13 ਮਾਰਚ, 2025 – ਚੰਡੀਗੜ੍ਹ : ਪੰਜਾਬ ਸਾਲ 2024 ਵਿੱਚ ਨਸ਼ਿਆਂ ਦੇ ਮਾਮਲਿਆਂ ’ਚ ਦਰਜ ਹੋਏ ਕੇਸਾਂ ਵਿੱਚ ਦੇਸ਼ ਭਰ ’ਚੋਂ ਦੂਜੇ ਸਥਾਨ ’ਤੇ ਰਿਹਾ ਹੈ। ਹਾਲਾਂਕਿ, ਸੂਬੇ ਵਿੱਚ ਪਿਛਲੇ ਤਿੰਨ ਸਾਲਾਂ ’ਚ ਐੱਨਡੀਪੀਐੱਸ ਐਕਟ ਤਹਿਤ ਦਰਜ ਹੋਏ ਕੇਸਾਂ ਦੀ ਗਿਣਤੀ ਵਿੱਚ ਕਮੀ ਆਈ ਹੈ।
ਗ੍ਰਹਿ ਮੰਤਰਾਲੇ ਵੱਲੋਂ ਅੱਜ ਸੰਸਦ ਵਿੱਚ ਸਾਂਝੇ ਕੀਤੇ ਅੰਕੜਿਆਂ ਮੁਤਾਬਕ ਸਾਲ 2024 ਵਿੱਚ ਪੰਜਾਬ ’ਚ ਐੱਨਡੀਪੀਐੱਸ ਐਕਟ ਤਹਿਤ 9025 ਕੇਸ ਦਰਜ ਕੀਤੇ ਗਏ, ਜਦਕਿ 2023 ਵਿੱਚ ਇਨ੍ਹਾਂ ਕੇਸਾਂ ਦੀ ਗਿਣਤੀ 11564 ਤੇ 2022 ਵਿੱਚ 12423 ਸੀ। 2022 ਤੇ 2023 ਵਿੱਚ ਪੰਜਾਬ ਅਜਿਹੇ ਕੇਸਾਂ ਦੀ ਗਿਣਤੀ ਵਿੱਚ ਦੇਸ਼ ਭਰ ’ਚੋਂ ਤੀਜੇ ਨੰਬਰ ’ਤੇ ਸੀ। ਹਾਲਾਂਕਿ, ਇਨ੍ਹਾਂ ਦੋ ਸਾਲਾਂ ਦੌਰਾਨ ਐੱਨਡੀਪੀਐੱਸ ਐਕਟ ਤਹਿਤ ਦਰਜ ਹੋਏ ਸਭ ਤੋਂ ਵੱਧ ਕੇਸਾਂ ਵਾਲਾ ਸੂਬਾ ਮਹਾਰਾਸ਼ਟਰ ਸੀ। ਇਹ ਜਾਣਕਾਰੀ ਅਜਿਹੇ ਸਮੇਂ ਵਿੱਚ ਸਾਹਮਣੇ ਆਈ ਹੈ ਜਦੋਂ ਪੰਜਾਬ ਸਰਕਾਰ ਨੇ ਇਸ ਮਹੀਨੇ ਸੂਬੇ ਭਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ। ਇਸ ਦੌਰਾਨ ਪੁਲੀਸ ਨੇ ਪਿਛਲੇ 11 ਦਿਨਾਂ ਵਿੱਚ 1072 ਕੇਸ ਦਰਜ ਕੀਤੇ ਹਨ ਅਤੇ 1485 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੇਸ਼ ਵਿੱਚ ਐੱਨਡੀਪੀਐੱਸ ਦੇ ਸਭ ਤੋਂ ਵੱਧ ਕੇਸ ਕੇਰਲਾ ਵਿੱਚ ਦਰਜ ਹੋਏ ਹਨ। ਇਸ ਸੂਬੇ ਵਿੱਚ 2022 ਵਿੱਚ 26918, 2023 ’ਚ 30715 ਅਤੇ 2024 ’ਚ 27701 ਕੇਸ ਦਰਜ ਹੋਏ।
ਉੱਤਰੀ ਖੇਤਰ ਦੇ ਹੋਰ ਸੂਬਿਆਂ ਵਿੱਚੋਂ ਹਰਿਆਣਾ ’ਚ 2022 ਵਿੱਚ ਐੱਨਡੀਪੀਐੱਸ ਤਹਿਤ 3820, 2023 ’ਚ 3718 ਅਤੇ 2024 ਵਿੱਚ 3062 ਕੇਸ ਦਰਜ ਹੋਏ ਜਦਕਿ ਹਿਮਾਚਲ ਪ੍ਰਦੇਸ਼ ਵਿੱਚ ਇਨ੍ਹਾਂ ਸਾਲਾਂ ਦੌਰਾਨ ਕ੍ਰਮਵਾਰ 1518, 2045 ਤੇ 1634 ਕੇਸ ਦਰਜ ਹੋਏ। ਇਸੇ ਤਰ੍ਹਾਂ ਗੁਆਂਢੀ ਸੂਬੇ ਰਾਜਸਥਾਨ ਵਿੱਚ ਕ੍ਰਮਵਾਰ 3738, 5098 ਅਤੇ 5462 ਕੇਸ ਦਰਜ ਹੋਣ ਨਾਲ ਕੇਸਾਂ ਦੀ ਗਿਣਤੀ ਵਿੱਚ ਵਾਧੇ ਦਾ ਰੁਝਾਨ ਦੇਖਿਆ ਗਿਆ ਹੈ।
ਪੰਜਾਬੀ ਟ੍ਰਿਬਯੂਨ
test