ ਅਤੇ ਚੋਣ ਨਿਸ਼ਾਨ ਨਹੀਂ ਛਾਪੇ ਗਏ। -ਜਗਤਾਰ ਸਿੰਘ ਲਾਂਬਾ

ਹਲਕਾ ਸ਼ੁਤਰਾਣਾ ਦੇ ਛੇ ਪਿੰਡਾਂ ਵਿਚ ਚੋਣਾਂ ਦਾ ਮੁਕੰਮਲ ਬਾਈਕਾਟ

December 14, 2025 2:27 pm

ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਹੋ ਰਹੀਆਂ ਚੋਣਾਂ ਦੌਰਾਨ ਹਲਕਾ ਸ਼ੁਤਰਾਣਾ ਨਾਲ ਸਬੰਧਤ ਪੰਜ ਪਿੰਡਾਂ ਵੱਲੋਂ ਚੋਣਾਂ ਦਾ ਮੁਕੰਮਲ ਬਾਈਕਾਟ ਜਾਰੀ ਹੈ। ਇਨ੍ਹਾਂ ਪਿੰਡਾਂ ਵਿੱਚ ਕੋਈ ਵੀ ਵਿਅਕਤੀ ਆਪਣੀ ਵੋਟ ਪਾਉਣ ਲਈ ਬੂਥਾਂ ਉੱਤੇ ਨਹੀਂ ਪਹੁੰਚਿਆ ਜਦੋਂ ਕਿ ਪੋਲਿੰਗ ਬੂਥਾਂ ਉੱਤੇ ਪੋਲਿੰਗ ਪਾਰਟੀਆਂ ਪਹੁੰਚੀਆਂ ਹੋਈਆਂ ਹਨ। ਪੋਲਿੰਗ ਦੀ ਸ਼ੁਰੂਆਤ ਦੌਰਾਨ ਇੱਕ ਹੋਰ ਪਿੰਡ ਇਸ ਬਾਈਕਾਟ ਵਿੱਚ ਸ਼ਾਮਲ ਹੋ ਗਿਆ ਜਿਸ ਸਬੰਧੀ ਬਕਾਇਦਾ ਗੁਰਦੁਆਰਾ ਸਾਹਿਬ ਤੋਂ ਅਨਾੳੂਂਸਮੈਂਟ ਕਰਕੇ ਪਿੰਡ ਵਾਸੀਆਂ ਵੱਲੋਂ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਹਲਕਾ ਸ਼ੁਤਰਾਣਾ ਅਧੀਨ ਆਉਂਦੇ ਪਿੰਡ ਸਹਿਜਪੁਰ ਕਲਾਂ, ਖੁਰਦ, ਭੇਡਪੁਰੀ, ਕੋਟਲੀ, ਦੋਦੜਾ ਅਤੇ ਧਰਮਗੜ੍ਹ ਨੂੰ ਕੁਝ ਸਮਾਂ ਪਹਿਲਾਂ ਬਲਾਕ ਸਮਾਣਾ ਵਿੱਚੋਂ ਕੱਢ ਕੇ ਬਲਾਕ ਪਾਤੜਾਂ ਨਾਲ ਜੋੜਿਆ ਗਿਆ ਸੀ। ਇਸ ਦੇ ਵਿਰੋਧ ਵਿੱਚ ਉਕਤ ਪਿੰਡਾਂ ਨੇ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਸੀ। ਇਸ ਐਲਾਨ ਦੌਰਾਨ ਜਿੱਥੇ ਪੰਜ ਪਿੰਡ ਪਹਿਲਾਂ ਹੀ ਬਾਈਕਾਟ ਵਿੱਚ ਸ਼ਾਮਲ ਸਨ ਹੁਣ ਪੋਲਿੰਗ ਦੇ ਦਿਨ ਪਿੰਡ ਧਰਮਗੜ੍ਹ ਛੰਨਾ ਦੇ ਗੁਰਦੁਆਰਾ ਸਾਹਿਬ ਤੋਂ ਅਨਾੳੂਂਸਮੈਂਟ ਕਰਕੇ ਪਿੰਡ ਵਾਸੀਆਂ ਨੇ ਪੋਲਿੰਗ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ। ਜਾਣਕਾਰੀ ਅਨੁਸਾਰ ਕੋਈ ਵੀ ਪਿੰਡ ਵਾਸੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪੋਲਿੰਗ ਬੂਥ ਉੱਤੇ ਨਹੀਂ ਪੁੱਜਾ ਜਦੋਂ ਕਿ ਪੋਲਿੰਗ ਪਾਰਟੀਆਂ ਡਿਊਟੀ ਉੱਤੇ ਡਟੀਆਂ ਹੋਈਆਂ ਹਨ। -ਗੁਰਨਾਮ ਸਿੰਘ ਚੌਹਾਨ

ਤਰਨ ਤਾਰਨ ਜ਼ਿਲ੍ਹੇ ਵਿਚ ਸੁਸਤ ਸ਼ੁਰੂਆਤ ਮਗਰੋਂ ਵੋਟਿੰਗ ਨੇ ਰਫ਼ਤਾਰ ਫੜੀ

December 14, 2025 1:44 pm

ਤਰਨ ਤਾਰਨ ਜ਼ਿਲ੍ਹੇ ਅੰਦਰ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਵਿੱਚ ਵੋਟਰਾਂ ਨੇ ਸੁਸਤ ਰਫ਼ਤਾਰ ਨਾਲ ਵੋਟਾਂ ਪਾਉਣ ਦੀ ਸ਼ੁਰੁਆਤ ਕੀਤੀ ਜਿਸ ਨੇ ਮਗਰੋਂ ਰਫਤਾਰ ਫੜ ਲਈ। ਜ਼ਿਲ੍ਹੇ ਦੇ ਬਲਾਕ ਵਲਟੋਹਾ ਵਿੱਚ ਵੋਟਾਂ ਪਾਉਣ ਦੀ ਰਫਤਾਰ ਹੋਰਨਾਂ ਬਲਾਕਾਂ ਤੋਂ ਵਧੇਰੇ ਸੁਸਤ ਦੇਖਣ ਨੂੰ ਮਿਲੀ ਜਦਕਿ ਨਾਗੋਕੇ ਬਲਾਕ ਵਿੱਚ ਵੋਟਰਾਂ ਨੇ ਵੋਟਿੰਗ ਮੌਕੇ ਵਧੇਰੇ ਉਤਸ਼ਾਹ ਦਿਖਾਇਆ। ਵਲਟੋਹਾ ਵਿੱਚ ਸਵੇਰੇ 10 ਵਜੇ ਤੱਕ 5.71 ਫੀਸਦ ਪੋਲਿੰਗ ਹੋਈ ਜੋ 12 ਵਜੇ ਤੱਕ ਵੱਧ ਕੇ 15.89 ਫੀਸਦ ਹੋ ਗਈ। ਨਾਗੋਕੇ ਬਲਾਕ ਵਿਚ ਸਵੇਰੇ 10 ਵਜੇ ਤੱਕ ਵੋਟਾਂ ਦਾ ਭੁਗਤਾਨ 8.68 ਫੀਸਦ ਸੀ ਜਿਹੜਾ 12 ਵਜੇ ਤੱਕ ਵੱਧ ਕੇ 20.12 ਫੀਸਦ ਹੋ ਗਿਆ, ਜੋ ਜ਼ਿਲ੍ਹੇ ਦੇ ਹੋਰਨਾਂ ਬਲਾਕਾਂ ਤੋਂ ਵੱਧ ਸੀ। -ਗੁਰਬਖਸ਼ਪੁਰੀ

ਜ਼ਿਲ੍ਹਾ ਸੰਗਰੂਰ ਚ 12 ਵਜੇ ਤੱਕ 17.8 ਫੀਸਦ ਵੋਟਿੰਗ

December 14, 2025 1:29 pm

ਸੰਗਰੂਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਲਈ ਅੱਜ ਪੈ ਰਹੀਆਂ ਵੋਟਾਂ ਦੌਰਾਨ ਸਵੇਰੇ 10 ਵਜੇ ਤੱਕ 7.02% ਵੋਟਿੰਗ ਹੋਈ ਜਦੋਂ ਕਿ ਦੁਪਹਿਰ 12 ਵਜੇ ਤੱਕ 17.81% ਵੋਟਿੰਗ ਹੋ ਚੁੱਕੀ ਹੈ। ਵੋਟਰ ਹੌਲੀ ਹੌਲੀ ਘਰਾਂ ’ਚੋਂ ਨਿਕਲ ਕੇ ਪੋਲਿੰਗ ਬੂਥਾਂ ਤੱਕ ਪੁੱਜ ਰਹੇ ਹਨ। ਵੱਖ ਵੱਖ ਪਿੰਡਾਂ ਵਿਚ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਬਹੁਤ ਘੱਟ ਵੇਖਣ ਨੂੰ ਮਿਲ ਰਹੀਆਂ ਹਨ। ਜ਼ਿਲ੍ਹਾ ਸੰਗਰੂਰ ਵਿੱਚ 18 ਜ਼ਿਲਾ ਪਰਿਸ਼ਦਾਂ ਲਈ 80 ਅਤੇ 10 ਪੰਚਾਇਤ ਸਮਿਤੀਆਂ ਦੇ 162 ਜ਼ੋਨਾਂ ਲਈ 439 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। -ਗੁਰਦੀਪ ਸਿੰਘ ਲਾਲੀ

ਲਹਿਰਾਗਾਗਾ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਚੌਣਾਂ ਲਈ ਔਰਤਾਂ ਵਿਚ ਵੱਡਾ ਉਤਸ਼ਾਹ

December 14, 2025 1:24 pm

ਪਿੰਡ ਭੁਟਾਲ ਕਲਾ ਦੇ ਸਰਕਾਰੀ ਸਕੂਲ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਲਈ ਔਰਤਾਂ ਵਿਚ ਪੋਲਿੰਗ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਔਰਤਾਂ ਦੀ ਸਵੇਰੇ ਤੋਂ ਹੀ ਪੋਲਿੰਗ ਬੂਥਾਂ ’ਤੇ ਲੰਮੀ ਲਾਈਨ ਲੱਗੀ ਰਹੀ। ਉਂਝ ਵੋਟਿੰਗ ਦੌਰਾਨ ਕੁਲ ਮਿਲਾ ਕੇ ਪੂਰਨ ਸ਼ਾਂਤੀ ਬਣੀ ਹੋਈ ਹੈ।

ਖਾਸਾ ਬਲਾਕ ਸਮਿਤੀ ਦੇ ਚਾਰ ਬੂਥਾਂ ’ਤੇ ਚੋਣ ਰੱਦ, ਅੰਮ੍ਰਿਤਸਰ ਜ਼ਿਲ੍ਹੇ ’ਚ ਸਵੇਰੇ 11:30 ਵਜੇ ਤੱਕ 7 ਫੀਸਦ ਪੋਲਿੰਗ

December 14, 2025 1:20 pm

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀਆਂ ਪੈ ਰਹੀਆਂ ਵੋਟਾਂ ਦੌਰਾਨ ਖਾਸਾ ਬਲਾਕ ਸਮਿਤੀ ਦੇ ਚਾਰ ਬੂਥਾਂ ’ਤੇ ਚੋਣ ਰੱਦ ਕਰ ਦਿੱਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਖਾਸਾ ਬਲਾਕ ਸਮਿਤੀ ਦੇ ਖੇਤਰ ਵਿੱਚ ਚਾਰ ਬੂਥਾਂ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਚੋਣ ਨਿਸ਼ਾਨ ਠੀਕ ਨਹੀਂ ਸੀ, ਜਿਸ ਕਾਰਨ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਇੱਥੇ ਚੋਣ ਰੱਦ ਕਰ ਦਿੱਤੀ ਗਈ ਹੈ। ਜਦੋਂ ਕਿ ਜ਼ਿਲਾ ਪਰਿਸ਼ਦ ਲਈ ਚੋਣਾਂ ਨਿਰਵਿਘਨ ਜਾਰੀ ਹਨ। ਸਰਕਾਰੀ ਬੁਲਾਰੇ ਦੇ ਮੁਤਾਬਕ 11:30 ਵਜੇ ਤੱਕ ਜ਼ਿਲ੍ਹੇ ਵਿੱਚ ਸੱਤ ਫੀਸਦ ਵੋਟਾਂ ਪਈਆਂ ਸਨ। -ਜਗਤਾਰ ਸਿੰਘ ਲਾਂਬਾ

ਫਰੀਦਕੋਟ ਵਿਚ 12 ਵਜੇ ਤੱਕ 22.70 ਫੀਸਦ ਪੋਲਿੰਗ

December 14, 2025 1:18 pm

ਫਰੀਦਕੋਟ ਵਿਚ ਜਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਲਈ ਦੁਪਹਿਰ 12 ਵਜੇ ਤੱਕ 22.70 ਫੀਸਦ ਪੋਲਿੰਗ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਕੋਟਕਪੁਰਾ ਵਿਚ 21.6 ਫੀਸਦ ਤੇ ਜੈਤੋ ਵਿਚ 18 ਫੀਸਦ ਪੋਲਿੰਗ ਹੋਈ ਹੈ।

ਬਠਿੰਡਾ ਵਿਚ 12 ਵਜੇ ਤੱਕ 20 ਫੀਸਦ ਪੋਲਿੰਗ

December 14, 2025 1:01 pm

ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੌਰਾਨ ਅੱਜ ਧੁੰਦ ਕਾਰਨ ਸਵੇਰੇ ਵੋਟਿੰਗ ਧੀਮੀ ਰਫ਼ਤਾਰ ਨਾਲ ਸ਼ੁਰੂ ਹੋਈ। ਜ਼ਿਲ੍ਹੇ ਵਿੱਚ ਸਵੇਰੇ 10.5 ਫੀਸਦੀ ਵੋਟਿੰਗ ਹੋਈ। ਜ਼ਿਆਦਾਤਰ ਪਿੰਡਾਂ ਵਿੱਚ 10 ਵਜੇ ਤੋਂ ਬਾਅਦ ਵੋਟਰ ਲਾਈਨਾਂ ਵਿੱਚ ਖੜ੍ਹੇ ਨਜ਼ਰ ਆਏ। ਦੁਪਹਿਰ 12 ਵਜੇ ਜ਼ਿਲ੍ਹੇ ਵਿੱਚ ਵੋਟਿੰਗ 20 ਫੀਸਦੀ ਦਰਜ ਕੀਤੀ ਗਈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ ਪੈਣ ਵਾਲੀਆਂ ਵੋਟਾਂ ਲਈ ਕੁੱਲ 826 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚ ਅਤਿ ਸੰਵੇਦਨਸ਼ੀਲ 141, ਸੰਵੇਦਨਸ਼ੀਲ 409 ਅਤੇ ਗੈਰ ਸੰਵੇਦਨਸ਼ੀਲ 276 ਪੋਲਿੰਗ ਬੂਥ ਸ਼ਾਮਲ ਹਨ। ਇਨ੍ਹਾਂ ਪੋਲਿੰਗ ਬੂਥਾਂ ‘ਤੇ ਚੋਣ ਲੜ ਰਹੇ 511 ਉਮੀਦਵਾਰਾਂ ਲਈ ਜ਼ਿਲ੍ਹੇ ਦੇ 647802 ਵੋਟਰਾਂ ਵਲੋਂ ਪੋਸਟਲ ਬੈਲੇਟ ਪੇਪਰ ਰਾਹੀਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇਗੀ। ਇਸ ਬਾਰੇ ਜ਼ਿਲ੍ਹਾ ਚੋਣ ਅਫਸਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਕੁੱਲ 647802 ਵੋਟਰਾਂ ਵਿੱਚ ਮਰਦ 340376, ਔਰਤਾਂ 307417 ਅਤੇ 9 ਥਰਡ ਜੈਂਡਰ ਸ਼ਾਮਲ ਹਨ। -ਮਨੋਜ ਸ਼ਰਮਾ

ਜ਼ਿਲ੍ਹਾ ਬਰਨਾਲਾ ਵਿੱਚ ਦੁਪਹਿਰ 12 ਵਜੇ ਤੱਕ ਕੁੱਲ 16.78 ਫੀਸਦੀ ਵੋਟਿੰਗ

December 14, 2025 12:55 pm

ਜ਼ਿਲ੍ਹਾ ਬਰਨਾਲਾ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਲਈ ਦੁਪਿਹਰ 12 ਵਜੇ ਤੱਕ ਕੁੱਲ 16.78 ਫੀਸਦੀ ਵੋਟਾਂ ਪੋਲ ਹੋਈਆਂ। ਇਸ ਦੌਰਾਨ ਬਰਨਾਲਾ – 19.40%, ਮਹਿਲ ਕਲਾਂ – 16.33%, ਸਹਿਣਾ – 15.82%। ਜ਼ਿਲ੍ਹਾ ਬਰਨਾਲਾ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਦੁਪਹਿਰ 12 ਵਜੇ ਤੱਕ ਕੁੱਲ ਵੋਟਿੰਗ ਪ੍ਰਤੀਸ਼ਤ 16.78% ਹੈ। -ਪਰਸ਼ੋਤਮ ਬੱਲੀ

ਇਸ ਦੌਰਾਨ ਦੁਪਹਿਰ 12 ਵਜੇ ਤੱਕ ਖਰੜ 22.9 ਫੀਸਦੀ, ਡੇਰਾਬੱਸੀ 24.4 ਫੀਸਦੀ ਅਤੇ ਮਾਜਰੀ ਵਿੱਚ 25.60 ਫੀਸਦੀ ਪੋਲਿੰਗ ਹੋਈ।

December 14, 2025 12:53 pm

ਮੋਗਾ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਲਈ 12 ਵਜੇ ਤੱਕ ਦੀ 17.49 ਫੀਸਦ ਪੋਲਿੰਗ

December 14, 2025 12:47 pm

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੋਗਾ- 18.18ਫੀਸਦੀ ਪੰਚਾਇਤ ਸੰਮਤੀ ਬਾਘਾਪੁਰਾਣਾ- 17.91 ਫੀਸਦੀ ਬਲਾਕ ਸੰਮਤੀ ਕੋਟ ਈਸੇ ਖਾਂ- 20.24 ਫੀਸਦੀ ਪੰਚਾਇਤ ਸੰਮਤੀ ਧਰਮਕੋਟ- 18.82 ਫੀਸਦੀ ਪੰਚਾਇਤ ਸੰਮਤੀ ਨਿਹਾਲ ਸਿੰਘ ਵਾਲਾ – 15.16 ਕੁੱਲ ਪੋਲਿੰਗ – 17.49 ਫੀਸਦੀ

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਦੁਪਹਿਰ 12 ਵਜੇ ਤੱਕ 20% ਪੋਲਿੰਗ

December 14, 2025 12:45 pm

ਵਿਧਾਇਕ ਢੋਸ ਨੇ ਵੋਟ ਪਾਈ

December 14, 2025 12:45 pm

ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਆਪਣੇ ਜੱਦੀ ਪਿੰਡ ਕੈਲਾ ਦੇ ਪੋਲਿੰਗ ਸਟੇਸ਼ਨ ’ਤੇ ਆਪਣੀ ਵੋਟ ਪਾਈ ਹੈ। । ਵਿਧਾਇਕ ਨੇ ਕਿਹਾ ਕਿ ਹਲਕੇ ਅੰਦਰ ਵੋਟਾਂ ਦਾ ਕੰਮ ਪੂਰੇ ਅਮਨ ਅਮਾਨ ਨਾਲ ਚੱਲ ਰਿਹਾ ਹੈ। ਉਨ੍ਹਾਂ ਨੇ ਸੂਬੇ ਦੇ ਚੋਣ ਕਮਿਸ਼ਨ ਵੱਲੋਂ ਵੋਟ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਚਲਾਉਣ ਲਈ ਕੀਤੇ ਗਏ ਪ੍ਰਬੰਧਾਂ ਦੀ ਵੀ ਸਰਾਹਣਾ ਕੀਤੀ। ਇਸ ਮੌਕੇ ਵਿਧਾਇਕ ਨੇ ਧਰਮਕੋਟ ਦੇ ਵੱਖ ਵੱਖ ਚੋਣ ਬੂਥਾਂ ਕੰਨੀਆਂ, ਬਾਜੇਕੇ, ਭੈਣੀ, ਸ਼ੇਰਪੁਰ ਤਾਇਬਾ ਅਤੇ ਬੱਗੇ ਸ਼ੇਰੇਵਾਲਾ ਆਦਿ ਦਾ ਦੌਰਾ ਵੀ ਕੀਤਾ। -ਹਰਦੀਪ ਸਿੰਘ

ਬੈਲੇਟ ਪੇਪਰਾਂ ’ਚ ਪ੍ਰਿੰਟਿੰਗ ਦੀ ਗ਼ਲਤੀ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਖਾਸਾ ਤੇ ਖੁਰਮਾਣੀਆਂ ਪਿੰਡਾਂ ਵਿਚ ਪੋਲਿੰਗ ਰੱਦ

December 14, 2025 12:40 pm

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਵੋਟਿੰਗ ਜਾਰੀ ਹੈ ਤੇ ਸਵੇਰੇ 11 ਵਜੇ ਤੱਕ 7.1 ਫੀਸਦ ਪੋਲਿੰਗ ਦਰਜ ਕੀਤੀ ਗਈ ਹੈ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਪਹਿਲੀਆਂ ਚੋਣਾਂ ਦੇ ਉਲਟ ਐਤਕੀਂ ਵੋਟਿੰਗ ਈਵੀਐੱਮਜ਼ ਦੀ ਬਜਾਏ ਬੈਲੇਟ ਪੇਪਰਾਂ ਰਾਹੀਂ ਕੀਤੀ ਜਾ ਰਹੀ ਹੈ। ਹਾਲਾਂਕਿ, ਅੰਮ੍ਰਿਤਸਰ ਦੇ ਅਟਾਰੀ ਬਲਾਕ ਦੇ ਖੁਰਮਾਣੀਆਂ ਅਤੇ ਖਾਸਾ ਪਿੰਡਾਂ ਵਿੱਚ ਪੋਲਿੰਗ ਰੱਦ ਕਰ ਦਿੱਤੀ ਗਈ ਹੈ। ਬੈਲੇਟ ਪੇਪਰਾਂ ਵਿੱਚ ਤਕਨੀਕੀ ਗ਼ਲਤੀ ਦਾ ਪਤਾ ਲੱਗਣ ਮਗਰੋਂ ਪੋਲਿੰਗ ਰੱਦ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਖਾਸਾ ਪਿੰਡ ਵਿਚ ਬੈਲੇਟ ਪੇਪਰ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਨਾਮ ਸਹੀ ਛਪਿਆ ਸੀ ਪਰ ਚੋਣ ਨਿਸ਼ਾਨ ਗਲਤ ਸੀ। ਗ਼ਲਤੀ ਦਾ ਪਤਾ ਲੱਗਦੇ ਹੀ ਇਨ੍ਹਾਂ ਖੇਤਰਾਂ ਵਿੱਚ ਵੋਟਿੰਗ ਤੁਰੰਤ ਰੋਕ ਦਿੱਤੀ ਗਈ। ਸਬ-ਡਵੀਜ਼ਨਲ ਮੈਜਿਸਟ੍ਰੇਟ (ਐਸਡੀਐਮ) ਰਾਕੇਸ਼ ਕੁਮਾਰ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।

ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਨੇ ਖ਼ੁਦ ਨੂੰ ਪਾਈ ਪਹਿਲੀ ਵੋਟ

December 14, 2025 12:35 pm

ਕੱਦੋਂ ਜੋਨ ਤੋ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਅਭੈ ਸਿੰਘ ਬੈਂਸ ਨੇ ਆਪਣੇ ਜੱਦੀ ਪਿੰਡ ਜੱਲਾ ਵਿਖੇ ਆਪਣੀ ਪਹਿਲੀ ਵੋਟ ਖ਼ੁਦ ਨੂੰ ਪਾਈ ਹੈ। ਬੈਂਸ ਨੂੰ ਪਾਰਟੀ ਨੇ ਸਭ ਤੋਂ ਛੋਟੀ ਉਮਰ (22 ਸਾਲ) ਦਾ ਪਾਰਟੀ ਦਾ ਉਮੀਦਵਾਰ ਬਣਾਕੇ ਚੋਣ ਮੈਦਾਨ ਵਿੱਚ ਉਤਾਰਿਆ ਹੈ। ਅਭੈ ਸਿੰਘ ਬੈਂਸ ਪਟਿਆਲਾ ਯੂਨੀਵਰਸਿਟੀ ਵਿੱਚ ਦੂਜੇ ਸਾਲ ਦਾ ਲਾਅ ਦਾ ਵਿਦਿਆਰਥੀ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲੀ ਵਾਰ ਆਪਣੀ ਵੋਟ ਦਾ ਮਤਦਾਨ ਕਰ ਰਹੇ ਹਨ। -ਦੇਵਿੰਦਰ ਸਿੰਘ ਜੱਗੀ

ਬੈਲਟ ਪੇਪਰ ’ਤੇ ਅਕਾਲੀ ਦਲ ਦਾ ਚੋਣ ਨਿਸ਼ਾਨ ਨਾ ਹੋਣ ਕਾਰਨ ਵਿਵਾਦ

December 14, 2025 12:22 pm

ਹਲਕਾ ਮਹਿਲ ਕਲਾਂ ਦੇ ਪਿੰਡ ਰਾਏਸਰ ਪਟਿਆਲਾ ਵਿਖੇ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ। ਬਲਾਕ ਸਮਿਤੀ ਦੀ ਇਸ ਜੋਨ ਦੇ ਬੂਥ ਨੰਬਰ 20 ਉਪਰ ਬੈਲਟ ਪੇਪਰ ’ਤੇ ਅਕਾਲੀ ਦਲ ਦਾ ਚੋਣ ਨਿਸ਼ਾਨ ਨਾ ਹੋਣ ਕਾਰਨ ਰੌਲਾ ਪਿਆ ਹੈ। ਅਕਾਲੀ ਆਗੂ ਬਚਿੱਤਰ ਸਿੰਘ ਰਾਏਸਰ ਨੇ ਕਿਹਾ ਕਿ ਸਰਕਾਰ ਸਿੱਧੇ ਤੌਰ ‘ਤੇ ਧੱਕੇਸ਼ਾਹੀ ਉਪਰ ਉਤਰ ਆਈ ਹੈ। ਜਿਸ ਕਾਰਨ ਪੋਸਟਲ ਬੈਲਟ ਪੇਪਰ ਤੋਂ ਅਕਾਲੀ ਦਲ ਨੂੰ ਹਟਾ ਦਿੱਤਾ ਗਿਆ ਹੈ ਤਾਂ ਕਿ ਵੋਟ ਅਕਾਲੀ ਦਲ ਨੂੰ ਨਾ ਪਵੇ। ਇਸ ਮਾਮਲੇ ਦਾ ਵਿਵਾਦ ਪੈਦਾ ਹੋਣ ਤੋਂ ਬਾਅਦ ਮੌਕੇ ਉਪਰ ਮਹਿਲ ਕਲਾਂ ਦੇ ਐਸਡੀਐਮ ਬੇਅੰਤ ਸਿੰਘ ਅਤੇ ਡੀਐਸਪੀ ਜਸਪਾਲ ਸਿੰਘ ਪਹੁੰਚੇ ਹਨ ਅਤੇ ਅਕਾਲੀ ਦਲ ਨਾਲ ਗੱਲਬਾਤ ਕੀਤੀ ਜਾ ਰਹੀ ਹੈ। -ਲਖਵੀਰ ਸਿੰਘ ਚੀਮਾ

ਮਹਿਲ ਕਲਾਂ: ਵੋਟਰਾਂ ਵਿੱਚ ਉਤਸ਼ਾਹ ਮੱਠਾ

December 14, 2025 11:17 am

ਸੂਬੇ ਭਰ ਵਿੱਚ ਪੈ ਰਹੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੌਰਾਨ ਮਹਿਲਕਲਾਂ ਬਲਾਕ ਵਿੱਚ ਵੋਟਰਾਂ ਦਾ ਉਤਸ਼ਾਹ ਮੱਠਾ ਹੀ ਦਿਖਾਈ ਦੇ ਰਿਹਾ ਹੈ। ਸਵੇਰੇ 10 ਵਜੇ ਤੱਕ ਮਹਿਲ ਕਲਾਂ ਬਲਾਕ ਵਿੱਚ ਕੇਵਲ 6.68 ਫੀਸਦੀ ਵੋਟ ਹੀ ਪੋਲ ਹੋਈ ਹੈ। ਉੱਥੇ ਕਈ ਥਾਵਾਂ ਤੇ ਪੋਲਿੰਗ ਬੂਥਾਂ ‘ਤੇ ਘੱਟ ਵੋਟਰ ਹੀ ਨਜ਼ਰ ਆ ਰਹੇ ਹਨ। -ਲਖਵੀਰ ਸਿੰਘ ਚੀਮਾ

ਮਾਨਸਾ: ਵਿਧਾਇਕ ਗੁਰਪ੍ਰੀਤ ਬਣਾਂਵਾਲੀ ਵੋਟ ਪਾਉਣ ਪੁੱਜੇ

December 14, 2025 9:59 am

ਮਾਨਸਾ ਵਿੱਚ ਵੀ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਵੋਟਿੰਗ ਜਾਰੀ ਹੈ। ਲੋਕਾਂ ਨੇ ਆਪਣੇ ਪਸੰਦੀਦਾ ਉਮੀਦਵਾਰ ਨੂੰ ਵੋਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਮੌਕੇ ਵੋਟਰ ਬਹੁਤ ਉਤਸ਼ਾਹਿਤ ਸਨ। ਇਸ ਦੌਰਾਨ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਹਲਕੇ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਲਈ ਪੁੱਜੇ। -ਜੋਗਿੰਦਰ ਸਿੰਘ ਮਾਨ

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਾਈ ਵੋਟ

December 14, 2025 9:07 am

ਪੰਜਾਬ ਵਿੱਚ ਅੱਜ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਵੋਟਿੰਗ ਜਾਰੀ ਹੈ। ਇਸ ਦੌਰਾਨ ਸਵੇਰੇ ਕਰੀਬ 8.10 ਵਜੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਜੱਦੀ ਪਿੰਡ ਗੰਭੀਰਪੁਰ ਵਿੱਚ ਸਥਿਤ ਪੋਲਿੰਗ ਬੂਥ ’ਤੇ ਪਹੁੰਚ ਕੇ ਆਪਣੀ ਵੋਟ ਦਾ ਭੁਗਤਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਪਿਤਾ ਸਰਦਾਰ ਸੋਹਣ ਸਿੰਘ ਬੈਂਸ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ ਅਤੇ ਉਨ੍ਹਾਂ ਵੱਲੋਂ ਵੀ ਵੋਟ ਪਾਈ ਗਈ। ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀਆਂ ਲੋਕਤੰਤਰ ਦੀ ਬੁਨਿਆਦ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਰਾਹੀਂ ਲੋਕਾਂ ਨੂੰ ਆਪਣੇ ਖੇਤਰਾਂ ਦੇ ਵਿਕਾਸ ਲਈ ਯੋਗ ਨੁਮਾਇੰਦੇ ਚੁਣਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਸੂਬੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪੋਲਿੰਗ ਬੂਥਾਂ ’ਤੇ ਪਹੁੰਚ ਕੇ ਆਪਣੀ ਵੋਟ ਦਾ ਭੁਗਤਾਨ ਕਰਨ ਅਤੇ ਲੋਕਤੰਤਰਿਕ ਪ੍ਰਕਿਰਿਆ ਨੂੰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।

ਪੰਜਾਬੀ ਟ੍ਰਿਬਯੂਨ


Share

Filed Under: News

Primary Sidebar

Mahraja Ranjit Singh Portal

Maharaja Ranjit Singh is an icon of Punjab and Punjabis. He is also called Sher-e-Punjab (Lion of Punjab) in view of the respect that is due to him for his bravery and visionary leadership which led to the creation of the Sikh Empire (Sarkaar-e-Khalsa). The Punjab Pulse has dedicated a portal to the study of the Maharaja with the view to understand his life and identify his strengths for emulation in our culture and traditions. The study will emcompass his life, his reign, his associates, his family and all other aspects pertaining to the Sikh Empire.

Go to the Portal

More to See

Sri Guru Granth Sahib

August 24, 2025 By Jaibans Singh

Pakistani-origin duo named as Sydney shooters

December 15, 2025 By News Bureau

ਦੇਸ਼ ਦੀ ਰੱਖਿਆ ਲਈ ਸਿੱਖ ਪਰਿਵਾਰ ਦੀ ਪੰਜਵੀਂ ਪੀੜ੍ਹੀ ਫੌਜ ’ਚ ਸ਼ਾਮਲ

December 15, 2025 By News Bureau

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Featured Video

More Posts from this Category

Footer

Text Widget

This is an example of a text widget which can be used to describe a particular service. You can also use other widgets in this location.

Examples of widgets that can be placed here in the footer are a calendar, latest tweets, recent comments, recent posts, search form, tag cloud or more.

Sample Link.

Recent

  • Punjab tops list of India’s most groundwater stressed states
  • Pakistani-origin duo named as Sydney shooters
  • ਦੇਸ਼ ਦੀ ਰੱਖਿਆ ਲਈ ਸਿੱਖ ਪਰਿਵਾਰ ਦੀ ਪੰਜਵੀਂ ਪੀੜ੍ਹੀ ਫੌਜ ’ਚ ਸ਼ਾਮਲ
  • ਬਲਾਕ ਸਮਿਤੀ ਚੋਣਾਂ: ਕਾਂਗਰਸੀ ਤੇ ਆਮ ਆਦਮੀ ਪਾਰਟੀ ਵਰਕਰਾਂ ਦਰਮਿਆਨ ਝੜਪ
  • ਜ਼ਿਲ੍ਹਾ ਪਰਿਸ਼ਦ ਤੇ ਸਮਿਤੀ ਚੋਣਾਂ

Search

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Copyright © 2025 · The Punjab Pulse

Developed by Web Apps Interactive