25 ਜੁਲਾਈ, 2025 – ਤਲਵੰਡੀ ਸਾਬੋ : ਪਿੰਡ ਮਲਕਾਣਾ ਦੇ ਨੌਜਵਾਨ ਖਿਡਾਰੀ ਦਿਲਸ਼ਾਨ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਇਲਾਕੇ ਅਤੇ ਮਾਪਿਆਂ ਦਾ ਨਾਂ ਰੌਸ਼ਨ ਕਰਦਿਆਂ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਹੋਏ ਕੌਮੀ ਪੱਧਰੀ ਨਿਸ਼ਾਨੇਬਾਜ਼ੀ ਮੁਕਾਬਲਿਆਂ ਦੀ ਏਅਰ ਪਿਸਟਲ ਸ਼੍ਰੇਣੀ ’ਚ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ ਹੈ ਜਿਸ ਨੂੰ ਲੈ ਕੇ ਇਲਾਕੇ ’ਚ ਖੁਸ਼ੀ ਦਾ ਮਾਹੌਲ ਹੈ।
ਨਿਸ਼ਾਨੇਬਾਜ਼ ਦਿਲਸ਼ਾਨ ਸਿੰਘ ਸਿੱਧੂ ਦੇ ਪਿਤਾ ਅਤੇ ਪਿੰਡ ਮਲਕਾਣਾ ਦੇ ਸਰਪੰਚ ਰਾਮਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਦਿਲਸ਼ਾਨ ਨੇ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਦਿੱਲੀ ਵਿੱਚ 21 ਜੁਲਾਈ ਨੂੰ ਖ਼ਤਮ ਹੋਈ ‘ਸਪੋਰਟਸ ਫਾਰ ਆਲ ਨੈਸ਼ਨਲ ਰਿਵਾਰਡ ਪ੍ਰੋਗਰਾਮ’ ਦੀ ਨੈਸ਼ਨਲ ਰਾਈਫਲ ਸਬ ਯੂਥ (ਪੁਰਸ਼) ਸ਼੍ਰੇਣੀ ਦੇ ਏਅਰ ਪਿਸਟਲ ਮੁਕਾਬਲਿਆਂ ਵਿੱਚ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ।
ਉਨ੍ਹਾਂ ਕਿਹਾ ਕਿ ਤਗ਼ਮਾ ਹਾਸਲ ਕਰਨ ਤੋਂ ਬਾਅਦ ਦਿਲਸ਼ਾਨ ਨੂੰ ਖੇਡ ਖੇਤਰ ’ਚ ਵਿਚਰ ਰਹੇ ਨੌਜਵਾਨਾਂ ਅਤੇ ਮੋਹਤਵਰਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇੱਥੇ ਦੱਸਣਯੋਗ ਹੈ ਕਿ ਦਿਲਸ਼ਾਨ ਸਿੱਧੂ ਨੇ ਪਿਛਲੇ ਸਮਿਆਂ ’ਚ ਜਿੱਥੇ ਫ਼ਰੀਦਕੋਟ ਵਿਚ ਚੜ੍ਹਤ ਸਿੰਘ ਸ਼ੂਟਿੰਗ ਕੱਪ ਦੇ 10 ਮੀਟਰ ਏਅਰ ਪਿਸਟਲ ਮੁਕਾਬਲਿਆਂ ’ਚ ਸੋਨ ਤਗਮਾ ਹਾਸਲ ਕੀਤਾ ਸੀ, ਉਥੇ ਪਟਿਆਲਾ ਦੇ ਐੱਚਕੇਐੱਮ ਸ਼ੂਟਿੰਗ ਅਰੇਨਾ ਵਿੱਚ ਕਰਵਾਏ ਮੁਕਾਬਲਿਆਂ ’ਚ ਵੀ ਸੋਨ ਤਗਮਾ ਜਿੱਤਿਆ ਸੀ।
ਪੰਜਾਬੀ ਟ੍ਰਿਬਯੂਨ