ਇਥੋਂ ਦੇ ਪਿੰਡ ਗੁੜੀਆਖੇੜਾ ਨੇੜਿਓਂ ਲੰਘਦੀ ਮਾਈਨਰ ’ਚ ਪਾੜ ਪੈਣ ਕਾਰਨ ਢਾਣੀਆਂ ਤੇ ਖੇਤਾਂ ’ਚ ਪਾਣੀ ਭਰ ਗਿਆ। ਖੇਤਾਂ ’ਚ ਪਾਣੀ ਭਰਨ ਨਾਲ ਕਣਕ ਤੇ ਸਰ੍ਹੋਂ ਦੀ ਫ਼ਸਲ ਨੁਕਸਾਨੀ ਗਈ ਹੈ।
14 ਜਨਵਰੀ, 2026 – ਸਿਰਸਾ/ਏਲਨਾਬਾਦ : ਇਥੋਂ ਦੇ ਪਿੰਡ ਗੁੜੀਆਖੇੜਾ ਨੇੜਿਓਂ ਲੰਘਦੀ ਮਾਈਨਰ ’ਚ ਪਾੜ ਪੈਣ ਕਾਰਨ ਢਾਣੀਆਂ ਤੇ ਖੇਤਾਂ ’ਚ ਪਾਣੀ ਭਰ ਗਿਆ। ਖੇਤਾਂ ’ਚ ਪਾਣੀ ਭਰਨ ਨਾਲ ਕਣਕ ਤੇ ਸਰ੍ਹੋਂ ਦੀ ਫ਼ਸਲ ਨੁਕਸਾਨੀ ਗਈ ਹੈ। ਜਾਣਕਾਰੀ ਅਨੁਸਾਰ ਅੱਜ ਗੁੜੀਆਖੇੜਾ ਪਿੰਡ ਦੇ ਨੇੜੇ ਮਾਈਨਰ ’ਚ ਲੰਘੀ ਦੇਰ ਰਾਤ ਪਾੜ ਪੈ ਗਿਆ ਜਿਸ ਕਾਰਨ ਦਰਜਨਾਂ ਕਿੱਲਿਆਂ ’ਚ ਪਾਣੀ ਭਰ ਗਿਆ। ਮਾਈਨਰ ’ਚ ਪਾੜ ਪੈਣ ਦਾ ਪਤਾ ਲੱਗਣ ’ਤੇ ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਤੇ ਪਾੜ ਭਰਨ ਦੀ ਕੋਸ਼ਿਸ਼ ਕੀਤੀ।
ਦੱਸਿਆ ਗਿਆ ਹੈ ਕਿ ਮਾਈਨਰ ’ਚ 20 ਫੁੱਟ ਦਾ ਪਾੜ ਪਿਆ ਹੈ। ਕਿਸਾਨਾਂ ਨੇ ਦੱਸਿਆ ਹੈ ਕਿ ਪਾੜ ਪੈਣ ਨਾਲ ਜਿੱਥੇ ਨੇੜੇ ਦੀਆਂ ਢਾਣੀਆਂ ’ਚ ਪਾਣੀ ਵੜ ਗਿਆ ਉਥੇ ਹੀ ਪਿੰਡ ਦੇ ਸਕੂਲ ਤੋਂ ਇਲਾਵਾ ਦਰਜਨਾ ਕਿੱਲੇ ਕਣਕ ਪਾਣੀ ਦੀ ਮਾਰ ਹੇਠ ਆ ਗਈ। ਕਿਸਾਨ ਰਾਜ ਕੁਮਾਰ, ਲੀਲੂ ਕਸਵਾਂ, ਚਾਨਣ ਕਸਵਾਂ ਅਤੇ ਰੋਹਤਾਸ਼ ਨੇ ਦੱਸਿਆ ਹੈ ਕਿ ਸੋਮਵਾਰ ਨੂੰ ਹੀ ਨਹਿਰ ’ਚ ਪਾਣੀ ਆਇਆ ਸੀ। ਸੂਚਨਾ ਮਿਲਣ ਮਗਰੋਂ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੇ ਪਿਛੋਂ ਨਹਿਰ ਦਾ ਪਾਣੀ ਬੰਦ ਕਰਵਾ ਦਿੱਤਾ ਹੈ। ਮਾਈਨਰ ਦਾ ਪਾਣੀ ਪਿੰਡ ਨਿਰਬਾਨ ਦੇ ਮਿਡਲ ਸਕੂਲ ਵਿੱਚ ਵੀ ਦਾਖਲ ਹੋ ਗਿਆ ਹੈ।
ਸਕੂਲ ਵਿੱਚ ਇਸ ਸਮੇਂ ਛੁੱਟੀਆਂ ਹਨ ਅਤੇ ਦੋ ਦਿਨਾਂ ਬਾਅਦ ਸਕੂਲ ਖੁੱਲ੍ਹਣੇ ਹਨ ਪਰ ਬਹੁਤ ਜ਼ਿਆਦਾ ਠੰਢ ਅਤੇ ਧੁੱਪ ਦੀ ਘਾਟ ਕਾਰਨ ਸਕੂਲ ਦੇ ਗਰਾਊਂਡ ਵਿੱਚੋਂ ਪਾਣੀ ਦਾ ਸੁੱਕਣਾ ਮੁਸ਼ਕਲ ਹੈ। ਇਸ ਨਾਲ ਬੱਚਿਆਂ ਲਈ ਸਕੂਲ ਜਾਣਾ ਵੀ ਮੁਸ਼ਕਲ ਹੋ ਗਿਆ ਹੈ।
ਪੰਜਾਬੀ ਟ੍ਰਿਬਯੂਨ