ਤਿੰਨ ਪ੍ਰਮੁੱਖ ਡੇਰਿਆਂ ਨਾਲ ਭਾਜਪਾ ਦੀ ਨੇੜਤਾ ਤੋਂ ‘ਆਪ’ ਫਿਕਰਮੰਦ
05 ਫਰਵਰੀ, 2026 – ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ‘ਮਿਸ਼ਨ ਪੰਜਾਬ’ ਲਈ ਸੂਬੇ ਦੇ ਪ੍ਰਮੁੱਖ ਡੇਰਿਆਂ ’ਤੇ ਡੋਰੇ ਪਾਉਣ ਲੱਗੀ ਹੈ। ਇਸ ਨਾਲ ਡੇਰਿਆਂ ਦੀ ਅਗਾਮੀ ਪੰਜਾਬ ਚੋਣਾਂ ’ਚ ਭੂਮਿਕਾ ਮੁੜ ਉੱਭਰੇਗੀ। ਭਾਜਪਾ ਦੀ ਸੂਬੇ ਦੇ ਤਿੰਨ ਪ੍ਰਮੁੱਖ ਡੇਰਿਆਂ ਨਾਲ ਵੱਧ ਰਹੀ ਨੇੜਤਾ ਤੋਂ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਫ਼ਿਕਰਮੰਦ ਹੋਣਾ ਸੁਭਾਵਿਕ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡੇਰਾ ਬੱਲਾਂ ’ਚ ਰਵਿਦਾਸ ਜੈਅੰਤੀ ਮੌਕੇ ਆਮਦ ਨੇ ਪੰਜਾਬ ਦੇ ਸਿਆਸੀ ਦ੍ਰਿਸ਼ ’ਚ ਹਲਚਲ ਪੈਦਾ ਕਰ ਦਿੱਤੀ ਹੈ।
ਡੇਰਾ ਬੱਲਾਂ ਦਾ ਦੋਆਬੇ ਖ਼ਿੱਤੇ ’ਚ ਕਾਫ਼ੀ ਪ੍ਰਭਾਵ ਸਮਝਿਆ ਜਾਂਦਾ ਹੈ ਅਤੇ ਕਈ ਸੀਟਾਂ ’ਤੇ ਇਸ ਡੇਰੇ ਦੇ ਪੈਰੋਕਾਰ ਪ੍ਰਭਾਵ ਛੱਡਦੇ ਹਨ। ਕੇਂਦਰ ਸਰਕਾਰ ਵੱਲੋਂ ਪਹਿਲਾਂ ਡੇਰਾ ਬੱਲਾਂ ਦੇ ਸੰਤ ਨਿਰੰਜਨ ਦਾਸ ਨੂੰ ਪਦਮਸ੍ਰੀ ਐਵਾਰਡ ਦਾ ਐਲਾਨ ਕਰਨਾ ਅਤੇ ਰਵਿਦਾਸ ਜੈਅੰਤੀ ਮੌਕੇ ਪ੍ਰਧਾਨ ਮੰਤਰੀ ਮੋਦੀ ਦੀ ਡੇਰਾ ਬੱਲਾਂ ’ਚ ਆਮਦ ਇਸ ਗੱਲ ਦਾ ਸੰਕੇਤ ਹੈ ਕਿ ਭਾਜਪਾ ਡੇਰਿਆਂ ਦੇ ਬੱਝਵੇਂ ਵੋਟ ਬੈਂਕ ’ਤੇ ਟੇਕ ਲਾਉਣ ਲੱਗੀ ਹੈ। ਇਸ ਨੇੜਤਾ ਤੋਂ ਸਾਰੀਆਂ ਸਿਆਸੀ ਧਿਰਾਂ ਬੇਚੈਨ ਹਨ।
ਦੂਜਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਸੋਮਵਾਰ ਨੂੰ ਨਾਭਾ ਜੇਲ੍ਹ ’ਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਅਤੇ ਮਜੀਠੀਆ ਖਿਲਾਫ਼ ਦਰਜ ਕੇਸਾਂ ਨੂੰ ਝੂਠੇ ਕਰਾਰ ਦੇਣਾ, ਇਹ ਇਸ਼ਾਰਾ ਕਰਦਾ ਹੈ ਕਿ ਡੇਰਾ ਬਿਆਸ ਭਵਿੱਖ ’ਚ ਆਮ ਆਦਮੀ ਪਾਰਟੀ ਤੋਂ ਦੂਰ ਹੀ ਰਹੇਗਾ। ਡੇਰਾ ਬਿਆਸ ਦੇ ਉੱਤਰੀ ਭਾਰਤ ਅਤੇ ਖ਼ਾਸ ਕਰ ਕੇ ਪੰਜਾਬ ਦੇ ਮਾਝਾ ਖੇਤਰ ’ਚ ਪੈਰੋਕਾਰ ਹਨ। ਡੇਰਾ ਬਿਆਸ ਦੀ ਹਮੇਸ਼ਾ ਰਾਜਸੀ ਨਿਰਪੱਖਤਾ ਦੀ ਨੀਤੀ ਰਹੀ ਹੈ ਪਰ ਹੁਣ ਇਸ ਨਿਰਪੱਖਤਾ ’ਤੇ ਵੀ ਉਂਗਲ ਉੱਠਣ ਲੱਗੀ ਹੈ। ਡੇਰਾ ਬਿਆਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇੱਕ ਵਾਰ ਆ ਚੁੱਕੇ ਹਨ। ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਤਾਂ ਪਿਛਲੇ ਡੇਢ ਦਹਾਕੇ ਦੌਰਾਨ ਕਰੀਬ ਚਾਰ ਵਾਰ ਡੇਰਾ ਬਿਆਸ ਦਾ ਦੌਰਾ ਕਰ ਚੁੱਕੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਸਿੱਧੇ ਤਰੀਕੇ ਨਾਲ ਤਨਜ਼ ਕੱਸ ਕੇ ਡੇਰਾ ਬਿਆਸ ਮੁਖੀ ਨੂੰ ਨਿਸ਼ਾਨੇ ’ਤੇ ਲਿਆ ਹੈ।
ਭਾਜਪਾ ਦੀ ਮਾਲਵਾ ਖਿੱਤੇ ’ਚ ਡੇਰਾ ਸਿਰਸਾ ’ਤੇ ਟੇਕ ਜਾਪਦੀ ਹੈ। ਡੇਰਾ ਸਿਰਸਾ ਮੁਖੀ ਨੂੰ ਵਾਰ ਵਾਰ ਪੈਰੋਲ ਦਿੱਤੇ ਜਾਣ ਤੋਂ ਸਾਫ਼ ਹੈ ਕਿ ਅਗਾਮੀ ਪੰਜਾਬ ਚੋਣਾਂ ’ਚ ਡੇਰਾ ਸਿਰਸਾ ਭਾਜਪਾ ਪ੍ਰਤੀ ਆਪਣਾ ਨਰਮਗੋਸ਼ਾ ਰੱਖੇਗਾ। ਭਾਜਪਾ ਦੀ ਜਨਤਕ ਪ੍ਰਭਾਵ ਵਾਲੇ ਹੋਰਨਾਂ ਡੇਰਿਆਂ ’ਤੇ ਵੀ ਅੱਖ ਹੈ।
ਸਾਲ 2022 ’ਚ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਡੇਰਿਆਂ ਦੇ ਪੈਰੋਕਾਰ ਵੀ ਇੱਕ ਸਿਆਸੀ ਹਨੇਰੀ ’ਚ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਭੁਗਤੇ ਸਨ। ਐਤਕੀਂ ਆਮ ਆਦਮੀ ਪਾਰਟੀ ਲਈ ਰਾਹ ਸੁਖਾਲਾ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੇ ਕਈ ਚੋਣਾਂ ’ਚ ਖੁੱਲ੍ਹੇਆਮ ਡੇਰਾ ਸਿਰਸਾ ਦਾ ਆਸਰਾ ਤੱਕਿਆ ਸੀ। ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਡੇਰਾ ਸਿਆਸਤ ਨਾਲ ਨੇੜਤਾ ਦਾ ਸਿਆਸੀ ਖ਼ਮਿਆਜ਼ਾ ਅੱਜ ਤੱਕ ਭੁਗਤਣਾ ਪੈ ਰਿਹਾ ਹੈ।
ਸੂਝਵਾਨ ਵਰਗ ਡੇਰਿਆਂ ਦੀ ਸਿਆਸਤ ਤੋਂ ਨਾਖੁਸ਼
ਪੰਜਾਬ ਦਾ ਸੂਝਵਾਨ ਵਰਗ ਡੇਰਿਆਂ ਦੀ ਸਿਆਸਤ ’ਚ ਭੂਮਿਕਾ ਤੋਂ ਨਾਖ਼ੁਸ਼ ਹੈ। ਸਿਆਸੀ ਹਲਕਿਆਂ ਮੁਤਾਬਕ ਭਾਜਪਾ ਦਾ ‘ਡੇਰਾ ਮਿਸ਼ਨ’ ਇਕੱਲਾ ਚੋਣਾਂ ਤੱਕ ਸੀਮਤ ਨਹੀਂ ਬਲਕਿ ਇਸ ਪਿੱਛੇ ਹੋਰ ਵੀ ਕਈ ਸਿਆਸੀ ਮਨੋਰਥ ਜਾਪਦੇ ਹਨ; ਹਾਲਾਂਕਿ ਦਿਹਾਤੀ ਪੰਜਾਬ ਦਾ ਭਾਜਪਾ ਪ੍ਰਤੀ ਰਵੱਈਆ ਕਿਸੇ ਤੋਂ ਗੁੱਝਾ ਨਹੀਂ ਹੈ ਕਿਉਂਕਿ ਤਿੰਨ ਖੇਤੀ ਕਾਨੂੰਨਾਂ ਜ਼ਰੀਏ ਦਿੱਤੇ ਦਰਦ ਖ਼ਾਸ ਕਰ ਕੇ ਕਿਸਾਨੀ ਤਬਕੇ ਲਈ ਭੁੱਲਣਯੋਗ ਨਹੀਂ ਹਨ। ਭਾਜਪਾ ਗੈਰ ਜੱਟ ਵੋਟਰਾਂ ਦੇ ਧਰੁਵੀਕਰਨ ਦੀ ਸਿਆਸਤ ਕਰ ਸਕਦੀ ਹੈ ਕਿਉਂਕਿ ਹਰਿਆਣਾ ਚੋਣਾਂ ’ਚ ਭਾਜਪਾ ਨੂੰ ਇਹ ਪੈਂਤੜਾ ਰਾਸ ਆਇਆ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸਰਹੱਦੀ ਸੂਬਾ ਹੋਣ ਕਰ ਕੇ ਪੰਜਾਬ ਦੀ ਤਾਸੀਰ ਵੱਖਰੀ ਹੈ।
ਪੰਜਾਬੀ ਟ੍ਰਿਬਯੂਨ