05 ਜੁਲਾਈ, 2025 – ਸਪੇਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਛੇਤੀ ਹੀ ਦੁਨੀਆ ਦੇ ਸਿਖਰਲੇ ਤਿੰਨ ਅਰਥਚਾਰਿਆਂ ’ਚ ਸ਼ਾਮਲ ਹੋ ਜਾਵੇਗਾ ਅਤੇ ਮਸਨੂਈ ਬੌਧਿਕਤਾ (ਏਆਈ), ਸੈਮੀਕੰਡਕਟਰ ਅਤੇ ਕੁਆਂਟਮ ਕੰਪਿਊਟਿੰਗ ਸਬੰਧੀ ਉਸ ਦੇ ਮਿਸ਼ਨ ਵਿਕਾਸ ਦੇ ਨਵੇਂ ਇੰਜਣ ਬਣ ਰਹੇ ਹਨ। ਪਰਵਾਸੀ ਭਾਰਤੀਆਂ ਦੇ ਇਕੱਠ ਨੂੰ ਇਥੇ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ’ਚ ਹੁਣ ਕਈ ਮੌਕੇ ਉਪਲੱਬਧ ਹਨ ਅਤੇ ਵਿਕਾਸ ਤੇ ਤਰੱਕੀ ਦਾ ਲਾਭ ‘ਲੋੜਵੰਦਾਂ’ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੇਂ ਭਾਰਤ ਲਈ ਆਸਮਾਨ ਵੀ ਘੱਟ ਹੈ। ਪ੍ਰਧਾਨ ਮੰਤਰੀ ਆਪਣੇ ਵਿਦੇਸ਼ ਦੌਰੇ ਦੇ ਦੂਜੇ ਪੜਾਅ ਤਹਿਤ ਤ੍ਰਿਨੀਦਾਦ ਐਂਡ ਟੋਬੈਗੋ ’ਚ ਹਨ। ਇਹ 1999 ਮਗਰੋਂ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਇਸ ਕੈਰੇਬਿਆਈ ਟਾਪੂ ਮੁਲਕ ਦਾ ਪਹਿਲਾ ਦੌਰਾ ਹੈ। ਇਸ ਮੌਕੇ ਤ੍ਰਿਨੀਦਾਦ ਐਂਡ ਟੋਬੈਗੋ ਦੀ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ-ਬਿਸੇਸਰ, ਉਨ੍ਹਾਂ ਦੇ ਮੰਤਰੀ ਮੰਡਲ ਦੇ ਸਾਥੀ, ਸੰਸਦ ਮੈਂਬਰ ਅਤੇ ਹੋਰ ਕਈ ਹਸਤੀਆਂ ਸਣੇ ਚਾਰ ਹਜ਼ਾਰ ਤੋਂ ਵੱਧ ਲੋਕ ਹਾਜ਼ਰ ਸਨ। ਮੋਦੀ ਨੇ ਆਪਣੇ ਸੰਬੋਧਨ ਦੌਰਾਨ ਇਥੇ ਰਹਿ ਰਹੇ ਭਾਰਤੀ ਫ਼ਿਰਕੇ ਦੀ ਸ਼ਲਾਘਾ ਕੀਤੀ।
ਮੋਦੀ ਨੂੰ ਤ੍ਰਿਨੀਦਾਦ ਐਂਡ ਟੋਬੈਗੋ ਦਾ ਸਿਖਰਲਾ ਸਨਮਾਨ
ਪੋਰਟ ਆਫ਼ ਸਪੇਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਤ੍ਰਿਨੀਦਾਦ ਐਂਡ ਟੋਬੈਗੋ ਦੇ ਸਿਖਰਲੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਆਲਮੀ ਆਗੂ ਵਜੋਂ ਮਾਨਤਾ ਮਿਲਣ, ਭਾਰਤੀ ਪਰਵਾਸੀਆਂ ਨਾਲ ਗੂੜ੍ਹੀ ਸਾਂਝ ਅਤੇ ਕੋਵਿਡ-19 ਮਹਾਮਾਰੀ ਦੌਰਾਨ ਕੀਤੀਆਂ ਗਈਆਂ ਮਾਨਵੀ ਕੋਸ਼ਿਸ਼ਾਂ ਲਈ ਦਿੱਤਾ ਗਿਆ ਹੈ। ਮੋਦੀ ਨੇ ‘ਦਿ ਆਰਡਰ ਆਫ਼ ਦਿ ਰਿਪਬਲਿਕ ਆਫ਼ ਤ੍ਰਿਨੀਦਾਦ ਐਂਡ ਟੋਬੈਗੋ’ ਸਨਮਾਨ ਲੈਂਦਿਆਂ ਕਿਹਾ ਕਿ ਉਹ 140 ਕਰੋੜ ਭਾਰਤੀਆਂ ਵੱਲੋਂ ਇਹ ਸਨਮਾਨ ਸਵੀਕਾਰ ਕਰਦੇ ਹਨ।
ਪੰਜਾਬੀ ਟ੍ਰਿਬਯੂਨ
test