02 ਜੂਨ, 2025 – ਮਾਨਸਾ : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਇਸ ਵਾਰ ਮੁੜ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਿਤ ਕਰਨ ਵਾਸਤੇ ਭਾਵੇਂ 1500 ਰੁਪਏ ਪ੍ਰਤੀ ਏਕੜ ਰਾਸ਼ੀ ਦੇਣ ਦਾ ਜ਼ੋਰਦਾਰ ਪ੍ਰਚਾਰ ਕੀਤਾ ਜਾ ਰਿਹਾ ਹੈ, ਪਰ ਸਿੱਧੀ ਬਿਜਾਈ ਅਤੇ ਝੋਨੇ ਦੀ ਪਨੀਰੀ ਰਾਹੀਂ ਲਵਾਈ ਕਰਨ ਵਾਲੇ ਕਿਸਾਨਾਂ ਨੂੰ ਹੁਣ ਨਹਿਰੀ ਪਾਣੀ ਦੀ ਵੱਡੀ ਦਿੱਕਤ ਖੜ੍ਹੀ ਹੋ ਗਈ ਹੈ। ਇਸ ਖੇਤਰ ’ਚੋਂ ਲੰਘਦੀ ਕੋਟਲਾ ਬ੍ਰਾਂਚ ਬੰਦ ਹੋਣ ਕਾਰਨ ਮਾਨਸਾ ਜ਼ਿਲ੍ਹੇ ਤੋਂ ਇਲਾਵਾ ਸੰਗਰੂਰ, ਬਰਨਾਲਾ ਅਤੇ ਬਠਿੰਡਾ ਜ਼ਿਲ੍ਹਿਆਂ ਦੇ ਵੱਡੀ ਗਿਣਤੀ ਪਿੰਡ ਨਹਿਰੀ ਪਾਣੀ ਨਾ ਪੁੱਜਣ ਕਾਰਨ ਪ੍ਰਭਾਵਿਤ ਹੋ ਰਹੇ ਹਨ। ਇਸੇ ਤਰ੍ਹਾਂ ਭਾਖੜਾ ਨਹਿਰ ਦੀ ਬੰਦੀ ਕਾਰਨ ਮਾਨਸਾ ਜ਼ਿਲ੍ਹੇ ਦੇ ਚਾਰ ਦਰਜਨਾਂ ਤੋਂ ਵੱਧ ਪਿੰਡਾਂ ਦੇ ਖੇਤਾਂ ਵਿੱਚ ਅਜੇ ਤੱਕ ਪਾਣੀ ਦੀ ਇੱਕ ਬੂੰਦ ਵੀ ਨਹੀਂ ਪੁੱਜੀ। ਇਨ੍ਹਾਂ ਪਿੰਡਾਂ ਵਿੱਚ ਸਿੱਧੀ ਬਿਜਾਈ ਵਾਲੇ ਕਿਸਾਨਾਂ ਨੂੰ ਮਜਬੂਰਨ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਖੇਤਾਂ ਨੂੰ ਪਾਣੀ ਲਾਉਣਾ ਪੈ ਰਿਹਾ ਹੈ।
ਦਿਲਚਸਪ ਗੱਲ ਹੈ ਕਿ ਜਲ ਸਰੋਤ ਵਿਭਾਗ ਪੰਜਾਬ ਵੱਲੋਂ ਕੋਟਲਾ ਬ੍ਰਾਂਚ ਨੂੰ 5 ਜੂਨ ਤੱਕ ਬੰਦ ਕੀਤਾ ਹੋਇਆ ਹੈ, ਜਿਸ ਕਾਰਨ ਰਜਬਾਹੇ, ਸੂਏ, ਕੱਸੀਆਂ ਅਤੇ ਨਹਿਰਾਂ ਸੁੱਕੀਆਂ ਪਈਆਂ ਹਨ। ਜਦੋਂਕਿ ਪੰਜਾਬ ਸਰਕਾਰ ਵੱਲੋਂ ਪਹਿਲੀ ਜੂਨ ਤੋਂ ਝੋਨੇ ਦੀ ਲਵਾਈ ਲਈ ਪੂਰਾ ਨਹਿਰੀ ਪਾਣੀ ਦੇਣ ਦਾ ਜ਼ੋਰਦਾਰ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਪੰਜਾਬ ਸਰਕਾਰ ਧਰਤੀ ਹੇਠਲਾ ਪਾਣੀ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਅਤੇ ਮੱਕੀ ਦੀ ਫ਼ਸਲ ਦੀ ਬਿਜਾਈ ’ਤੇ ਜ਼ੋਰ ਦੇ ਰਹੀ ਹੈ। ਦੂਜੇ ਪਾਸੇ ਅਤਿ ਦੀ ਗਰਮੀ ਤੋਂ ਫ਼ਸਲਾਂ ਨੂੰ ਬਚਾਉਣ ਲਈ ਪਾਣੀ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਹਨ।
ਨਹਿਰਾਂ ’ਚ 5 ਤੱਕ ਛੱਡਿਆ ਜਾਵੇਗਾ ਪੂਰਾ ਪਾਣੀ
ਜਲ ਸਰੋਤ ਵਿਭਾਗ ਦੇ ਮਾਨਸਾ ਸਥਿਤ ਐਕਸੀਅਨ ਗੁਰਸਾਗਰ ਸਿੰਘ ਚਹਿਲ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਕੋਟਲਾ ਬ੍ਰਾਂਚ ਵਿੱਚ 5 ਜੂਨ ਦੀ ਸ਼ਾਮ ਤੱਕ ਪਾਣੀ ਨੂੰ ਪੂਰੀ ਮਾਤਰਾ ਵਿੱਚ ਛੱਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੋਟਲਾ ਬ੍ਰਾਂਚ ਦਾ 4 ਜ਼ਿਲ੍ਹਿਆਂ ਨੂੰ ਪਾਣੀ ਸਪਲਾਈ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਜ਼ਿਆਦਾ ਗਰਮੀ ਹੋਣ ਕਾਰਨ ਅਜੇ ਤੱਕ ਬਹੁਤੇ ਕਿਸਾਨ ਝੋਨਾ ਲਾਉਣ ਨਹੀਂ ਲੱਗੇ ਹਨ ਅਤੇ ਸਰਕਾਰ ਵੱਲੋਂ ਨਹਿਰੀ ਪਾਣੀ ਦੀ ਕਿਸਾਨਾਂ ਨੂੰ ਬਿਲਕੁਲ ਤਕਲੀਫ਼ ਨਹੀਂ ਆਉਣ ਦਿੱਤੀ ਜਾਵੇਗੀ।
ਜਨ ਸਿਹਤ ਵਿਭਾਗ ਨੇ ਵੀ ਪਾਣੀ ਦੀ ਸਪਲਾਈ ’ਤੇ ਕੱਟ ਲਾਇਆ
ਤਲਵੰਡੀ ਸਾਬੋ : ਕੋਟਲਾ ਬਰਾਂਚ ਨਹਿਰੀ ਦੀ 17 ਮਈ ਤੋਂ ਚੱਲ ਰਹੀ ਬੰਦੀ ਕਾਰਨ ਜਲਘਰਾਂ ਵਿੱਚੋਂ ਪੀਣ ਵਾਲਾ ਪਾਣੀ ਮੁੱਕਣ ਦੇ ਡਰੋਂ ਜਨ ਸਿਹਤ ਵਿਭਾਗ ਵੱਲੋਂ ਸਪਲਾਈ ’ਤੇ ਕੱਟ ਲਾਇਆ ਜਾ ਰਿਹਾ ਹੈ। ਉਧਰ, ਅਤਿ ਦੀ ਗਰਮੀ ਕਾਰਨ ਜਿੱਥੇ ਨਰਮਾ ਤੇ ਹੋਰ ਫ਼ਸਲਾਂ ਬੁਰ੍ਹੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ, ਉੱਥੇ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਵੀ ਪਾਣੀ ਦੀ ਕਾਫ਼ੀ ਲੋੜ ਹੈ। ਬੀਕੇਯੂ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਦਾ ਕਹਿਣਾ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਨੇ ਝੋਨਾ ਲਾਉਣ ਦੀ ਇਜਾਜ਼ਤ ਤਾਂ ਪਹਿਲੀ ਜੂਨ ਤੋਂ ਦੇ ਦਿੱਤੀ ਹੈ ਪਰ ਦੂਜੇ ਪਾਸੇ ਨਹਿਰਾਂ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਸਿੰਚਾਈ ਵਿਭਾਗ ਤੋਂ ਨਹਿਰੀ ਪਾਣੀ ਜਲਦੀ ਛੱਡਣ ਦੀ ਮੰਗ ਕੀਤੀ। ਨਹਿਰੀ ਪਾਣੀ ਦੀ ਬੰਦੀ ਬਾਰੇ ਜਦ ਨਹਿਰੀ ਵਿਭਾਗ ਦੇ ਐੱਸਡੀਓ ਫਿਜ਼ੀ ਬਾਂਸਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਨਹਿਰੀ ਪਾਣੀ ਦੇਣ ਲਈ ਰਜਵਾਹਿਆਂ ਦੀ ਸਫ਼ਾਈ ਕਰਨੀ ਜ਼ਰੂਰੀ ਸੀ। ਇਸ ਲਈ ਕੋਟਲਾ ਬਰਾਂਚ ਨਹਿਰੀ ਦੀ 17 ਮਈ ਤੋਂ 31 ਮਈ ਤੱਕ ਬੰਦੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਫਾਈ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਅਤੇ ਤਿੰਨ ਜੂਨ ਤੱਕ ਰਜਵਾਹਿਆਂ ਵਿੱਚ ਪਾਣੀ ਆ ਜਾਵੇਗਾ।
ਪੰਜਾਬੀ ਟ੍ਰਿਬਯੂਨ
test