10 ਮਾਰਚ, 2025 – ਸ੍ਰੀ ਗੋਇੰਦਵਾਲ ਸਾਹਿਬ : ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ ਕਿ ਹਲਕਾ ਖਡੂਰ ਸਾਹਿਬ ਵਿੱਚ ਪਿਛਲੇ 10 ਸਾਲਾਂ ਦੌਰਾਨ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਆਈਆਂ ਗਰਾਂਟਾਂ ਅਤੇ ਮੌਜੂਦਾ ਸਰਕਾਰ ਦੇ ਸਮੇਂ ਦੌਰਾਨ ਪਿੰਡਾਂ ਨੂੰ ਮਿਲੀਆਂ ਗਰਾਂਟਾਂ ਦਾ ਪੂਰਾ ਹਿਸਾਬ ਲਿਆ ਜਾਵੇਗਾ। ਉਨ੍ਹਾਂ ਨੇ ਇਹ ਗੱਲ ਆਪਣੇ ਫੇਸਬੁੱਕ ਅਕਾਊਂਟ ’ਤੇ ਪੋਸਟ ’ਚ ਆਖੀ।
ਲਾਲਪੁਰਾ ਨੇ ਸਿੱਧੇ ਰੂਪ ਵਿੱਚ ਚਿਤਾਵਨੀ ਦਿੰਦਿਆਂ ਆਖਿਆ ਕਿ ਪਿੰਡਾਂ ਕਸਬਿਆਂ ਲਈ ਆਈਆਂ ਗਰਾਂਟਾ ਵਿੱਚ ਕਥਿਤ ਹੇਰਫੇਰ ਅਤੇ ਗਰਾਂਟਾਂ ਦੀ ਦਰਵਰਤੋਂ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਨ੍ਹਾਂ ਗਰਾਂਟਾਂ ਨੂੰ ਪਿੰਡ ਵਾਸੀਆਂ ’ਚ ਜਨਤਕ ਕਰਨਾ ਵੀ ਜ਼ਰੂਰੀ ਬਣਾਇਆ ਜਾਵੇਗਾ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਆਪਣੀ ਪੋਸਟ ਵਿੱਚ ਲਿਖਿਆ, ‘‘ਪਿਛਲੇ 10 ਸਾਲਾਂ ਪੰਚਾਇਤੀ ਫੰਡਾਂ ਵਿੱਚ ਹੋਏ ਘਪਲੇ ਉਜਾਗਰ ਕਰਾਂਗੇ ਅਤੇ ਮੇਰੇ ਕਾਰਜਕਾਲ ਦੌਰਾਨ ਵੀ ਜੇਕਰ ਕਿਸੇ ਪਿੰਡ ਦੀ ਗਰਾਂਟ ਵਿੱਚ ਹੇਰਫੇਰ ਹੋਇਆ ਤਾਂ ਕੋਈ ਵੀ ਸਰਪੰਚ, ਪੰਚ ਬਖਸ਼ਿਆ ਨਹੀਂ ਜਾਏਗਾ।
ਮੈਨੂੰ ਪਤਾ ਕਿ ਇਸ ਕਾਰਵਾਈ ਨਾਲ ਕੁੱਝ ਆਪਣੇ ਲੋਕ ਮੇਰੇ ਨਾਲ ਨਾਰਾਜ਼ ਵੀ ਹੋਣਗੇ ਪਰ ਕੋਈ ਫਰਕ ਨਹੀਂ ਪੈਂਦਾ, ਮੈਂ ਲੋਕਾਂ ਨਾਲ ਹਾਂ ਕਿਉਂਕਿ ਇਹ ਲੋਕਾਂ ਦਾ ਪੈਸਾ ਹੈ।’’ ਵਿਧਾਇਕ ਨੇ ਕਿਹਾ ਕਿ ਇਹ ਕਾਰਵਾਈ ਨਿਰਪੱਖ ਅਤੇ ਬਦਲਾਖੋਰੀ ਰਹਿਤ ਹੋਵੇਗੀ, ਜਿਸ ਵਿੱਚ ਆਪਣੇ-ਬੇਗਾਨੇ ਦਾ ਫਰਕ ਨਹੀਂ ਰੱਖਿਆ ਜਾਵੇਗਾ। ਜਿਸ ਵੱਲੋਂ ਵੀ ਜਨਤਾ ਦੇ ਪੈਸੇ ਦੀ ਦੁਰਵਰਤੋਂ ਜਾਂ ਘਪਲਾ ਸਾਹਮਣੇ ਆਇਆ, ਉਸ ਖ਼ਿਲਾਫ਼ ਕਾਰਵਾਈ ਤੋਂ ਲਿਹਾਜ਼ ਨਹੀ ਹੋਵੇਗਾ।
ਪੰਜਾਬੀ ਟ੍ਰਿਬਯੂਨ
test