11 ਅਗਸਤ, 2025 – ਮੋਰਿੰਡਾ: ਮੋਰਿੰਡਾ ਸ਼ਹਿਰ ਤੋਂ ਮਹਿਜ ਇਕ ਕਿਲੋਮੀਟਰ ਦੀ ਦੂਰੀ ਉੱਤੇ ਵਸੇ ਪਿੰਡ ਢੋਲਣ ਮਾਜਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਕਮਰਿਆਂ ਦੀ ਕੁਝ ਸਾਲ ਪਹਿਲਾਂ ਹੀ ਉਸਾਰੀ ਹੋਣ ਕਾਰਨ ਵਧੀਆ ਹਾਲ ਬਿਲਡਿੰਗ ਵਿਚ ਬੱਚੇ ਸੁਰੱਖਿਅਤ ਦਿਖਾਈ ਦੇ ਰਹੇ ਹਨ ਪ੍ਰੰਤੂ ਦੂਸਰੇ ਪਾਸੇ ਸਕੂਲ ਦੀ ਚਾਰ ਦੀਵਾਰੀ ਦੇ ਅੰਦਰ ਪੈਦਾ ਹੋਈ ਉੱਚੀ ਲੰਬੀ ਘਾਹ, ਬੂਟੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੀ ਸੁਰੱਖਿਆ ਤੇ ਪ੍ਰਸ਼ਨ ਚਿੰਨ ਲਗਾ ਰਹੀ ਹੈ। ਜਾਣਕਾਰੀ ਅਨੁਸਾਰ ਆਸ ਪਾਸ ਖੇਤਾਂ ਵਾਲਾ ਇਲਾਕਾ ਹੋਣ ਕਾਰਨ ਅਤੇ ਸਕੂਲ ਵਿਚ ਉੱਗੀ ਘਾਹ, ਬੂਟੀ ਕਾਰਨ ਇਸ ਸਕੂਲ ਵਿਚ ਪੜ੍ਹਾਈ ਕਰਦੇ ਬੱਚੇ ਸੁਰੱਖਿਆਤ ਨਹੀਂ ਜਾਪਦੇ। ਇਹ ਸਕੂਲ ਪਿੰਡ ਦੇ ਬਿਲਕੁਲ ਬਾਹਰ ਵਾਰ ਖੇਤਾਂ ਵਿਚ ਘਿਰਿਆ ਹੈ ਅਤੇ ਸਕੂਲ ਦੇ ਅੰਦਰ ਪੈਦਾ ਹੋਈ ਘਾਹ ਬੂਟੀ ਜਹਰੀਲੇ ਸੱਪਾਂ ਦਾ ਬਸੇਰਾ ਵੀ ਹੋ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਬੱਚਿਆਂ ਦੀ ਸੁਰੱਖਿਆ ਖਤਰੇ ਵਿਚ ਪੈ ਸਕਦੀ ਹੈ।
ਮਿਡ ਡੇ ਮੀਲ ਰਸੋਈ ਵੀ ਘਾਹ ਬੂਟੀ ਦੇ ਘੇਰੇ ਵਿਚ ਸਕੂਲ ਦੀ ਇਮਾਰਤ ਤੋਂ ਥੋੜ੍ਹਾ ਹਟ ਕੇ ਦੂਰ ਬਣਾਈ ਗਈ ਮਿਡ ਡੇ ਮੀਲ ਰਸੋਈ ਦੇ ਆਸ ਪਾਸ ਵੀ ਘਾਹ ਪੈਦਾ ਹੋਈ ਹੈ ਜਿਸ ਵਿਚ ਕੋਈ ਵੀ ਜ਼ਹਿਰੀਲੇ ਮੱਛਰ ਜਾਂ ਕੋਈ ਜਾਨਵਰ ਹੋ ਸਕਦੇ ਹਨ। ਜਿਸ ਕਾਰਨ ਬੱਚਿਆਂ ਦੇ ਖਾਣੇ ਵਿੱਚ ਵੀ ਕੋਈ ਹਾਨੀਕਾਰਕ ਜੀਵ ਜੰਤੂ ਵੀ ਡਿੱਗ ਸਕਦਾ ਹੈ। ਜਿਸ ਨਾਲ ਬੱਚਿਆਂ ਦੇ ਖਾਣੇ ਦੀ ਸ਼ੁੱਧਤਾ ਤੇ ਵੀ ਸਵਾਲ ਖੜੇ ਹੋ ਰਹੇ ਹਨ।
ਸਕੂਲ ਵਿਚ ਬੱਚਿਆਂ ਦੇ ਪੀਣ ਵਾਲੇ ਪਾਣੀ ਲਈ ਨਹੀਂ ਆਰ.ਓ. ਸਿਸਟਮ: ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਸਕੂਲ ਵਿਚ ਬੱਚਿਆਂ ਦੇ ਪੀਣ ਵਾਲੇ ਪਾਣੀ ਲਈ ਕੋਈ ਆਰ.ਓ. ਸਿਸਟਮ ਨਹੀਂ ਲਗਾਇਆ ਗਿਆ। ਜਿਸ ਦੇ ਚੱਲਦਿਆਂ ਬੱਚਿਆਂ ਦੇ ਪੀਣ ਲਈ ਅਤੇ ਖਾਣਾ ਬਣਾਉਣ ਲਈ ਸਾਦਾ ਪਾਣੀ ਹੀ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਜਿਸ ਨੂੰ ਪੂਰੀ ਤਰ੍ਹਾਂ ਨਾਲ ਸ਼ੁੱਧ ਪਾਣੀ ਨਹੀਂ ਕਿਹਾ ਜਾ ਸਕਦਾ। ਇਸ ਨਾਲ ਕਦੇ ਵੀ ਬੱਚੇ ਕਿਸੇ ਬਿਮਾਰੀ ਦੀ ਚਪੇਟ ਵਿਚ ਵੀ ਆ ਸਕਦੇ ਹਨ। — ਵਿਦਿਅਕ ਪਾਰਕ ਵਿਚ ਵੀ ਉੱਗੀ ਘਾਹ ਬੂਟੀ ਉਧਰ ਸਕੂਲ ਦੇ ਵੇਹੜੇ ਵਿਚ ਹੀ ਬੱਚਿਆਂ ਦੀ ਜਨਰਲ ਨੌਲੇਜ ਲਈ ਬਣਾਏ ਗਏ ਪਾਰਕ ਜਿਸ ਵਿਚ ਲੋਹੇ ਦੇ ਬੂਟੇ ਟਾਈਪ ਬੋਰਡ ਲਗਾਏ ਗਏ ਹਨ। ਜਿਨ੍ਹਾਂ ਤੋਂ ਬੱਚੇ ਕਾਫੀ ਕੁਝ ਸਿੱਖ ਸਕਦੇ ਹਨ। ਪ੍ਰੰਤੂ ਇਸ ਪਾਰਕ ਵਿਚ ਵੀ ਉੱਗੀ ਉੱਚੀ ਘਾਹ ਬੂਟੀ ਕਾਰਨ ਬੱਚੇ ਇਸ ਪਾਰਕ ਵਿਚ ਨਹੀਂ ਜਾ ਸਕਦੇ। ਜਿਸ ਦੇ ਚੱਲਦਿਆਂ ਇਹ ਪਾਰਕ ਇੱਕ ਤਰ੍ਹਾਂ ਨਾਲ ਬੇਫਾਇਦਾ ਹੋ ਗਈ ਜਾਪਦੀ ਹੈ।
ਸਕੂਲ ਵਿਚ ਸਾਲਾਂ ਬੱਧੀ ਲੱਗੇ ਹਨ ਪੁਰਾਣੀਆਂ ਇੱਟਾਂ ਦੇ ਢੇਰ ਉਧਰ ਸਕੂਲ ਦੀ ਚਾਰਦੀਵਾਰੀ ਦੇ ਅੰਦਰ ਹੀ ਪੁਰਾਣੀਆਂ ਇੱਟਾਂ ਦੇ ਢੇਰ ਲੱਗੇ ਹਨ ਜੋ ਕਈ ਸਾਲਾਂ ਤੋਂ ਇਸੇ ਹਾਲਤ ਵਿਚ ਦੱਸੇ ਜਾਂਦੇ ਹਨ। ਇਨਾਂ ਢੇਰਾਂ ਵਿਚ ਵੀ ਜਿੱਥੇ ਘਾਹ ਬੂਟੀ ਪੈਦਾ ਹੋਈ ਹੈ ਉੱਥੇ ਹੀ ਇਨਾਂ ਵਿਚ ਸੱਪਾਂ ਜਾਂ ਹੋਰ ਜਹਰੀਲੇ ਕੀੜਿਆਂ, ਜਾਨਵਰਾਂ ਦਾ ਵਾਸ ਵੀ ਹੋ ਸਕਦਾ ਹੈ। ਜੋ ਸਕੂਲ ਵਿਚ ਜਾਂਦੇ ਛੋਟੇ ਬੱਚਿਆਂ ਦੀ ਸੁਰੱਖਿਆ ਤੇ ਸਵਾਲ ਖੜੇ ਕਰਦਾ ਹੈ।
ਮੈਨੇਜਮੈਂਟ ਦੇ ਧਿਆਨ ’ਚ ਲਿਆ ਕੀਤੀ ਜਾਵੇਗੀ ਸਫ਼ਾਈ : ਪ੍ਰਭਜੋਤ ਕੌਰ ਸਕੂਲ ਇੰਚਾਰਜ ਪ੍ਰਭਜੋਤ ਕੌਰ ਅਨੁਸਾਰ ਸਕੂਲ ਵਿਚ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਲਗਭਗ 19 ਬੱਚੇ ਪੜ੍ਹਦੇ ਹਨ। ਸਕੂਲ ਵਿਚ ਪੈਦਾ ਹੋਈ ਲੰਬੀ ਉੱਚੀ ਘਾਹ ਬੂਟੀ ਸਬੰਧੀ ਉਨਾਂ ਕਿਹਾ ਕਿ ਸਮੇਂ ਸਮੇਂ ਇਸ ਦੀ ਸਫਾਈ ਕਰਵਾਈ ਜਾਂਦੀ ਹੈ। ਪਰੰਤੂ ਹੁਣ ਬਰਸਾਤ ਕਾਰਨ ਇੰਨੀ ਉੱਚੀ ਘਾਹ ਉਗੀ ਹੈ। ਉਨਾਂ ਕਿਹਾ ਕਿ ਸਕੂਲ ਮੈਨੇਜਮੈਂਟ ਕਮੇਟੀ ਦੇ ਧਿਆਨ ਵਿਚ ਲਿਆ ਕੇ ਸਫਾਈ ਕਰਵਾਈ ਜਾਵੇਗੀ।
ਪੰਚਾਇਤ ਨਾਲ ਸੰਪਰਕ ਕਰ ਕੇ ਕਰਵਾਈ ਜਾਵੇਗੀ ਸਫ਼ਾਈ : ਚੇਅਰਮੈਨ ਉਧਰ ਇਸ ਸਬੰਧੀ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਊਸ਼ਾ ਰਾਣੀ ਨੇ ਕਿਹਾ ਕਿ ਗ੍ਰਾਮ ਪੰਚਾਇਤ ਨਾਲ ਸੰਪਰਕ ਕਰਕੇ ਘਾਹ ਬੂਟੀ ਜੀ ਸਫਾਈ ਕਰਵਾਈ ਜਾਵੇਗੀ। ਇਸੇ ਤਰ੍ਹਾਂ ਇਸ ਸਬੰਧੀ ਬੀਈਓ ਪ੍ਰਾਇਮਰੀ ਸਿੱਖਿਆ ਬਲਬੀਰ ਕੌਰ ਨੇ ਕਿਹਾ ਕਿ ਸਕੂਲ ਵਿੱਚ ਸਮੇਂ ਸਮੇਂ ਸਫਾਈ ਕਰਵਾਈ ਜਾਂਦੀ ਹੈ ਪਰੰਤੂ ਬਰਸਾਤ ਕਾਰਨ ਉੱਗੀ ਘਾਹ ਬੂਟੀ ਦੀ ਜਲਦੀ ਸਫਾਈ ਕਰਵਾ ਦਿੱਤੀ ਜਾਵੇਗੀ ਜਦ ਕਿ ਸਕੂਲ ਵਿੱਚ ਆਰਓ ਸਿਸਟਮ ਨਾ ਹੋਣ ਸਬੰਧੀ ਉਨ੍ਵਾਂ ਕਿਹਾ ਕਿ ਇਹ ਵਿਭਾਗ ਦੀ ਪਾਲਸੀ ਮੈਟਰ ਹੈ ਪ੍ਰੰਤੂ ਫਿਰ ਵੀ ਸਕੂਲ ਵਿੱਚ ਆਰ.ਓ. ਸਿਸਟਮ ਲਗਵਾਉਣ ਲਈ ਕੁਝ ਅਧਿਕਾਰੀਆਂ ਨੂੰ ਲਿਖਿਆ ਜਾਵੇਗਾ।
ਪੰਜਾਬੀ ਜਾਗਰਣ