28 ਅਕਤੂਬਰ, 2025 – ਪੰਜਾਬ : ਪੁਲਿਸ ਨੇ 3 ਪੋਕਲਾਈਨ, ਜੇਸੀਬੀ ਮਸ਼ੀਨਾਂ, ਟਿੱਪਰ ਤੇ 12 ਟਰੈਕਟਰ-ਟਰਾਲੀਆਂ ਕੀਤੀਆਂ ਜ਼ਬਤ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੀ ਮਾਰ ਹੇਠ ਆਏ ਕਿਸਾਨਾਂ ਨੂੰ ਰਾਹਤ ਪਹੁੰਚਾਉਣ ਲਈ ਖੇਤਾਂ ’ਚ ਜਮ੍ਹਾਂ ਰੇਤਾ ਚੁੱਕਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਸਰਕਾਰ ਵੱਲੋਂ ‘ਜਿਸਦਾ ਖੇਤ, ਉਸਦੀ ਰੇਤ’ ਨੀਤੀ ਜਾਰੀ ਕੀਤੀ ਗਈ ਹੈ ਪਰ ਕੁਝ ਲੋਕਾਂ ਵੱਲੋਂ ਇਸ ਨੀਤੀ ਦਾ ਗਲਤ ਫਾਇਦਾ ਉਠਾਇਆ ਜਾ ਰਿਹਾ ਹੈ।
ਅਜਿਹਾ ਹੀ ਮਾਮਲਾ ਸ਼ਾਹਕੋਟ ਦੇ ਪਿੰਡ ਚੱਕ ਬਾਹਮਣੀਆਂ ਤੋਂ ਸਾਹਮਣੇ ਆਇਆ ਹੈ, ਜਿਸ ’ਚ ਪੁਲਿਸ ਨੇ ਚਾਰ ਵਿਅਕਤੀਆਂ ‘ਤੇ ਮਾਮਲਾ ਦਰਜ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਪੋਕਲਾਈਨ ਮਸ਼ੀਨਾਂ, ਜੇਸੀਬੀ, ਟਿੱਪਰ, ਟਰੈਕਟਰ ਟਰਾਲੀਆਂ ਤੇ ਹੋਰ ਸਮਾਨ ਜਬਤ ਕੀਤਾ ਹੈ। ਐੱਸਐੱਚਓ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਬੀਡੀਪੀਓ ਦਫਤਰ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਪਿੰਡ ਚੱਕ ਬਾਹਮਣੀਆਂ ਵਿਚ ਪੰਚਾਇਤੀ ਜ਼ਮੀਨ ’ਚੋਂ ਚਾਰ ਵਿਅਕਤੀਆਂ ਵੱਲੋਂ ਆਪਣੇ ਹੋਰ 15-16 ਅਣਪਛਾਤੇ ਸਾਥੀਆਂ ਨਾਲ ਮਿਲ ਕੇ ਨਾਜਾਇਜ ਮਾਈਨਿੰਗ ਕੀਤੀ ਜਾ ਰਹੀ ਸੀ।
ਇਨ੍ਹਾਂ ਵਿਅਕਤੀਆਂ ਦੀ ਪਛਾਣ ਪਰਮਜੀਤ ਚੰਨਾ, ਮੰਗੀ ਪਹਿਲਵਾਨ, ਮੰਗਲ ਸਿੰਘ ਤੇ ਹਰਨੇਕ ਸਿੰਘ ਵਾਸੀ ਚੱਕ ਬਾਹਮਣੀਆਂ ਵਜੋਂ ਹੋਈ ਹੈ। ਇਨ੍ਹਾਂ ਪਾਸੋਂ ਮਾਈਨਿੰਗ ਕਰਨ ਸਬੰਧੀ ਮਨਜ਼ੂਰੀ ਦੇ ਦਸਤਾਵੇਜ ਮੰਗੇ ਗਏ ਤਾਂ ਇਹ ਨਹੀਂ ਦਿਖਾ ਸਕੇ। ਤਹਿਸੀਲਦਾਰ ਸ਼ਾਹਕੋਟ, ਬੀਡੀਪੀਓ ਸ਼ਾਹਕੋਟ, ਪੰਚਾਇਤ ਸਕੱਤਰ ਤੇ ਮਾਈਨਿੰਗ ਵਿਭਾਗ ਦੇ ਜੇਈ ਨੂੰ ਨਾਲ ਲੈ ਕੇ ਪੁਲਿਸ ਵੱਲੋਂ ਰੇਡ ਕੀਤੀ ਗਈ ਤਾਂ ਮੌਕੇ ‘ਤੇ ਮਾਈਨਿੰਗ ਕਰ ਰਹੇ ਜੇਸੀਬੀ ਮਸ਼ੀਨਾਂ, ਪੋਕਲਾਈਨ ਮਸ਼ੀਨਾਂ ਤੇ ਹੋਰ ਵਾਹਨਾਂ ਦੇ ਚਾਲਕ ਫਰਾਰ ਹੋ ਗਏ। ਪੁਲਿਸ ਨੇ ਮੌਕੇ ਤੋਂ 3 ਜੇਸੀਬੀ ਮਸ਼ੀਨਾਂ, 3 ਪੋਕਲਾਈਨ ਮਸ਼ੀਨਾਂ, 4 ਟਿੱਪਰ ਤੇ 12 ਟਰੈਕਟਰ-ਟਰਾਲੀਆਂ ਨੂੰ ਕਬਜ਼ੇ ਵਿਚ ਲੈ ਲਿਆ ਤੇ ਛਾਪੇਮਾਰੀ ਦੌਰਾਨ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਐੱਸਐੱਚਓ ਭੁੱਲਰ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਬੀਐੱਨਐੱਸ ਦੀ ਧਾਰਾ 303 (2) ਤੇ ਮਾਈਨਿੰਗ ਐਕਟ ਦੀ ਧਾਰਾ 21 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਕਿਸਾਨ ਜਥੇਬੰਦੀਆਂ ਵੱਲੋਂ ਪੁਲਿਸ ਦੀ ਕਾਰਵਾਈ ਦਾ ਵਿਰੋਧ ਪੁਲਿਸ ਵੱਲੋਂ ਕੀਤੀ ਕਾਰਵਾਈ ਦੇ ਵਿਰੋਧ ’ਚ ਭਾਰਤੀ ਕਿਸਾਨ ਯੂਨੀਅਨ ਮਝੈਲ ਵੱਲੋਂ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਸ਼ਾਹਕੋਟ ਥਾਣੇ ਮੂਹਰੇ ਧਰਨਾ ਦਿੱਤਾ ਗਿਆ। ਜਥੇਬੰਦੀ ਦੇ ਪ੍ਰਧਾਨ ਸਤਨਾਮ ਸਿੰਘ ਹਰੀਕੇ ਨੇ ਦੋਸ਼ ਲਗਾਇਆ ਕਿ ਸਤਲੁਜ ਦਰਿਆ ‘ਚ ਮਾਈਨਿੰਗ ਕਰਦੇ ਠੇਕੇਦਾਰ ਵੱਲੋਂ ਸਿਆਸੀ ਆਗੂਆਂ ਨਾਲ ਮਿਲੀਭੁਗਤ ਕਰ ਕੇ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਕਿਸਾਨਾਂ ਵੱਲੋਂ ਰੇਤਾ ਚੁੱਕਣ ਤੇ ਵੇਚਣ ਕਾਰਨ ਬਾਜ਼ਾਰ ’ਚ ਰੇਤਾ ਦਾ ਭਾਅ ਘਟ ਗਿਆ ਹੈ ਤੇ ਆਮ ਲੋਕਾਂ ਨੂੰ ਸਸਤੇ ਰੇਟ ਤੇ ਰੇਤਾ ਮਿਲਣ ਲੱਗ ਪਿਆ, ਜਦਕਿ ਠੇਕੇਦਾਰ ਵੱਲੋਂ 14 ਹਜ਼ਾਰ ਰੁਪਏ ਪ੍ਰਤੀ ਟਰਾਲੀ ਰੇਤਾ ਵੇਚੀ ਜਾ ਰਹੀ ਹੈ। ਬਦਲਾਖੋਰੀ ਦੀ ਨੀਅਤ ਨਾਲ ਠੇਕੇਦਾਰ ਵੱਲੋਂ ਆਪਣਾ ਰਸੂਖ ਵਰਤ ਕੇ ਅਧਿਕਾਰੀਆਂ ਪਾਸੋਂ ਸ਼ਿਕਾਇਤ ਕਰਵਾ ਕੇ ਕਿਸਾਨਾਂ ਤੇ ਮੁਕੱਦਮਾ ਦਰਜ ਕਰਵਾਇਆ ਹੈ।
ਪੰਚਾਇਤੀ ਜ਼ਮੀਨ ’ਤੇ ਕਿਸਾਨ 50 ਸਾਲਾਂ ਤੋਂ ਕਾਬਜ਼ : ਹਰੀਕੇ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਜਿਸ ਪੰਚਾਇਤੀ ਜ਼ਮੀਨ ਦੀ ਗੱਲ ਕੀਤੀ ਜਾ ਰਹੀ ਹੈ, ਉਸ ਜ਼ਮੀਨ ਤੇ ਕਿਸਾਨ 50 ਸਾਲਾਂ ਤੋਂ ਕਾਬਜ਼ ਹਨ ਤੇ ਉਨ੍ਹਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਕਿਸੇ ਕੁਦਰਤੀ ਆਫਤ ਨਾਲ ਇਸ ਜ਼ਮੀਨ ਤੇ ਹੁੰਦੇ ਨੁਕਸਾਨ ਦਾ ਸਰਕਾਰ ਪਾਸੋਂ ਮੁਆਵਜ਼ਾ ਵੀ ਮਿਲਦਾ ਹੈ ਤੇ ਗਿਰਦਾਵਰੀ ਵੀ ਹੁੰਦੀ ਹੈ। ਜਿਹੜੇ ਕਿਸਾਨਾਂ ਦੇ ਨਾਮ ਉਸ ਜ਼ਮੀਨ ਤੋਂ ਗਿਰਦਾਵਰੀ ਹੁੰਦੀ ਹੈ ਤਾਂ ਫਿਰ ਉਨ੍ਹਾਂ ਦਾ ਉਸ ਜ਼ਮੀਨ ‘ਚੋਂ ਰੇਤਾ ਚੁੱਕਣਾ ਵੀ ਅਧਿਕਾਰ ਬਣਦਾ ਹੈ ਪਰ ਅਧਿਕਾਰੀਆਂ ਵੱਲੋਂ ਕਾਰਵਾਈ ਕਰ ਕੇ ਕਿਸਾਨਾਂ ਨੂੰ ਰੇਤਾ ਚੁੱਕਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਪੁਲਿਸ ਨੂੰ ਕਿਸਾਨਾਂ ਨੂੰ ਰਿਹਾਅ ਕਰਨ ਲਈ ਇਕ ਹਫਤੇ ਦਾ ਅਲਟੀਮੇਟਮ ਦਿੱਤਾ ਤੇ ਮੰਗਾਂ ਨਾ ਮੰਨਣ ਦੀ ਸੂਰਤ ਚ ਹਾਈਵੇ ਜਾਮ ਕਰਨ ਦੀ ਚੇਤਾਵਨੀ ਦਿੱਤੀ ਗਈ।
ਪੰਜਾਬੀ ਜਾਗਰਣ