ਜੰਮੂ ਵਿਖੇ ਵਾਪਰੀ ਬੇਅਦਬੀ ਦੀ ਦੁਖਦਾਈ ਘਟਨਾ ਤੋਂ ਸਬਕ
ਸੁਰੱਖਿਆ, ਚੌਕਸੀ, ਮਰਿਆਦਾ ਤੇ ਜ਼ਿੰਮੇਵਾਰੀ
10 ਅਕਤੂਬਰ 2025 – ਔਕਲੈਂਡ : ਬੀਤੇ ਮੰਗਲਵਾਰ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੀ ਵਿਜੇਪੁਰ ਤਹਿਸੀਲ ਦੇ ਕੌਲਪੁਰ ਪਿੰਡ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਗੁਆਂਢ ਦੇ ਵਿਚ ਹੀ ਰਹਿੰਦੇ ਇਕ ਡੇਰਾ ਚਾਲਕ ਮਨਜੀਤ ਸਿੰਘ ਉਰਫ ਬਿੱਲਾ ਵੱਲੋਂ ਸੁੱਖ ਆਸਣ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 5 ਸਰੂਪਾਂ ਨੂੰ ਅਗਨ ਭੇਟ ਕਰ ਦਿੱਤਾ ਗਿਆ। ਘਟਨਾ ਬੀਤੇ ਮੰਗਲਵਾਰ ਅੱਧੀ ਰਾਤ ਇਕ ਵਜ ਕੇ 1.22 ਮਿੰਟ ਦੀ ਹੈ। ਇਸ ਘਟਨਾ ਨੂੰ ਲੈ ਕੇ ਸਮੁੱਚੇ ਸਿੱਖ ਜਗਤ ਵਿਚ ਰੋਸ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਤੁਰੰਤ ਪਹੁੰਚ ਕੇ ਸਖਤ ਕਾਰਵਾਈ ਕਰਦਿਆਂ ਕਈ ਹੁਕਮ ਜਾਰੀ ਕੀਤੇ ਹਨ। ਇਸ ਘਟਨਾ ਤੋਂ ਸਮੁੱਚੀਆਂ ਕਮੇਟੀਆਂ ਨੂੰ ਸਬਕ ਲੈਣ ਦੀ ਅਪੀਲ ਵੀ ਸਾਹਮਣੇ ਆਈ ਹੈ। ਬੇਅਦਬੀ ਦੀ ਇਸ ਘਟਨਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਨੁਕਸਾਨੇ ਗਏ; ਜਿਨ੍ਹਾਂ ਵਿੱਚੋਂ ਚਾਰ ਪੂਰੀ ਤਰ੍ਹਾਂ ਨਸ਼ਟ ਹੋ ਗਏ ਸਨ, ਅਤੇ ਇੱਕ ਸਰੂਪ ਨੂੰ ਗਰਮੀ ਕਾਰਨ ਅੰਸ਼ਕ ਨੁਕਸਾਨ ਪਹੁੰਚਿਆ ਸੀ।
ਇਸ ਘਟਨਾ ਨੇ ਸਥਾਨਕ ਸਿੱਖ ਭਾਈਚਾਰੇ ਵਿੱਚ ਤੁਰੰਤ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਪੈਦਾ ਕਰ ਦਿੱਤਾ। ਗੁੱਸੇ ਵਿੱਚ ਆਈ ਸੰਗਤ ਨੇ ਕਥਿਤ ਤੌਰ ’ਤੇ ਮੁਲਜ਼ਮ ਦੇ ਘਰ ਨੂੰ ਅੱਗ ਲਗਾ ਦਿੱਤੀ, ਜਿਸ ਨੂੰ ਬਾਅਦ ਵਿੱਚ ਬੁਲਡੋਜ਼ਰਾਂ ਦੀ ਵਰਤੋਂ ਕਰਕੇ ਢਾਹ ਦਿੱਤਾ ਗਿਆ।
ਮੁਲਜ਼ਮ ਦੀ ਗ੍ਰਿਫ਼ਤਾਰੀ:
ਜੰਮੂ ਪੁਲਿਸ ਨੇ ਐਫ.ਆਈ.ਆਰ. ਦਰਜ ਕਰਨ ਤੋਂ ਬਾਅਦ ਘਟਨਾ ਦੇ ਕੁਝ ਹੀ ਘੰਟਿਆਂ ਵਿੱਚ ਮੁਲਜ਼ਮ ਮਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਸਰੂਪਾਂ ਦੀ ਸੰਭਾਲ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਿਸ਼ੇਸ਼ ਵਫ਼ਦ ਨੇ ਬੇਅਦਬੀ ਦਾ ਸ਼ਿਕਾਰ ਹੋਏ ਸਰੂਪਾਂ ਦੀ ਸੇਵਾ ਸੰਭਾਲ ਲਈ ਕੌਲਪੁਰ ਪਹੁੰਚ ਕੀਤੀ। ਨੁਕਸਾਨੇ ਗਏ ਸਰੂਪਾਂ ਨੂੰ ਧਾਰਮਿਕ ਮਰਿਆਦਾ ਅਨੁਸਾਰ ਅਗਲੇਰੀ ਕਾਰਵਾਈ ਲਈ ਗੁਰਦੁਆਰਾ ਗੋਇੰਦਵਾਲ ਸਾਹਿਬ ਭੇਜ ਦਿੱਤਾ ਗਿਆ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਸੰਦੇਸ਼
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਜ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਸਥਾਨਕ ਸੰਗਤ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਖ਼ਤ ਕਾਰਵਾਈ ਅਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
ਪ੍ਰਬੰਧਕ ਕਮੇਟੀ ’ਤੇ ਸਖ਼ਤ ਕਾਰਵਾਈ:
ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ, ਜਿਨ੍ਹਾਂ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ, ’ਤੇ ਭਵਿੱਖ ਵਿੱਚ ਕਿਸੇ ਵੀ ਗੁਰਦੁਆਰੇ ਵਿੱਚ ਪ੍ਰਬੰਧਕੀ ਜ਼ਿੰਮੇਵਾਰੀਆਂ ਨਿਭਾਉਣ ’ਤੇ ਉਮਰ ਭਰ ਲਈ ਪਾਬੰਦੀ ਲਗਾਉਣ ਦਾ ਐਲਾਨ ਕੀਤਾ। ਇਹ ਸਖ਼ਤ ਫੈਸਲਾ ਕਮੇਟੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਅਸਫਲਤਾ ਨੂੰ ਦਰਸਾਉਂਦਾ ਹੈ।
ਚੌਕਸੀ ਤੇ ਸੁਰੱਖਿਆ ਦਾ ਆਦੇਸ਼:
ਜਥੇਦਾਰ ਸਾਹਿਬ ਨੇ ਵਿਸ਼ਵ ਭਰ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸਪੱਸ਼ਟ ਆਦੇਸ਼ ਦਿੱਤਾ ਕਿ ਉਹ ਸਮੂਹ ਗੁਰਦੁਆਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅਤੇ ਸਮੁੱਚੇ ਅਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕਣ। ਸਥਾਨਕ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਹਰ ਗੁਰਦੁਆਰੇ ਦਾ ਸੁਰੱਖਿਆ ਸਬੰਧੀ ਜਾਇਜ਼ਾ ਲੈ ਕੇ ਰਾਤ ਦੇ ਪਹਿਲੇ ਲਗਾਏ ਜਾਣ ਅਤੇ ਚੋਭਦਾਰ ਨਿਯੁਕਤ ਕੀਤੇ ਜਾਣ।
ਆਮ ਸਿੱਖ ਸੰਗਤਾਂ ਦੇ ਵਿਚ ਇਹ ਗੱਲ ਵਿਚਾਰੀ ਜਾ ਰਹੀ ਹੈ ਕਿ ਜਿੱਥੇ ਵੀ ਗੁਰਦੁਆਰਾ ਸਾਹਿਬ ਸਥਿਤ ਹਨ ਉਥੇ ਇਮਾਰਤਾਂ ਦੇ ਨਾਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੰਭਾਲ ਜਿਆਦਾ ਚੌਕਸੀ ਦੇ ਨਾਲ ਯਕੀਨੀ ਬਣਾਈ ਜਾਏ।
ਬਾਬੂਸ਼ਾਹੀ ਬਿਊਰੋ