ਬਰਸਾਤੀ ਪਾਣੀ ’ਚ ਡੁੱਬੇ ਮਹਾਨਗਰ ਦੇ ਕਈ ਇਲਾਕੇ, ਸ਼ਹਿਰ ਹੋਇਆ ਜਲਥਲ ਤਾਂ ਨਿਗਮ ਅਮਲੇ ਨੇ ਨਿਕਾਸੀ ਲਈ ਸ਼ੁਰੂ ਕੀਤੀ ਕਸਰਤ ਬੁੱਢੇ ਦਰਿਆ ਦਾ ਓਵਰਫਲੋ ਰੋਕਣ ਲਈ ਬਰਸਾਤ ’ਚ ਹੀ ਚੱਲਿਆ ਸਫਾਈ ਅਭਿਆਨ
23 ਜੁਲਾਈ, 2025 – ਲੁਧਿਆਣਾ : ਮਾਨਸੂਨ ਦੇ 89.4 ਐਮਐਮ ਮੀਂਹ ਨੇ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਪੁਖਤਾ ਹੋਣ ਬਾਰੇ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ। ਲੰਮੇ ਸਮੇਂ ਤੋਂ ਕੜਕਦੀ ਗਰਮੀ ਮਗਰੋਂ ਸਾਉਣ ਮਹੀਨੇ ਦੇ ਮੀਂਹ ਨੇ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ, ਉੱਥੇ ਸੜਕਾਂ ਅਤੇ ਗਲੀਆਂ ਵਿੱਚ ਬਰਸਾਤੀ ਪਾਣੀ ਭਰਨ ਕਾਰਨ ਬਣੇ ਹਾਲਾਤਾਂ ਨੇ ਇੱਕ ਵਾਰ ਫਿਰ ਰਾਹਗੀਰਾਂ ਲਈ ਮੰਜ਼ਿਲ ਤੱਕ ਪੁੱਜਣ ਵਿੱਚ ਪ੍ਰੇਸ਼ਾਨੀ ਖੜੀ ਕਰ ਦਿੱਤੀ।
ਮਹਿਜ ਕੁਝ ਘੰਟੇ ਦੇ ਮੀਂਹ ਮਗਰੋਂ ਹੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਰਸਾਤੀ ਪਾਣੀ ਸੜਕਾਂ ਤੇ ਜਮ੍ਹਾ ਹੋਣ ਕਾਰਨ ਸੜਕੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ, ਸ਼ਹਿਰ ਦੀਆਂ ਕਈ ਸੜਕਾਂ ਤੇ ਸਵੇਰੇ ਹੀ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ। ਉਧਰ ਮਹਾਨਗਰ ਦੇ ਰਾਹੋਂ ਰੋਡ ਤੇ ਨਗਰ ਨਿਗਮ ਦੀ ਹੱਦ ਤੋਂ ਜੋਧੇਵਾਲ ਬਸਤੀ ਚੌਂਕ ਤੱਕ ਸੜਕ ਦੇ ਦੋਨੋਂ ਸਾਈਡਾਂ ਤੇ 3 ਫੁੱਟ ਤੱਕ ਪਾਣੀ ਭਰ ਗਿਆ ਜਿਸ ਵਿੱਚ ਬਹੁਤ ਸਾਰੇ ਲੋਕਾਂ ਦੇ ਦੋ ਪਹੀਆ ਵਾਹਨ ਵੀ ਖਰਾਬ ਹੋ ਗਏ। ਬਾਕਸ– ਇਨ੍ਹਾਂ ਇਲਾਕਿਆਂ ’ਚ ਆਈ ਲੋਕਾਂ ਜ਼ਿਆਦਾ ਸਮੱਸਿਆ ਮੰਗਲਵਾਰ ਨੂੰ ਸਵੇਰੇ 7 ਵਜੇ ਦੇ ਕਰੀਬ ਸ਼ੁਰੂੁ ਹੋਏ ਮੀਂਹ ਨਾਲ ਮਹਾਨਗਰ ਦੇ ਜਮਾਲਪੁਰ, ਢੋਲੇਵਾਲ, ਮਿੱਲਰਗੰਜ, ਸਲੇਮ ਟਾਬਰੀ, ਹੈਬੋਵਾਲ, ਚੰਦਰ ਨਗਰ, ਰਾਹੋਂ ਰੋਡ, ਗਿੱਲ ਰੋਡ, 33 ਫੁੱਟਾ ਰੋਡ, ਢੰਡਾਰੀ, ਕੰਗਣਵਾਲ, ਫੋਕਲ ਪਵਾਇੰਟ, ਸ਼ਿਮਲਾਪੁਰੀ, ਸ਼ਹਿਰ ਦੇ ਜਮੀਨ ਦੌਜ ਰਸਤਿਆਂ, ਰੇਲਵੇ ਲਾਈਨਾਂ ਦੇ ਹੇਠੋ ਲੰਘਦੇ ਰਸਤਿਆਂ, ਪੁਰਾਣੇ ਬਜ਼ਾਰਾਂ ਸਮੇਤ ਹੋਰ ਕਈ ਇਲਾਕਿਆਂ ਵਿੱਚ ਸੀਵਰੇਜ ਸਿਸਟਮ ਬਰਸਾਤੀ ਪਾਣੀ ਸੰਭਾਲਣ ਵਿੱਚ ਨਾਕਾਮ ਸਾਬਤ ਹੋਇਆ।
ਵਧੇਰੇ ਥਾਵਾਂ ਤੋਂ ਸੀਵਰੇਜ ਦਾ ਪਾਣੀ ਬੈਕ ਮਾਰਨ ਕਾਰਨ ਲੋਕਾਂ ਦੀਆਂ ਕਰਾਂ ਅਤੇ ਦੁਕਾਨਾਂ ਵਿੱਚ ਗੰਦਾ ਪਾਣੀ ਭਰਨਾ ਸ਼ੁਰੂ ਹੋ ਗਿਆ। ਬਹਾਕਸ– ਮੀਂਹ ਦੌਰਾਨ ਬਣੇ ਹਲਾਤਾਂ ਨੂੰ ਦੇਖ ਹਰਕਤ ’ਚ ਆਇਆ ਨਗਰ ਨਿਗਮ ਅੱਜ ਦੇ ਮੀਂਹ ਨਾਲ ਸ਼ਹਿਰ ਦੇ ਵਧੇਰੇ ਇਲਾਕੇ ਜਲ ਥਲ ਹੋਣ ਦੀ ਜਾਣਕਾਰੀ ਮਿਲੀ ਤਾਂ ਨਗਰ ਨਿਗਮ ਅਮਲਾ ਹਰਕਤ ਵਿੱਚ ਆਇਆ ਅਤੇ ਵੱਖ ਵੱਖ ਇਲਾਕਿਆਂ ਵਿੱਚੋਂ ਸੀਵਰੇਜ ਸਾਫ ਕਰਨ ਦੀ ਕਸਰਤ ਸ਼ੁਰੂ ਹੋਈ। ਵਿਭਾਗ ਦੇ ਅਧਿਕਾਰੀਆਂ ਵੱਲੋਂ ਸੀਵਰਮੈਨ ਤੋਂ ਬੁੱਢੇ ਦਰਿਆ ਦੇ ਪਾਣੀ ਨਿਕਾਸੀ ਸੁਚਾਰੂ ਬਣਾਉਣ ਲਈ ਬਰਸਾਤ ਵਿੱਚ ਹੀ ਝਾੜੀਆਂ ਅਤੇ ਬੂਟੀ ਹਟਾਉਣ ਲਈ ਲਗਾਤਾਰ ਕਸਰਤ ਜਾਰੀ ਰਹੀ। ਕਰੇਨਾਂ ਤੇ ਛੋਟੀਆਂ ਮਸ਼ੀਨਾਂ ਦੀ ਮਦਦ ਨਾਲ ਬੁੱਢੇ ਦਰਿਆ ਵਿੱਚੋਂ ਗਾਰ ਅਤੇ ਜਮ੍ਹਾਂ ਹੋਇਆ ਕੂੜਾ ਕੱਢਿਆ ਗਿਆ ਹਾਲਾਂਕਿ ਕਈ ਥਾਵਾਂ ਤੋਂ ਬੁੱਢਾ ਦਰਿਆ ਦੀ ਚੌੜਾਈ ਘਟਣ ਕਾਰਨ ਬਰਸਾਤੀ ਪਾਣੀ ਨਿਕਲਣ ਵਿੱਚ ਰੁਕਾਵਟ ਪੈਦਾ ਹੋਈ। ਬਾਅਦ ਦੁਪਹਿਰ ਤੱਕ ਨਗਰ ਨਿਗਮ ਅਧਿਕਾਰੀਆਂ ਨੇ ਆਪਣੀ ਦੇਖਰੇਖ ਵਿੱਚ ਨੀਵੇਂ ਇਲਾਕਿਆਂ ਵਿੱਚੋਂ ਬਰਸਾਤੀ ਪਾਣੀ ਕੱਢਣ ਦੀ ਕਸਰਤ ਜਾਰੀ ਰੱਖੀ।
ਜਾਣਕਾਰੀ ਮੁਤਾਬਕ ਮੰਗਲਵਾਰ ਤੇਜ ਬਾਰਿਸ਼ ਕਾਰਨ ਸਥਾਨਕ ਰੂਪਾ ਮਿਸਤਰੀ ਗਲੀ ਵਿੱਚ ਇੱਕ ਆਸੁਰਖਿਅਤ ਬਿਲਡਿੰਗ ਦਾ ਛੱਜਾ ਡਿੱਗ ਗਿਆ। ਹਾਲਾਂਕਿ ਆਲੇ ਦੁਆਲੇ ਆਵਾਜਾਈ ਨਾ ਹੋਣ ਕਾਰਨ ਕਿਸੇ ਵੀ ਤਰ੍ਹਾਂ ਨੁਕਸਾਨ ਤੋਂ ਬਚਾ ਰਿਹਾ। ਹੁਣ ਦੇਖਣਾ ਹੋਵੇਗਾ ਕਿ ਅੱਜ ਦੇ ਬਣੇ ਹਲਾਤਾਂ ਤੋਂ ਬਾਅਦ ਨਗਰ ਨਿਗਮ ਦੇ ਓਐਂਡਐਮ ਸੈਲ ਵੱਲੋਂ ਸ਼ਹਿਰ ਨੂੰ ਮੀਂਹ ਦੇ ਪਾਣੀ ਤੋਂ ਬਚਾਉਣ ਲਈ ਕੀ ਪ੍ਰਬੰਧ ਕੀਤੇ ਜਾਂਦੇ ਹਨ।
ਪੰਜਾਬੀ ਜਾਗਰਣ