ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਦੇ ਹਾਲ ਹੀ ਵਿੱਚ ਜਾਰੀ ਕੀਤੇ ਅੰਕੜਿਆਂ ਅਨੁਸਾਰ ਇਨ੍ਹਾਂ ਚੋਣਾਂ ਵਿੱਚ ਵੱਡੀ ਗਿਣਤੀ ਵੋਟਾਂ ਰੱਦ ਹੋਈਆਂ ਹਨ।
08 ਜਨਵਰੀ, 2026 – ਚੰਡੀਗੜ੍ਹ : ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਦੇ ਹਾਲ ਹੀ ਵਿੱਚ ਜਾਰੀ ਕੀਤੇ ਅੰਕੜਿਆਂ ਅਨੁਸਾਰ ਇਨ੍ਹਾਂ ਚੋਣਾਂ ਵਿੱਚ ਵੱਡੀ ਗਿਣਤੀ ਵੋਟਾਂ ਰੱਦ ਹੋਈਆਂ ਹਨ। ਮਾਝੇ ਅਤੇ ਦੁਆਬੇ ’ਚ ਵੋਟਾਂ ਵੱਧ ਰੱਦ ਹੋਈਆਂ, ਜਦਕਿ ਮਾਲਵੇ ’ਚ ਇਹ ਰੁਝਾਨ ਘੱਟ ਦੇਖਣ ਨੂੰ ਮਿਲਿਆ। ਬੈਲੇਟ ਪੇਪਰਾਂ ਰਾਹੀਂ ਹੋਈਆਂ ਇਨ੍ਹਾਂ ਚੋਣਾਂ ਵਿੱਚ ਕੁੱਲ 48.40 ਫ਼ੀਸਦੀ ਪੋਲਿੰਗ ਹੋਈ ਸੀ। ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ 2.11 ਲੱਖ ਅਤੇ ਪੰਚਾਇਤ ਸਮਿਤੀ ਚੋਣਾਂ ਵਿੱਚ 1.92 ਲੱਖ ਵੋਟਾਂ ਰੱਦ ਹੋਈਆਂ ਹਨ।
ਰਾਜ ਚੋਣ ਕਮਿਸ਼ਨ ਦੀ ਵੈੱਬਸਾਈਟ ਅਨੁਸਾਰ ਜ਼ਿਲ੍ਹਾ ਪਰਿਸ਼ਦ ਦੇ ਕੁੱਲ 346 ਜ਼ੋਨਾਂ ’ਚੋਂ 25 ਅਜਿਹੇ ਜ਼ੋਨ ਹਨ, ਜਿੱਥੇ ਇੱਕ ਹਜ਼ਾਰ ਤੋਂ ਵੱਧ ਵੋਟਾਂ ਰੱਦ ਹੋਈਆਂ। ਪੰਚਾਇਤ ਸਮਿਤੀ ਦੇ 2835 ਜ਼ੋਨਾਂ ’ਚੋਂ 517 ਜ਼ੋਨਾਂ ਵਿੱਚ 100 ਤੋਂ ਵੱਧ ਵੋਟਾਂ ਰੱਦ ਹੋਈਆਂ। ਪਰਿਸ਼ਦ ਚੋਣਾਂ ਵਿੱਚ ਅੰਮ੍ਰਿਤਸਰ ਦਾ ਵਡਾਲਾ ਕਲਾਂ ਜ਼ੋਨ ਪਹਿਲੇ ਨੰਬਰ ’ਤੇ ਰਿਹਾ, ਜਿੱਥੇ ਸਭ ਤੋਂ ਵੱਧ 1586 ਵੋਟਾਂ ਰੱਦ ਹੋਈਆਂ। ਦੂਜੇ ਨੰਬਰ ’ਤੇ ਤਰਨ ਤਾਰਨ ਜ਼ਿਲ੍ਹੇ ਦਾ ਮਾਨੋਚਾਹਲ ਜ਼ੋਨ ਹੈ, ਜਿੱਥੇ 1539 ਵੋਟਾਂ ਰੱਦ ਹੋਈਆਂ। ਕਪੂਰਥਲਾ ਦੇ ਫੱਤੂ ਢੀਂਗਾ ਜ਼ੋਨ ਵਿੱਚ 1410 ਵੋਟਾਂ ਰੱਦ ਹੋਈਆਂ। ਸਮਿਤੀ ਚੋਣ ’ਚ ਸਭ ਤੋਂ ਵੱਧ 313 ਵੋਟਾਂ ਧਾਰੀਵਾਲ ਸਮਿਤੀ ਦੇ ਜ਼ੋਨ ’ਚ ਰੱਦ ਹੋਈਆਂ। ਫ਼ਿਰੋਜ਼ਪੁਰ ਦੇ ਘੱਲ ਖ਼ੁਰਦ ਸਮਿਤੀ ਦੇ ਨਾਰਾਇਣਗੜ੍ਹ ਜ਼ੋਨ ’ਚ 268 ਵੋਟਾਂ ਰੱਦ ਹੋਈਆਂ ਹਨ, ਜਿਨ੍ਹਾਂ ਜ਼ੋਨਾਂ ਵਿੱਚ ਵੋਟਾਂ ਵੱਧ ਰੱਦ ਹੋਈਆਂ, ਉੱਥੇ ‘ਨੋਟਾ’ ਨੂੰ ਵੀ ਵੱਧ ਵੋਟਾਂ ਪਈਆਂ।
ਬੈਲੇਟ ਪੇਪਰਾਂ ਦੀ ਵਰਤੋਂ ਹੋ ਸਕਦੀ ਹੈ ਕਾਰਨ
ਐੱਸ ਐੱਸ ਡੀ ਕਾਲਜ ਬਰਨਾਲਾ ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਸੋਇਬ ਜ਼ਫ਼ਰ ਨੇ ਕਿਹਾ ਕਿ ਲੰਮੇ ਸਮੇਂ ਤੋਂ ਈ ਵੀ ਐੱਮ ਰਾਹੀਂ ਵੋਟਾਂ ਪੈ ਰਹੀਆਂ ਹਨ, ਜਿਸ ਕਾਰਨ ਬਜ਼ੁਰਗ ਅਤੇ ਅਨਪੜ੍ਹ ਵੋਟਰਾਂ ਤੋਂ ਵੋਟ ਪਾਉਣ ਵੇਲੇ ਗਲਤੀ ਦੀ ਗੁੰਜਾਇਸ਼ ਜ਼ਿਆਦਾ ਹੈ। ਪੇਂਡੂ ਖ਼ਿੱਤੇ ਦੀਆਂ ਚੋਣਾਂ ਹੋਣ ਕਰਕੇ ਇਹ ਰੱਦ ਹੋਣ ਦੀ ਦਰ ਜ਼ਿਆਦਾ ਹੈ।
ਪੰਜਾਬੀ ਟ੍ਰਿਬਯੂਨ