30 ਮਈ, 2025 – ਫਾਜ਼ਿਲਕਾ : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ 2020 ਰੱਦ ਕਰਕੇ ਪੰਜਾਬ ਵੱਲੋਂ ਆਪਣੀ ਸਿੱਖਿਆ ਨੀਤੀ ਬਣਾਉਣ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਕੇ ਪੰਜਾਬ ਵਾਸੀਆਂ ਲਈ ਨੌਕਰੀਆਂ ਵਿੱਚ 90 ਫ਼ੀਸਦੀ ਰਾਖਵਾਂਕਰਨ ਦੇਣ ਲਈ ਫਾਜ਼ਿਲਕਾ ਡੀਸੀ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਮਹਾਰਖੀਵਾ, ਸਕੱਤਰ ਮਮਤਾ ਲਾਧੂਕਾ, ਜ਼ਿਲ੍ਹਾ ਆਗੂ ਦਿਲਕਰਨ ਰਤਨਪੁਰਾ ਨੇ ਕਿਹਾ ਕਿ ਭਾਜਪਾ ਜਦੋਂ ਦੀ ਸੱਤਾ ਵਿੱਚ ਆਈ ਹੈ ਉਦੋਂ ਤੋਂ ਆਪਣੇ ਭਗਵੇਂਕਰਨ ਦੇ ਏਜੰਡੇ ਨੂੰ ਤੇਜ਼ੀ ਨਾਲ ਲਾਗੂ ਕਰ ਰਹੀ ਹੈ ਜਿਸ ਤਹਿਤ ਨਵੀਂ ਸਿੱਖਿਆ ਨੀਤੀ 2020 ਲਿਆਂਦੀ ਗਈ ਤਾਂ ਜੋ ਸਿੱਖਿਆ ਨੂੰ ਨਿੱਜੀਕਰਨ, ਭਗਵੇਂਕਰਨ ਅਤੇ ਕੇਂਦਰੀਕਰਨ ਦੀ ਰੰਗਤ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਤੇ ਰੁਜ਼ਗਾਰ ਦੀ ਗਰੰਟੀ ਲੈ ਕੇ ਸੱਤਾ ਦੇ ਵਿੱਚ ਆਈ ਸੀ ਜੋ ਫੇਲ੍ਹ ਸਾਬਤ ਹੋਈ ਹੈ।
ਜ਼ਿਲ੍ਹਾ ਆਗੂ ਅਦਿਤਿਆ ਫਾਜ਼ਿਲਕਾ, ਭੁਪਿੰਦਰ ਸਿੰਘ ਅਤੇ ਨੌਜਵਾਨ ਆਗੂ ਰਾਜਨ ਮਹਾਰ ਸੋਨਾ, ਗੁਰਦੇਵ ਸਿੰਘ ਸਲੇਮਸ਼ਾਹ ਨੇ ਕਿਹਾ ਕਿ ਅੱਜ ਸਾਡਾ ਨੌਜਵਾਨ ਲੱਚਰ ਗਾਇਕੀ, ਲੱਚਰ ਸੱਭਿਆਚਾਰ ਅਤੇ ਗੈਂਗਵਾਰ ਤੇ ਨਸ਼ਿਆਂ ਵੱਲ ਜਾ ਰਿਹਾ ਹੈ ਜਿਸ ਦਾ ਸਿੱਧਾ ਕਾਰਨ ਜਾਗਰੂਕਤਾ ਦੀ ਕਮੀ ਅਤੇ ਰੁਜ਼ਗਾਰ ਦੀ ਘਾਟ ਹੈ। ਵਿਦਿਆਰਥੀ ਅਤੇ ਨੌਜਵਾਨ ਰੁਜ਼ਗਾਰ ਨਾ ਹੋਣ ਕਰਕੇ ਗੈਂਗਵਾਰ ਤੇ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਮੌਕੇ ਕਾਜਲ ਰਾਣੀ, ਹਰਸ਼ਦੀਪ ਕੌਰ,ਸੋਨੀਆ ਰਾਣੀ, ਰਾਣੀ, ਪ੍ਰਿਅੰਕਾ, ਸੋਮਾ, ਕਿਰਨਾਂ ਰਾਣੀ, ਛਿੰਦਰਪਾਲ, ਰਾਕੇਸ਼, ਗੁਰਪ੍ਰੀਤ ਸਿੰਘ, ਗੋਬਿੰਦ ਸਿੰਘ, ਸੰਦੀਪ ਸਿੰਘ, ਜੁਗਰਾਜ ਸਿੰਘ, ਅਮਰਜੀਤ ਸਿੰਘ, ਰਮਨ ਸਿੰਘ, ਪਰਤਾਪ ਸਿੰਘ, ਕੁਲਵੰਤ ਸਿੰਘ, ਅਕਸ਼ੇ ਤਰੋਬੜੀ , ਅਸ਼ੋਕ ਫਤਿਹਗੜ੍ਹ, ਗੁਰਪ੍ਰੀਤ ਮੁਜੈਦੀਆ ਤੇ ਹੋਰ ਹਾਜ਼ਰ ਸਨ।
ਪੰਜਾਬੀ ਟ੍ਰਿਬਯੂਨ
test