18 ਅਪਰੈਲ, 2025 – ਤਲਵੰਡੀ ਸਾਬੋ : ਆਰਬਨਡੇਲ ਫਲੋਰੀਡਾ ਅਮਰੀਕਾ ਵਿੱਚ ਚੱਲ ਰਹੇ ਵਿਸ਼ਵ ਤੀਰਅੰਦਾਜ਼ੀ ਕੱਪ ਵਿੱਚ ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਿਟੀ ਆਫ਼ ਕਾਮਰਸ ਐਂਡ ਮੈਨੇਜਮੈਂਟ ਦੇ ਐੱਮਬੀਏ ਭਾਗ ਪਹਿਲਾ ਦੇ ਵਿਦਿਆਰਥੀ ਰਿਸ਼ਭ ਯਾਦਵ ਨੇ ਆਪਣੀ ਜੋੜੀਦਾਰ ਖਿਡਾਰਨ ਸੁਰੇਖਾ ਵੇਨਾਮ ਨਾਲ ਮਿਕਸਡ ਕਪਾਊਂਡ ਇਵੈਂਟ ਦੇ ਸਖ਼ਤ ਮੁਕਾਬਲੇ ਵਿੱਚ ਚੀਨੀ ਤਾਇਪੇ ਦੀ ਟੀਮ 153-151 ਦੇ ਮੁਕਾਬਲੇ ਨਾਲ ਹਰਾ ਕੇ ਸੋਨੇ ਦਾ ਤਗ਼ਮਾ ਜਿੱਤਿਆ।
ਕੁਲਪਤੀ ਗੁਰਲਾਭ ਸਿੰਘ ਸਿੱਧੂ ਤੇ ਉਪ ਕੁਲਪਤੀ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਨੇ ਕਿਹਾ ਕਿ ਅਜਿਹੇ ਖਿਡਾਰੀਆਂ ਨਾਲ ਭਾਰਤੀ ਖੇਡ ਦਾ ਭਵਿੱਖ ਉੱਜਵਲ ਦਿਖਾਈ ਦਿੰਦਾ ਹੈ। ਉਨ੍ਹਾਂ ਇਸ ਪ੍ਰਾਪਤੀ ’ਤੇ ਕੋਚ, ਖਿਡਾਰੀ ਅਤੇ ਸਮੂਹ ’ਵਰਸਿਟੀ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ’ਵਰਸਿਟੀ ਇਲਾਕੇ ਵਿੱਚ ਖੇਡਾਂ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਅਤੇ ਖਿਡਾਰੀਆਂ ਦੇ ਖੇਡ ਕੌਸ਼ਲ ਨੂੰ ਸੁਧਾਰਨ ਤੇ ਸੰਵਾਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਵਿਸ਼ਵ ਕੱਪ ਦੇ ਮੁਕਾਬਲੇ ਬਾਰੇ ਜਾਣਕਾਰੀ ਦਿੰਦਿਆਂ ਡਾ. ਰਾਜ ਕੁਮਾਰ ਸ਼ਰਮਾ ਡਾਇਰੈਕਟਰ ਸਪੋਰਟਸ ਨੇ ਦੱਸਿਆ ਕਿ ਰਿਸ਼ਭ ਅਤੇ ਉਸ ਦੀ ਟੀਮ ਦਾ ਫਾਈਨਲ ਮੁਕਾਬਲਾ ਚੀਨੀ ਤਾਇਪੇ ਦੇ ਖਿਡਾਰੀ ਹੁਆਂਗ ਆਈ ਜੌ ਅਤੇ ਚੇਨ ਚਿਹ ਲੂਨ ਨਾਲ ਸੀ ਜਿਸ ਵਿੱਚ ਭਾਰਤੀ ਖਿਡਾਰੀਆਂ ਦੀ ਸ਼ੁਰੂਆਤ ਜ਼ਿਆਦਾ ਵਧੀਆ ਨਹੀਂ ਰਹੀ। ਪਰ ਭਾਰਤੀ ਖਿਡਾਰੀਆਂ ਨੇ ਹੌਂਸਲਾ ਬਣਾਈ ਰੱਖਿਆ ਤੇ ਆਪਣੇ ਆਖ਼ਰੀ ਦੋ ਪਰਫੈਕਟ ਸ਼ਾਟ ਲਗਾ ਕੇ ਸੋਨ ਤਗਮੇ ਨੂੰ ਭਾਰਤ ਦੀ ਝੋਲੀ ਪਾਇਆ। ਉਨ੍ਹਾਂ ਦੱਸਿਆ ਕਿ ਭਾਰਤੀ ਖਿਡਾਰੀਆਂ ਨੇ ਸਪੇਨ, ਡੈਨਮਾਰਕ ਅਤੇ ਸਲੋਵੇਨੀਆ ਦੀਆਂ ਟੀਮਾਂ ਨੂੰ ਹਰਾ ਕੇ ਇਹ ਸ਼ਾਨਾਮੱਤੀ ਪ੍ਰਾਪਤੀ ਹਾਸਲ ਕੀਤੀ ਹੈ।
ਪੰਜਾਬੀ ਟ੍ਰਿਬਯੂਨ
https://www.punjabitribuneonline.com/news/malwa/archer-rishabh-wins-gold-medal-in-world-cup/
ਨੀਰਜ ਚੋਪੜਾ ਨੇ ਪੋਟ ਇਨਵੀਟੇਸ਼ਨਲ ਟਰੈਕ ਚੈਂਪੀਅਨਸ਼ਿਪ ਜਿੱਤੀ
18 ਅਪਰੈਲ, 2025 – ਨਵੀਂ ਦਿੱਲੀ : ਭਾਰਤ ਦੇ ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਦੱਖਣੀ ਅਫ਼ਰੀਕਾ ਦੇ ਪੋਟਚੈਫਸਟਸਰੂਮ ਵਿੱਚ ਪੋਟ ਇਨਵੀਟੇਸ਼ਨਲ ਟਰੈਕ ਚੈਂਪੀਅਨਸ਼ਿਪ ਜਿੱਤ ਕੇ ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ।
ਚੋਪੜਾ ਨੇ ਵਰਲਡ ਅਥਲੈਟਿਕਸ ਕੌਂਟੀਨੈਂਟਲ ਟੂਰ ਚੈਲੈਂਜਰ ਈਵੈਂਟ ਦੌਰਾਨ 84.52 ਮੀਟਰ ਦੂਰੀ ਤੱਕ ਜੈਵਲਿਨ ਸੁੱਟ ਕੇ ਛੇ ਖਿਡਾਰੀਆਂ ਦੇ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕੀਤਾ। ਭਾਰਤੀ ਖਿਡਾਰੀ ਦੱਖਣੀ ਅਫਰੀਕਾ ਦੇ ਡੀ. ਸਮਿਟ ਜਿਸ ਦੀ ਸਰਵੋਤਮ ਥ੍ਰੋਅ 82.44 ਮੀਟਰ ਸੀ, ਤੋਂ ਅੱਗੇ ਰਿਹਾ। ਹਾਲਾਂਕਿ ਚੋਪੜਾ ਦਾ ਇਹ ਪ੍ਰਦਰਸ਼ਨ ਉਸ ਦੇ ਵਿਅਕਤੀਗਤ ਸਰਵੋਤਮ 89.94 ਮੀਟਰ ਤੋਂ ਘੱਟ ਸੀ, ਜਦਕਿ ਸਮਿਟ ਆਪਣੇ ਵਿਅਕਤੀਗਤ ਸਰਵੋਤਮ ਥ੍ਰੋਅ 83.29 ਮੀਟਰ ਦੇ ਨੇੜੇ ਪੁੱਜ ਗਿਆ। ਮੁਕਾਬਲੇ ’ਚ ਸਿਰਫ ਚੋਪੜਾ ਤੇ ਸਮਿਟ ਨੇ ਹੀ 80 ਮੀਟਰ ਦੀ ਦੂਰੀ ਪਾਰ ਕੀਤੀ। ਦੱਖਣੀ ਅਫਰੀਕਾ ਦਾ ਇੱਕ ਹੋਰ ਖਿਡਾਰੀ ਡੰਕਨ ਰੌਬਰਟਸਨ 71.22 ਮੀਟਰ ਦੂਰੀ ’ਤੇ ਜੈਵਲਿਨ ਸੁੱਟ ਕੇ ਤੀਜੇ ਸਥਾਨ ’ਤੇ ਰਿਹਾ।
ਨੀਰਜ ਚੋਪੜਾ ਆਪਣੇ ਨਵੇਂ ਕੋਚ ਚੈੱਕ ਗਣਰਾਜ ਦੇ ਜਾਨ ਜ਼ੈਲੇਜ਼ਨੀ ਦੀ ਨਿਗਰਾਨੀ ਹੇਠ ਪੋਟਚੈਫਸਟਸਰੂਮ ’ਚ ਪ੍ਰੈਕਟਿਸ ਕਰ ਰਿਹਾ ਹੈ। ਜ਼ੈਲੇਜ਼ਨੀ ਤਿੰਨ ਵਾਰ ਦਾ ਓਲੰਪਿਕ ਚੈਂਪੀਅਨ ਤੇ ਵਿਸ਼ਵ ਰਿਕਾਰਡਧਾਰੀ ਹੈ। ਚੋਪੜਾ 16 ਮਈ ਤੋਂ ਦੋਹਾ ਡਾਇਮੰਡ ਲੀਗ ਨਾਲ ਉੱਚ ਪੱਧਰੀ ਮੁਕਾਬਲਿਆਂ ’ਚ ਆਪਣੀ ਮੁਹਿੰਮ ਸ਼ੁਰੂ ਕਰੇਗਾ।
ਪੰਜਾਬੀ ਟ੍ਰਿਬਯੂਨ
test