ਖਣਨ ਮਾਫ਼ੀਆ ਨੇ ਰਾਵੀ ਦਰਿਆ ਵਿੱਚ ਪੋਕਲੇਨ ਮਸ਼ੀਨਾਂ ਲਾਈਆਂ
02 ਜਨਵਰੀ, 2026 – ਪਠਾਨਕੋਟ : ਹੜ੍ਹਾਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਖੇਤਾਂ ’ਚੋਂ ਰੇਤ ਨੂੰ ਕੱਢਣ ਲਈ ‘ਜਿਸ ਦਾ ਖੇਤ-ਉਸ ਦੀ ਰੇਤ’ ਨੀਤੀ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਜ਼ਿਲ੍ਹੇ ਅੰਦਰ ਖਣਨ ਮਾਫ਼ੀਆ ਲਈ ਸੰਜੀਵਨੀ ਬੂਟੀ ਬਣੀ ਹੋਈ ਹੈ। ਇਸ ਨੀਤੀ ਦੇ ਓਹਲੇ ਖਣਨ ਮਾਫੀਆ ਨੇ ਰਾਵੀ ਦਰਿਆ ਵਿੱਚ ਹੀ ਮਸ਼ੀਨਾਂ ਲਾਈਆਂ ਹੋਈਆਂ ਹਨ ਅਤੇ ਜੰਗੀ ਪੱਧਰ ’ਤੇ ਖਣਨ ਜਾਰੀ ਹੈ। ਇਸ ਥਾਂ ਨੂੰ ਖੇਤੀ ਵਾਲੀਆਂ ਜ਼ਮੀਨਾਂ ਦੱਸਿਆ ਜਾ ਰਿਹਾ ਹੈ।
ਹੈਰਾਨੀ ਹੈ ਕਿ ਇਹ ਸਾਰਾ ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕਥਿਤ ਨੱਕ ਹੇਠ ਹੋ ਰਿਹਾ ਹੈ। ਖਣਨ ਅਧਿਕਾਰੀ ਇਹ ਕਹਿ ਕੇ ਪੱਲਾ ਝਾੜ ਦਿੰਦੇ ਹਨ ਕਿ ਜਾਂਚ ਕਰਵਾਈ ਜਾਵੇਗੀ। ਰਾਵੀ ਦਰਿਆ ਵਿੱਚ ਸਾਢੇ ਤਿੰਨ ਮਹੀਨੇ ਤੋਂ ਨਾਜਾਇਜ਼ ਖਣਨ ਜਾਰੀ ਹੈ। ਅੱਜ ਜਦੋਂ ਸ਼ਹਿਰ ਛੰਨੀ, ਬੇਹੜੀਆਂ ਬਜ਼ੁਰਗ ਅਤੇ ਅੱਤੇਪੁਰ ਪਿੰਡਾਂ ਕੋਲ ਰਾਵੀ ਦਰਿਆ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਰਾਵੀ ਦਰਿਆ ਅੰਦਰ, ਜੋ ਪਾਣੀ ਵਗ ਰਿਹਾ ਸੀ, ਉਸ ਦੇ ਪਾਰ ਵਾਲੇ ਪਾਸੇ ਦਰਿਆ ਦੇ ਬੈੱਡ ਵਿੱਚ ਮਸ਼ੀਨਾਂ ਲੱਗੀਆਂ ਹੋਈਆਂ ਸਨ। ਮਸ਼ੀਨਾਂ ਰਾਹੀਂ ਕੱਚੀ ਖਣਨ ਸਮੱਗਰੀ ਟਿੱਪਰਾਂ ਵਿੱਚ ਭਰੀ ਜਾ ਰਹੀ ਸੀ ਅਤੇ ਉਹੀ ਟਿੱਪਰ ਦਰਿਆ ਪਾਰ ਕਰ ਕੇ ਕਰੱਸ਼ਰਾਂ ’ਤੇ ਜਾ ਰਹੇ ਸਨ।
ਖੇਤੀ ਜ਼ਮੀਨਾਂ ਵਿੱਚ ਖਣਨ ਹੋ ਰਿਹਾ ਹੈ: ਅਧਿਕਾਰੀ
ਮਾਈਨਿੰਗ ਵਿਭਾਗ ਦੇ ਐਕਸੀਅਨ ਸਿਮਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਮਾਲਕੀ ਵਾਲੀਆਂ ਖੇਤੀ ਜ਼ਮੀਨਾਂ ਵਿੱਚ ਹੀ ਖਣਨ ਹੋ ਰਿਹਾ ਹੈ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਹ ਦਰਿਆ ਦਾ ਕੁਦਰਤੀ ਬੈੱਡ ਹੈ, ਜਿਥੋਂ ਪਿਛਲੇ ਕਈ ਸਾਲਾਂ ਤੋਂ ਪਾਣੀ ਲੰਘ ਰਿਹਾ ਹੈ, ਤਾਂ ਉਹ ਜ਼ਮੀਨ ਕਿਸ ਤਰ੍ਹਾਂ ਖੇਤੀ ਵਾਲੀ ਹੋ ਗਈ। ਇਸ ਬਾਰੇ ਉਨ੍ਹਾਂ ਇਹ ਕਹਿ ਕੇ ਪੱਲਾ ਝਾੜਿਆ ਕਿ ਉਹ ਜਾਂਚ ਕਰਵਾ ਲੈਂਦੇ ਹਨ। ਇਸੇ ਤਰ੍ਹਾਂ ਦਾ ਜਵਾਬ ਸਬੰਧਤ ਐੱਸ ਡੀ ਓ ਗੁਰਸਿਮਰਨ ਸਿੰਘ ਗਿੱਲ ਨੇ ਦਿੱਤਾ।
ਪੰਜਾਬੀ ਟ੍ਰਿਬਯੂਨ