ਪਾਈਪ ਲੀਕ ਹੋਣ ਕਾਰਨ ਕੌਮੀ ਸ਼ਾਹਰਾਹ ਦੀ ਹਾਲਤ ਖਸਤਾ
02 ਜਨਵਰੀ, 2026 – ਲੰਬੀ : ਕੌਮੀ ਸ਼ਾਹਰਾਹ 354- ਈ (ਡੱਬਵਾਲੀ-ਅਬੋਹਰ) ’ਤੇ ਟੌਲ ਅਦਾ ਕਰਨ ਦੇ ਬਾਵਜੂਦ ਰਾਹਗੀਰਾਂ ਨੂੰ ਸੁਰੱਖਿਅਤ ਸਫ਼ਰ ਨਹੀਂ ਮਿਲ ਰਿਹਾ। ਪਿੰਡ ਮਿੱਡੂਖੇੜਾ ਨੇੜੇ ਲਿਫਟ ਪੰਪ ਦੀ ਇੱਕ ਪਾਈਪ ਐੱਨ ਐੱਚ ਦੇ ਹੇਠਾਂ ਲੰਮੇ ਸਮੇਂ ਤੋਂ ਲੀਕ ਹੋ ਰਹੀ ਹੈ, ਜਿਸ ਨਾਲ ਲਗਾਤਾਰ ਪਾਣੀ ਵਹਿ ਰਿਹਾ ਹੈ। ਵਿਭਾਗੀ ਲਾਪਰਵਾਹੀ ਕਾਰਨ ਕੌਮੀ ਸ਼ਾਹਰਾਹ ਦਾ ਕੁੱਝ ਹਿੱਸਾ ਟੁੱਟ ਗਿਆ ਹੈ ਅਤੇ ਡੂੰਘੇ ਟੋਏ ਪੈ ਚੁੱਕੇ ਹਨ। ਇੱਕ ਪਾਸੇ ਪੀਡਬਲਿਊੂਡੀ (ਬੀ ਐਂਡ ਆਰ) ਡਿਵੀਜ਼ਨ ਅਬੋਹਰ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ, ਉੱਥੇ ਦੂਜੇ ਪਾਸੇ ਮਿੱਟੀ ਤੇ ਜਲ ਸਾਂਭ-ਸੰਭਾਲ ਵਿਭਾਗ ਪੰਜਾਬ ਵੀ ਪਾਈਪ ਨੂੰ ਕਿਸਾਨਾਂ ਦੀ ਮਲਕੀਅਤ ਦੱਸ ਕੇ ਜ਼ਿੰਮੇਵਾਰੀ ਤੋਂ ਪੱਲਾ ਝਾੜ ਰਿਹਾ ਹੈ। ਹਾਲਾਤ ਇਹ ਹਨ ਕਿ ਇਹ ਜਗ੍ਹਾ ਰੋਜ਼ਾਨਾ ਹਾਦਸਿਆਂ ਦਾ ਕੇਂਦਰ ਬਣੀ ਹੋਈ ਹੈ। ਲੀਕ ਪਾਈਪ ਘੁਮਿਆਰਾ ਦੇ ਕਿਸੇ ਲਿਫਟ ਪੰਪ ਨਾਲ ਸਬੰਧਤ ਦੱਸੀ ਜਾਂਦੀ ਹੈ।
ਇਲਾਕਾ ਵਾਸੀਆਂ ਮੁਤਾਬਕ ਸ਼ਾਹ ਰਾਹ ਦਾ ਲੀਕੇਜ ਵਾਲਾ ਹਿੱਸਾ ਵਣਵਾਲਾ ਅਨੂੰਕਾ ਦੀ ਲਿੰਕ ਸੜਕ ਦੇ ਸਾਹਮਣੇ ਅਤੇ ਮਿੱਡੂਖੇੜਾ ਸੇਮਨਾਲੇ ਨੇੜੇ ਸਥਿਤ ਹੈ। ਸੜਕ ਕੰਢੇ ਲੰਘਦੀ ਲਿਫਟ ਪੰਪ ਦੀ ਪਾਈਪ ਕਾਫ਼ੀ ਸਮੇਂ ਤੋਂ ਲੀਕ ਹੁੰਦੀ ਹੈ, ਪਰ ਕਾਲਾ ਟਿੱਬਾ ਟੌਲ ਪਲਾਜ਼ਾ ਜਾਂ ਵਿਭਾਗੀ ਪੱਧਰ ’ਤੇ ਕੋਈ ਕਾਰਵਾਈ ਸਾਹਮਣੇ ਨਹੀਂ ਆਈ। ਹੈਰਾਨੀ ਦੀ ਗੱਲ ਹੈ ਕਿ ਕਰੀਬ ਦੋ ਸਾਲਾਂ ਤੋਂ ਸੜਕ ਲਗਭਗ ਵਿਚਕਾਰ ਤੱਕ ਟੁੱਟ ਗਈ ਹੈ।
ਇੱਕ ਟਾਈਲ ਫੈਕਟਰੀ ਦੇ ਮਜ਼ਦੂਰ ਗੋਵਿੰਦ ਨੇ ਦੱਸਿਆ ਕਿ ਪਾਣੀ ਕਾਰਨ ਸੜਕ ਲਗਾਤਾਰ ਟੁੱਟ ਰਹੀ ਹੈ ਅਤੇ ਟੋਏ ਵਧ ਰਹੇ ਹਨ। ਕਿਸਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਹਫ਼ਤਾ ਪਹਿਲਾਂ ਟੋਇਆਂ ਤੋਂ ਬਚਣ ਲਈ ਅਚਾਨਕ ਕੱਟ ਮਾਰਨ ’ਤੇ ਦੋ ਕਾਰਾਂ ਵਿਚਕਾਰ ਟੱਕਰ ਹੋਣੋਂ ਬਚ ਗਈ ਸੀ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਰੋਜ਼ਾਨਾ ਲੱਖਾਂ ਰੁਪਏ ਟੌਲ ਵਸੂਲਿਆ ਜਾ ਰਿਹਾ ਹੈ ਤਾਂ ਕੌਮੀ ਸ਼ਾਹ ਰਾਹ ਦੀ ਇਹ ਹਾਲਤ ਰਾਹਗੀਰਾਂ ਅਤੇ ਖ਼ਪਤਕਾਰ ਸੁਰੱਖਿਆ ਕਾਨੂੰਨਾਂ ਨਾਲ ਸਰਕਾਰੀ ਖਿਲਵਾੜ ਹੈ।
ਪੰਜਾਬੀ ਟ੍ਰਿਬਯੂਨ