11 ਫਰਵਰੀ, 2025 – ਸ਼ਾਹਕੋਟ : ਪਿੰਡ ਸਾਦਿਕਪੁਰ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਦੇ ਭਰਾ ਨੇ ਪਿੰਡ ਦੇ ਹੀ ਇਕ ਨੌਜਵਾਨ ਉੱਪਰ ਉਨ੍ਹਾਂ ਦੇ ਭਰਾ ਦਾ ਕਤਲ ਕਰਵਾਉਣ ਦਾ ਇਲਜ਼ਾਮ ਲਗਾਇਆ ਹੈ। ਮਹਿਤਪੁਰ ਪੁਲੀਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ। ਜਗਤਾਰ ਸਿੰਘ ਵਾਸੀ ਸਾਦਿਕਪੁਰ ਪਿਛਲੇ ਲੰਬੇ ਸਮੇਂ ਤੋਂ ਚਿੱਟੇ ਦਾ ਆਦੀ ਸੀ। ਮ੍ਰਿਤਕ ਨੌਜਵਾਨ ਦੇ ਛੋਟੇ ਭਰਾ ਮੁਖਤਿਆਰ ਸਿੰਘ ਨੇ ਪਿੰਡ ਦੇ ਹੀ ਨੌਜਵਾਨ ਵਿਜੈ ਕੁਮਾਰ ਉੱਪਰ ਇਲਜ਼ਾਮ ਲਗਾਉਂਦੇ ਕਿਹਾ ਕਿ ਉਸ ਨੇ ਉਨ੍ਹਾਂ ਦੇ ਭਰਾ ਦਾ ਕਤਲ ਕਰਵਾ ਕੇ ਲਾਸ਼ ਲੋਹਗੜ੍ਹ ਦੇ ਸਿਵਿਆਂ ਵਿਚ ਸੁੱਟ ਦਿੱਤੀ ਹੈ।
ਪੁਲੀਸ ਨੇ ਕੇਸ ਦਰਜ ਕਰਕੇ ਘਟਨਾ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਪਾਤੜਾਂ : ਪਿੰਡ ਖਾਸਪੁਰ ਵਿੱਚ ਬੀਤੀ ਰਾਤ ਨਸ਼ੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਛਾਣ ਅਰਸ਼ਦੀਪ ਸਿੰਘ (21) ਵਜੋਂ ਹੋਈ ਹੈ। ਉਸ ਦੇ ਮਾਤਾ ਨੇ ਦੱਸਿਆ ਕਿ ਉਸ ਦੇ ਤਿੰਨ ਪੁੱਤਰ ਹਨ ਅਤੇ ਪਤੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਹੈ। ਦੂਜੇ ਦੋਨੋਂ ਪੁੱਤਰ ਕੰਮ ਕਰਨ ਤੋਂ ਅਸਮਰੱਥ ਹਨ ਤੇ ਅਰਸ਼ਦੀਪ ਸਿੰਘ ਇਕੱਲਾ ਹੀ ਘਰ ਵਿੱਚ ਕਮਾਉਣ ਵਾਲਾ ਸੀ ਪਰ ਉਹ ਕੁਝ ਸਮੇਂ ਤੋਂ ਨਸ਼ੇ ਦਾ ਆਦੀ ਹੋ ਗਿਆ। ਉਸ ਨੇ ਬੀਤੀ ਰਾਤ ਘਰੋਂ ਬਾਹਰ ਜਾ ਕੇ ਚਿੱਟੇ ਦਾ ਟੀਕਾ ਲਗਾਇਆ ਤਾਂ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਵਿੱਚ ਨਸ਼ਿਆਂ ਦਾ ਧੰਦਾ ਕੁਝ ਸਮੇਂ ਵਿੱਚ ਵਧਿਆ ਹੈ, ਜਿਸ ਕਾਰਨ ਪੰਚਾਇਤ ਵੱਲੋਂ ਜਲਦੀ ਮਤਾ ਪਾ ਕੇ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ।
ਪੰਜਾਬੀ ਟ੍ਰਿਬਯੂਨ
test