ਇਥੋਂ ਦੇ ਇਤਿਹਾਸਕ ਪਿੰਡ ਠੀਕਰੀਵਾਲਾ ਵਿੱਚ ‘ਆਪ’ ਸਰਕਾਰ ਵੱਲੋਂ ਐਲਾਨਿਆਂ ਨਰਸਿੰਗ ਕਾਲਜ ਬਣ ਕੇ ਤਿਆਰ ਹੋਣਾ ਤਾਂ ਦੂਰ ਹਾਲੇ ਤੱਕ ਕਾਗਜ਼ੀ ਕਾਰਵਾਈ ਵੀ ਮੁਕੰਮਲ ਨਹੀਂ ਹੋਈ।
17 ਜਨਵਰੀ, 2026 – ਮਹਿਲ ਕਲਾਂ : ਇਥੋਂ ਦੇ ਇਤਿਹਾਸਕ ਪਿੰਡ ਠੀਕਰੀਵਾਲਾ ਵਿੱਚ ‘ਆਪ’ ਸਰਕਾਰ ਵੱਲੋਂ ਐਲਾਨਿਆਂ ਨਰਸਿੰਗ ਕਾਲਜ ਬਣ ਕੇ ਤਿਆਰ ਹੋਣਾ ਤਾਂ ਦੂਰ ਹਾਲੇ ਤੱਕ ਕਾਗਜ਼ੀ ਕਾਰਵਾਈ ਵੀ ਮੁਕੰਮਲ ਨਹੀਂ ਹੋਈ। ਕਾਲਜ ਲਈ ਚੁਣੀ ਜਗ੍ਹਾ ਨੂੰ ਨੀਂਹ ਪੱਥਰ ਦਾ ਇੰਤਜ਼ਾਰ ਹੈ। ਇਹ ਥਾਂ ਉਜਾੜ ਹੈ, ਜਿਥੇ ਰੂੜ੍ਹੀਆਂ ਦੇ ਢੇਰ ਤੇ ਗੰਦਗੀ ਹੈ। ਜਨਵਰੀ 2023 ’ਚ ਆਜ਼ਾਦੀ ਘੁਲਾਟੀਏ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ 89ਵੀਂ ਸਾਲਾਨਾ ਬਰਸੀ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਜ ਤੋਂ ਲੜਕੀਆਂ ਦੇ ਸਰਕਾਰੀ ਸਕੂਲ ਨੂੰ ਅੱਪਗ੍ਰੇਡ ਕਰਕੇ ਸਰਕਾਰੀ ਨਰਸਿੰਗ ਕਾਲਜ ਬਣਾਉਣ ਦਾ ਐਲਾਨ ਕੀਤਾ ਸੀ।
ਸ਼ਹੀਦ ਠੀਕਰੀਵਾਲਾ ਦੀ 18 ਜਨਵਰੀ ਨੂੰ 92ਵੀਂ ਬਰਸੀ ਹੈ ਪਰ ਹਾਲੇ ਤੱਕ ਕਾਲਜ ਦਾ ਕੰਮ ਸ਼ੁਰੂ ਵੀ ਨਹੀਂ ਹੋਇਆ। ਦੋ ਵਰ੍ਹੇ ਪਹਿਲਾਂ ਸਾਲ 2024 ’ਚ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ 20.84 ਕਰੋੜ ਰੁਪਏ ਕਾਲਜ ਨਿਰਮਾਣ ਲਈ ਜਾਰੀ ਹੋਣ ਦਾ ਦਾਅਵਾ ਕੀਤਾ ਸੀ। ਪਿਛਲੇ ਸਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਐਲਾਨ ਅਨੁਸਾਰ ਬਰਨਾਲਾ ਤੋਂ ਠੀਕਰੀਵਾਲਾ ਸੜਕ ਨੂੰ ਚੌੜਾ ਕਰਨ ਦੇ ਕੰਮ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ।
ਇਸ ਸਬੰਧੀ ਸੇਵਾ ਸਿੰਘ ਠੀਕਰੀਵਾਲਾ ਦਾ ਬਰਸੀ ਸਮਾਗਮ ਕਰਵਾਉਣ ਵਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਸੀਰ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਕਾਲਜ ਬਣਾਉਣ ਦਾ ਵਾਅਦਾ ਜਲਦੀ ਪੂਰਾ ਕਰਨਾ ਚਾਹੀਦਾ ਹੈ, ਜਦਕਿ ਵਿੱਤ ਮੰਤਰੀ ਚੀਮਾ ਵੱਲੋਂ ਪਿਛਲੇ ਸਾਲ ਦਿੱਤੀ 20 ਲੱਖ ਦੀ ਗ੍ਰਾਂਟ ਨਾਲ ਸ਼ਹੀਦ ਠੀਕਰੀਵਾਲਾ ਦੀ ਯਾਦਗਾਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਕਾਲਜ ਨਿਰਮਾਣ ਸਬੰਧੀ ਪੀ ਡਬਲਿਊ ਡੀ ਐਕਸੀਅਨ ਹਰੀਸ਼ ਗੋਇਲ ਅਨੁਸਾਰ ਕਾਲਜ ਲਈ ਗ੍ਰਾਂਟ ਜਾਰੀ ਨਹੀਂ ਹੋਈ। ਉਨ੍ਹਾਂ ਦੇ ਵਿਭਾਗ ਵੱਲੋਂ ਇਸ ਦੀ ਇਮਾਰਤ ਨਿਰਮਾਣ ਲਈ 54 ਕਰੋੜ ਰਾਸ਼ੀ ਦਾ ਐਸਟੀਮੇਟ ਬਣਾ ਕੇ ਭੇਜਿਆ ਜਾ ਚੁੱਕਾ ਹੈ। ਪ੍ਰਸ਼ਾਸਕੀ ਪ੍ਰਵਾਨਗੀ ਤੋਂ ਬਾਅਦ ਹੀ ਕਾਲਜ ਨਿਰਮਾਣ ਸ਼ੁਰੂ ਹੋਵੇਗਾ ਅਤੇ ਇਸ ਦੇ ਨਿਰਮਾਣ ਵਿੱਚ ਅੰਦਾਜ਼ਨ ਦੋ ਸਾਲ ਦਾ ਸਮਾਂ ਲੱਗੇਗਾ।
ਪੰਜਾਬੀ ਟ੍ਰਿਬਯੂਨ