23 ਅਕਤੂਬਰ, 2025 – ਰੂਪਨਗਰ : ਪੰਜਾਬ ਦੇ ਅੱਠ ਨੌਜਵਾਨ, ਜਿਨ੍ਹਾਂ ਵਿਚੋਂ ਬਹੁਗਿਣਤੀ ਰੂਪਨਗਰ ਜ਼ਿਲ੍ਹੇ ਨਾਲ ਸਬੰਧਤ ਹਨ, ਕਥਿਤ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਬਣ ਕੇ ਕਜ਼ਾਖਸਤਾਨ ਵਿਚ ਫਸੇ ਹੋਏ ਹਨ। ਸਥਾਨਕ ਟਰੈਵਲ ਏਜੰਟ ਨੇ ਇਨ੍ਹਾਂ ਨੌਜਵਾਨਾਂ ਨੂੰ ਕਜ਼ਾਖਸਤਾਨ ਪਹੁੰਚਣ ’ਤੇ ਚੰਗੀ ਕਮਾਈ ਵਾਲੀ ਡਰਾਈਵਰ ਦੀ ਨੌਕਰੀ ਦਿਵਾਉਣ ਦਾ ਲਾਰਾ ਲਾਇਆ ਸੀ। ਹਾਲਾਂਕਿ ਉਥੇ ਪਹੁੰਚਣ ’ਤੇ ਨੌਜਵਾਨਾਂ ਨੂੰ ਅਣਮਨੁੱਖੀ ਹਾਲਾਤ ਵਿੱਚ ਸਖ਼ਤ ਮਿਹਨਤ ਕਰਨ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਨੇ ਕਜ਼ਾਖ਼ਸਤਾਨ ਦੇ ਬਰਫ਼ ਨਾਲ ਘਿਰੇ ਇਲਾਕਿਆਂ ਵਿੱਚ ਮਜ਼ਦੂਰਾਂ ਵਜੋਂ ਕੰਮ ਕਰਦੇ ਹੋਏ ਇੱਕ ਵੀਡੀਓ ਜਾਰੀ ਕੀਤਾ ਹੈ ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਜ਼ਾਖਸਤਾਨ ਵਿਚ ਫਸੇ ਇਹ ਪੰਜਾਬੀ ਨੌਜਵਾਨ ਬਹੁਤ ਹੀ ਪ੍ਰੇਸ਼ਾਨੀ ਵਿੱਚ ਹਨ। ਇਕ ਤਾਂ ਕੜਾਕੇ ਦੀ ਠੰਢ ਤੇ ਉਪਰੋਂ ਭੁੱਖਮਰੀ ਤੇ ਮਾੜਾ ਸਲੂਕ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਪਹਾੜੀ ਇਲਾਕਿਆਂ ਵਿੱਚ ਲੰਬੀ ਦੂਰੀ ਤੱਕ ਕਥਿਤ ਭਾਰੀ ਬੋਝ ਚੁੱਕਣ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਤੰਗ ਧਾਤ ਵਾਲੇ ਡੱਬਿਆਂ ਵਿੱਚ ਅਕਸਰ ਬਿਨਾਂ ਭੋਜਨ ਜਾਂ ਮੁੱਢਲੀ ਸੁਰੱਖਿਆ ਦੇ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ।
ਨੌਜਵਾਨਾਂ ਨੂੰ ਦਰਪੇਸ਼ ਤੰਗੀ ਦਾ ਉਦੋਂ ਪਤਾ ਲੱਗਾ ਜਦੋਂ ਨੰਗਲ ਨਾਲ ਸਬੰਧਤ ਪੀੜਤਾਂ ਵਿੱਚੋਂ ਇੱਕ ਹਰਵਿੰਦਰ ਸਿੰਘ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨਾਲ ਫ਼ੋਨ ’ਤੇ ਸੰਪਰਕ ਕਰਨ ਵਿੱਚ ਕਾਮਯਾਬ ਹੋ ਗਿਆ। ਹਰਵਿੰਦਰ ਨੇ ਇੱਕ ਭਾਵੁਕ ਕਾਲ ਵਿੱਚ ਆਪਣੇ ਅਤੇ ਆਪਣੇ ਸਾਥੀਆਂ ਨੂੰ ਦਰਪੇਸ਼ ਗੰਭੀਰ ਮੁਸ਼ਕਲਾਂ ਦਾ ਵਰਣਨ ਕਰਦੇ ਹੋਏ ਮਦਦ ਦੀ ਗੁਹਾਰ ਲਗਾਈ। ਕਜ਼ਾਖਸਤਾਨ ਵਿਚ ਫਸੇ ਪੰਜਾਬੀ ਨੌਜਵਾਨਾਂ ਵਿਚ ਮਨਜੀਤ ਸਿੰਘ, ਅਮਰਜੀਤ ਸਿੰਘ, ਹਰਦੀਪ ਸਿੰਘ, ਅਵਤਾਰ ਸਿੰਘ ਤੇ ਹਰਵਿੰਦਰ ਸਿੰਘ ਤੇ ਹੋਰ ਸ਼ਾਮਲ ਹਨ। ਕਥਿਤ ਤੌਰ ‘ਤੇ ਫਸੇ ਹੋਏ ਲੋਕਾਂ ਵਿੱਚ ਮਨਜੀਤ ਸਿੰਘ, ਅਮਰਜੀਤ ਸਿੰਘ, ਹਰਦੀਪ ਸਿੰਘ, ਅਵਤਾਰ ਸਿੰਘ ਅਤੇ ਹਰਵਿੰਦਰ ਸਿੰਘ ਸ਼ਾਮਲ ਹਨ। ਪੀੜਤਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਇੱਕ ਸਥਾਨਕ ਟਰੈਵਲ ਏਜੰਟ ਨੇ ਵਿਦੇਸ਼ ਵਿਚ ਰੁਜ਼ਗਾਰ ਅਤੇ ਚੰਗੇ ਰਹਿਣ-ਸਹਿਣ ਦਾ ਵਾਅਦਾ ਕਰਕੇ ਠੱਗਿਆ ਹੈ।
Bottom of Form
ਇਸ ਘਟਨਾ ’ਤੇ ਡੂੰਘਾ ਫਿਕਰ ਜਤਾਉਂਦਿਆਂ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ, ‘‘ਅੱਠ ਲੋਕ ਬਿਨਾਂ ਸਹੀ ਭੋਜਨ, ਆਰਾਮ ਜਾਂ ਸੁਰੱਖਿਆ ਦੇ ਛੋਟੇ ਡੱਬਿਆਂ ਵਿੱਚ ਰਹਿ ਰਹੇ ਹਨ। ਇਹ ਸੱਚਮੁੱਚ ਸ਼ਰਮਨਾਕ ਹੈ ਕਿ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਪੁੱਤਰ, ਜੋ ਹਿੰਮਤ ਅਤੇ ਕੁਰਬਾਨੀ ਲਈ ਜਾਣੇ ਜਾਂਦੇ ਹਨ, ਅੱਜ ਵਿਦੇਸ਼ੀ ਧਰਤੀ ’ਤੇ ਅਪਮਾਨ ਅਤੇ ਸ਼ੋਸ਼ਣ ਦਾ ਸਾਹਮਣਾ ਕਰ ਰਹੇ ਹਨ।’’ ਲਾਲਪੁਰਾ ਨੇ ਕਿਹਾ ਕਿ ਉਹ ਇਨ੍ਹਾਂ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਅਧਿਕਾਰੀਆਂ ਕੋਲ ਇਹ ਮੁੱਦਾ ਉਠਾਉਣਗੇ। ਸੂਤਰਾਂ ਨੇ ਦੱਸਿਆ ਕਿ ਫਸੇ ਹੋਏ ਨੌਜਵਾਨਾਂ ਦੇ ਮਾਪਿਆਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਵੀ ਮੁਲਾਕਾਤ ਕਰਕੇ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਉਣ ਵਿੱਚ ਮਦਦ ਦੀ ਮੰਗ ਕੀਤੀ ਹੈ।
ਪੰਜਾਬੀ ਟ੍ਰਿਬਯੂਨ