ਰਾਏਪੁਰ ਬੇਟ ਦੀ ਧੀ ਨੇ 102 ਕਿਲੋ ਭਾਰ ਚੁੱਕ ਕੇ ਜਿੱਤਿਆ ਸੋਨ ਤਗ਼ਮਾ
04 ਦਸੰਬਰ, 2025 – ਮਾਛੀਵਾੜਾ : ਪਿੰਡ ਰਾਏਪੁਰ ਬੇਟ ਦੀ ਜੰਮਪਲ ਜੈਸਮੀਨ ਕੌਰ ਨੇ ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤ ਕੇ ਇਲਾਕੇ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਰਾਅ ਪਾਵਰ ਲਿਫਟਿੰਗ ਫੈਡਰੇਸ਼ਨ ਇੰਡੀਆ ਵੱਲੋਂ ਕਰਨਾਲ ਵਿੱਚ ਕਰਵਾਈ ਗਈ ਇਸ ਚੈਂਪੀਅਨਸ਼ਿਪ ਵਿੱਚ ਜੈਸਮੀਨ ਨੇ 102 ਕਿਲੋ ਭਾਰ ਚੁੱਕ ਕੇ ਪਹਿਲਾ ਸਥਾਨ ਹਾਸਲ ਕੀਤਾ।
16 ਸਾਲਾ ਜੈਸਮੀਨ ਸਰਕਾਰੀ ਸਕੂਲ ਕੂੰਮਕਲਾਂ ਦੀ ਵਿਦਿਆਰਥਣ ਹੈ। ਅੱਜ ਜਦੋਂ ਉਹ ਸੋਨ ਤਗ਼ਮਾ ਜਿੱਤਣ ਮਗਰੋਂ ਸਕੂਲ ਪਹੁੰਚੀ ਤਾਂ ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥੀਆਂ ਨੇ ਉਸ ਦਾ ਭਰਵਾਂ ਸਵਾਗਤ ਕੀਤਾ। ਸਕੂਲ ਪ੍ਰਬੰਧਕਾਂ ਨੇ ਇਸ ਪ੍ਰਾਪਤੀ ਲਈ ਉਸ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ। ਉਹ ਇਸ ਤੋਂ ਪਹਿਲਾਂ ਵੀ ਪਾਵਰ ਲਿਫਟਿੰਗ ਮੁਕਾਬਲਿਆਂ ਵਿੱਚ ਕਈ ਇਨਾਮ ਜਿੱਤ ਚੁੱਕੀ ਹੈ।
ਖਾਸ ਗੱਲ ਇਹ ਹੈ ਕਿ ਉਸ ਦੇ ਦਿਵਿਆਂਗ ਪਿਤਾ ਮਨਰਾਜ ਸਿੰਘ ਵੀ ਪਾਵਰ ਲਿਫਟਰ ਰਹੇ ਹਨ, ਜੋ ਇਸ ਵੇਲੇ ਪੈਂਚਰ ਲਾਉਣ ਦੀ ਦੁਕਾਨ ਚਲਾ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੇ ਹਨ। ਮਨਰਾਜ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਧੀ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਪੰਜਾਬੀ ਟ੍ਰਿਬਯੂਨ