01 ਜੁਲਾਈ, 2025 – ਰੂਪਨਗਰ : ਰੋਪੜ (ਰੂਪਨਗਰ) ਦੇ 6 ਸਾਲਾ ਤੇਗਬੀਰ ਸਿੰਘ ਨੇ ਰੂਸ ਵਿੱਚ 18510 ਫੁੱਟ (5642 ਮੀਟਰ) ਉੱਚੀ ਚੋਟੀ ਮਾਊਂਟ ਐਲਬਰਸ ’ਤੇ ਚੜ੍ਹ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਤੇਗਬੀਰ ਦੇ ਪਿਤਾ ਨੇ ਕਿਹਾ ਕਿ ਉਸ ਨੇ 20 ਜੂਨ ਨੂੰ ਮਾਊਂਟ ਐਲਬਰਸ ਵੱਲ ਚੜ੍ਹਾਈ ਸ਼ੁਰੂ ਕੀਤੀ ਸੀ ਤੇ 28 ਜੂਨ ਨੂੰ ਚੋਟੀ ਦੀ ਸਿਖਰ ’ਤੇ ਪਹੁੰਚ ਗਿਆ।
ਰੂਸ ਦੇ ਬਲਕਾਰੀਅਨ ਗਣਰਾਜ ਦੇ ਕਬਾਰਡੀਨੋ ਦੇ ਮਾਊਂਟੇਨੀਅਰਿੰਗ, ਰੌਕ ਕਲਾਈਬਿੰਗ ਅਤੇ ਸਪੋਰਟਸ ਟੂਰਿਜ਼ਮ ਫੈਡਰੇਸ਼ਨ ਵੱਲੋਂ ਤੇਗਬੀਰ ਨੂੰ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ, ਜੋ ਇਹ ਪ੍ਰਮਾਣਤ ਕਰਦਾ ਹੈ ਕਿ ਤੇਗਬੀਰ ਇਸ ਚੋਟੀ ਨੂੰ ਸਰ ਕਰਨ ਵਾਲਾ ਸਭ ਤੋਂ ਛੋਟੀ ਉਮਰ ਦਾ ਸੀ। ਸਰਟੀਫਿਕੇਟ ਵਿਚ ਤੇਗਬੀਰ ਸਿੰਘ ਵੱਲੋਂ ਇਹ ਮਾਅਰਕਾ ਹਾਸਲ ਕਰਨ ਮੌਕੇ ਉਸ ਦੀ ਉਮਰ 6 ਸਾਲ, 9 ਮਹੀਨੇ ਤੇ 4 ਦਿਨ ਦਰਸਾਈ ਗਈ ਹੈ।
ਇਸ ਪ੍ਰਾਪਤੀ ਤੋਂ ਖੁਸ਼ ਤੇਗਬੀਰ ਨੇ ਵਟਸਐਪ ਕਾਲ ’ਤੇ ‘ਦਿ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਨੂੰ ਪਤਾ ਸੀ ਕਿ ਮੈਂ ਕਿੱਥੇ ਪੈਰ ਰੱਖਾਂਗਾ। ਮੈਂ ਪਹਾੜ ਦੀ ਚੋਟੀ ’ਤੇ ਪਹੁੰਚਿਆ ਅਤੇ ਉੱਥੇ ਆਪਣੇ ਪਿਤਾ ਨਾਲ ਇੱਕ ਤਸਵੀਰ ਖਿਚਵਾਈ। ਮੈਂ ਪਹਿਲੀ ਵਾਰ ਬਰਫ਼ ’ਤੇ ਤੁਰ ਰਿਹਾ ਸੀ, ਮੇਰੇ ਜੁੱਤੇ ਭਾਰੀ ਸਨ ਪਰ ਮੈਂ ਇਸ ਦਾ ਅਭਿਆਸ ਕੀਤਾ ਸੀ।’’ ਤੇਗਬੀਰ ਸ਼ਿਵਾਲਿਕ ਪਬਲਿਕ ਸਕੂਲ, ਰੋਪੜ ਦਾ ਦੂਜੀ ਜਮਾਤ ਦਾ ਵਿਦਿਆਰਥੀ ਹੈ।
ਤੇਗਬੀਰ ਨੇ ਇਸ ਪ੍ਰਾਪਤੀ ਨਾਲ 6 ਸਾਲ ਤੇ 9 ਮਹੀਨੇ ਦੀ ਉਮਰ ਵਿੱਚ ਮਾਊਂਟ ਐਲਬਰਸ ਦੀ ਚੜ੍ਹਾਈ ਦਾ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਪਹਿਲਾਂ ਇਹ ਰਿਕਾਰਡ ਮਹਾਰਾਸ਼ਟਰ ਦੇ ਵਸਨੀਕ Wagah Kushagra ਦੇ ਨਾਂ ਸੀ, ਜਿਸ ਨੇ ਪਿਛਲੇ ਸਾਲ 7 ਸਾਲ ਅਤੇ 3 ਮਹੀਨੇ ਦੀ ਉਮਰ ਵਿੱਚ ਵਿਸ਼ਵ ਰਿਕਾਰਡ ਬਣਾਇਆ ਸੀ।
ਤੇਗਬੀਰ ਅਗਸਤ 2024 ਵਿੱਚ ਅਫ਼ਰੀਕੀ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲੀਮੰਜਾਰੋ ਨੂੰ ਸਰ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਏਸ਼ਿਆਈ ਬਣਿਆ। ਇਸ ਲਈ ਉਸ ਦਾ ਨਾਮ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਅਤੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਸ਼ਾਮਲ ਹੈ। ਉਹ ਅਪਰੈਲ 2024 ਵਿੱਚ ਨੇਪਾਲ ਵਿੱਚ ਮਾਊਂਟ ਐਵਰੈਸਟ ਬੇਸ ਕੈਂਪ ਵੀ ਪਹੁੰਚਿਆ ਸੀ।
ਤੇਗਬੀਰ ਦੀ ਨਵੀਂ ਪ੍ਰਾਪਤੀ ਤੋਂ ਬਾਗ਼ੋਬਾਗ਼ ਉਸ ਦੇ ਪਿਤਾ ਸੁਖਿੰਦਰਦੀਪ ਸਿੰਘ ਨੇ ਕਿਹਾ, ‘‘ਤੇਗਬੀਰ ਨੇ ਇਸ ਪ੍ਰਾਪਤੀ ਲਈ ਕਰੀਬ ਇੱਕ ਸਾਲ ਪਹਿਲਾਂ ਤਿਆਰੀ ਸ਼ੁਰੂ ਕਰ ਦਿੱਤੀ ਸੀ। ਉਸ ਨੂੰ ਕੋਚ ਬਿਕਰਮਜੀਤ ਸਿੰਘ ਘੁੰਮਣ ਵੱਲੋਂ ਸਿਖਲਾਈ ਦਿੱਤੀ ਗਈ ਸੀ, ਜਿਨ੍ਹਾਂ ਉਸ ਨੂੰ ਦਿਲ ਦੀ ਤੰਦਰੁਸਤੀ ਅਤੇ ਫੇਫੜਿਆਂ ਦੀ ਸਮਰੱਥਾ ਨੂੰ ਉੱਚਾਈ ਦੀ ਬਿਮਾਰੀ ਨਾਲ ਨਜਿੱਠਣ ਲਈ ਵਧਾਉਣ ਵਾਲੀਆਂ ਕਸਰਤਾਂ ਵਿੱਚ ਮਦਦ ਕੀਤੀ ਸੀ। ਉਹ ਮੇਰੇ ਨਾਲ ਹਫਤਾਵਾਰੀ ਟਰੈਕ ’ਤੇ ਜਾਂਦਾ ਸੀ ਅਤੇ ਵੱਖ-ਵੱਖ ਪਹਾੜੀ ਥਾਵਾਂ ’ਤੇ ਕੋਚਿੰਗ ਦਿੰਦਾ ਸੀ।’’
ਉਨ੍ਹਾਂ ਕਿਹਾ, ‘‘ਮਾਊਂਟ ਐਲਬਰਸ ਦੀ ਚੜ੍ਹਾਈ ਮਾਊਂਟ ਕਿਲੀਮੰਜਾਰੋ ਅਤੇ ਉਸ ਤੋਂ ਪਹਿਲਾਂ ਕੀਤੇ ਗਏ ਹੋਰ ਟਰੈਕਾਂ ਦੇ ਮੁਕਾਬਲੇ ਵੱਖਰੀ ਸੀ। ਇਹ ਪਹਿਲੀ ਵਾਰ ਸੀ ਜਦੋਂ ਉਹ ਉੱਚੇ ਬੂਟਾਂ, ਕ੍ਰੈਂਪਨਾਂ, ਹਾਰਨੇਸ ਅਤੇ ਆਕਸੀਜਨ ਸਹਾਇਤਾ ਨਾਲ ਬਰਫ਼ ਵਿੱਚ ਤੁਰ ਰਿਹਾ ਸੀ। ਇਸ ਨਾਲ ਪੈਰਾਂ ਦਾ ਭਾਰ ਕਰੀਬ 4 ਕਿਲੋ ਵਧ ਗਿਆ। ਉਹ ਕਰੀਬ ਇੱਕ ਹਫ਼ਤੇ ਤੱਕ ਉਚਾਈ ’ਤੇ ਘੱਟ ਆਕਸੀਜਨ ਨਾਲ ਮਨਫ਼ੀ ਤਾਪਮਾਨ ਵਿਚ ਤੁਰਿਆ ਅਤੇ ਰਿਹਾ।’’ ਸੁਖਿੰਦਰਦੀਪ ਸਿੰਘ ਆਪਣੇ ਛੋਟੇ ਪੁੱਤਰ ਦੇ ਨਾਲ ਪਹਾੜੀ ਚੋਟੀ ’ਤੇ ਗਿਆ ਸੀ।
ਤੇਗਬੀਰ ਦੀ ਮਾਂ ਡਾ.ਮਨਪ੍ਰੀਤ ਕੌਰ, ਜੋ ਇੱਕ ਗਾਇਨੀਕੋਲੋਜਿਸਟ ਹੈ, ਨੇ ਕਿਹਾ, ‘‘ਖੁਰਾਕ ਨੇ ਉਸ ਦੀ ਯਾਤਰਾ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਅਤੇ ਉਸ ਨੇ ਆਪਣੇ ਕੋਚ ਵੱਲੋਂ ਦੱਸੇ ਗਏ ਸਖ਼ਤ ਖੁਰਾਕ ਸ਼ਡਿਊਲ ਦੀ ਪਾਲਣਾ ਕੀਤੀ।’’
ਪੰਜਾਬੀ ਟ੍ਰਿਬਯੂਨ
test