ਤਨਖ਼ਾਹ ਨਾ ਮਿਲਣ ਕਾਰਨ ਪ੍ਰੇਸ਼ਾਨੀ; ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ
21 ਜਨਵਰੀ, 2026 – ਪਟਿਆਲਾ : ਜੰਗਲਾਤ ਵਰਕਰਜ਼ ਯੂਨੀਅਨ ਦੇ ਸੱਦੇ ਤੇ ਅੱਜ ਜ਼ਿਲ੍ਹਾ ਪਟਿਆਲਾ ਦੇ ਵਰਕਰਾਂ ਨੇ ਅੱਜ ਇਥੇ ਵਣ ਮੰਡਲ ਅਫ਼ਸਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸੌਜਾ, ਜਨਰਲ ਸਕੱਤਰ ਜਗਤਾਰ ਸਿੰਘ ਸ਼ਾਹਪੁਰ, ਜੋਗਾ ਸਿੰਘ ਵਜੀਦਪੁਰ, ਅਮਰਜੀਤ ਸਿੰਘ ਲਾਛੜੂ ਕਲਾਂ ਅਤੇ ਨਰੇਸ਼ ਕੁਮਾਰ ਬੋਸ਼ਰ ਨੇ ਕੀਤੀ। ਉਨ੍ਹਾਂ ਵਣ ਮੰਡਲ ਅਫ਼ਸਰ ਨੂੰ ਚਿਤਾਵਨੀ ਦਿੱਤੀ ਕਿ ਜੇ ਕਾਮਿਆਂ ਦੀਆਂ ਬਕਾਇਆ ਤਨਖ਼ਾਹਾਂ ਜਾਰੀ ਨਾ ਕੀਤੀਆਂ, ਕੱਚੇ ਕਾਮਿਆਂ ਦੀ ਸੀਨੀਅਰਤਾ ਸੂਚੀ ਨਾ ਬਣਾਈ ਅਤੇ ਹੋਰ ਮੰਗਾਂ ਨਾ ਮੰਨੀਆਂ ਤਾਂ ਜ਼ਿਲ੍ਹਾ ਪੱਧਰੀ ਧਰਨਾ ਜਾਰੀ ਰਹੇਗਾ, ਜੇ ਸੁਣਵਾਈ ਨਾ ਹੋਈ ਤਾਂ ਵਣ ਮੰਡਲ ਦਫ਼ਤਰ ਅੱਗੇ ਪੱਕਾ ਮੋਰਚਾ 25 ਜਨਵਰੀ ਤੱਕ ਜਾਰੀ ਰਹੇਗਾ। ਅੱਜ ਰੋਸ ਮਾਰਚ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਵਿੱਚ ਉਨ੍ਹਾਂ ਮੰਗ ਕੀਤੀ ਕਿ ਜਿਹੜੇ ਕਾਮੇ 2006 ਤੱਕ 10 ਸਾਲ ਦੀ ਸੇਵਾ ਪੂਰੇ ਕਰਦੇ ਸਨ, ਉਨ੍ਹਾਂ 14 ਵਰਕਰਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ। ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਜਿਨ੍ਹਾਂ ਕਾਮਿਆਂ ਨੂੰ 30 ਜੁਲਾਈ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਸਨ, ਉਨ੍ਹਾਂ ਵਰਕਰਾਂ ਨੂੰ ਹਾਈ ਕੋਰਟ ਦੇ ਫ਼ੈਸਲੇ ਅਨੁਸਾਰ ਤਨਖ਼ਾਹਾਂ ਜਾਰੀ ਕੀਤੀਆਂ ਜਾਣ। ਹਾਈ ਕੋਰਟ ਦੇ ਫ਼ੈਸਲੇ ਅਨੁਸਾਰ ਵਰਕਰਾਂ ਦਾ ਬਣਦਾ ਬਕਾਇਆ ਸਮੂਹ ਖ਼ਜ਼ਾਨਾ ਦਫ਼ਤਰਾਂ ਵੱਲੋਂ ਉਨ੍ਹਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ।
ਇਸ ਦੌਰਾਨ ਧਰਨੇ ਨੂੰ ਸਾਂਝਾ ਮੋਰਚਾ ਦੇ ਦਰਸ਼ਨ ਸਿੰਘ ਬੇਲੂਮਾਜਰਾ, ਪੰਜਾਬ ਸੁਬਾਰਡੀਨੇਟ ਫੈੱਡਰੇਸ਼ਨ ਦੇ ਆਗੂ ਜਸਵੀਰ ਸਿੰਘ ਖੋਖਰ ਤੇ ਲਖਵਿੰਦਰ ਸਿੰਘ ਖ਼ਾਨਪੁਰ, ਧਰਮਪਾਲ ਲੌਟ, ਦੀਪਕ ਕੁਮਾਰ, ਰਜਿੰਦਰ ਸਿੰਘ ਧਾਲੀਵਾਲ, ਬੰਤ ਰਾਮ ਕੌਲੀ, ਦਿਹਾਤੀ ਮਜ਼ਦੂਰ ਯੂਨੀਅਨ ਦੇ ਸੁਖਦੇਵ ਸਿੰਘ ਨਿਆਲ ਤੇ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਹਿਲਾਦ ਸਿੰਘ ਨਿਆਲ ਨੇ ਸੰਬੋਧਨ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੰਗਲਾਤ ਕਾਮਿਆਂ ਦੀਆਂ ਮੰਗਾਂ ਮਨਵਾਉਣ ਲਈ 14 ਫਰਵਰੀ ਨੂੰ ਵਿੱਤ ਮੰਤਰੀ ਦੇ ਹਲਕਾ ਦਿੜ੍ਹਬਾ ਵਿੱਚ ਰੋਸ ਰੈਲੀ ਕਰਨ ਤੋਂ ਬਾਅਦ ਝੰਡਾ ਮਾਰਚ ਕੀਤਾ ਜਾਵੇਗਾ।
ਅੱਜ ਦੇ ਧਰਨੇ ਵਿੱਚ ਭਿੰਦਰ ਸਿੰਘ ਘੱਗਾ, ਕਾਕਾ ਪਟਿਆਲਾ, ਹਰਜੀਤ ਸਿੰਘ ਨਾਭਾ, ਮਹੇਸ਼ ਕੁਮਾਰ ਸਮਾਣਾ, ਜਸਪਾਲ ਕੌਰ, ਅਮਰਜੀਤ ਕੌਰ, ਜਸਵੀਰ ਕੌਰ, ਕੁਲਦੀਪ ਕੌਰ ਤੇ ਨਾਜ਼ਮਾ ਬੇਗ਼ਮ ਸਰਹਿੰਦ ਹਾਜ਼ਰ ਸਨ।
ਪੰਜਾਬੀ ਟ੍ਰਿਬਯੂਨ