ਭਾਰਤ ਤੇ ਨਿਊਜ਼ੀਲੈਂਡ ਸਰਕਾਰਾਂ ਨੂੰ ਨੋਟਿਸ ਲੈਣ ਦੀ ਅਪੀਲ
12 ਜਨਵਰੀ, 2026 – ਅੰਮ੍ਰਿਤਸਰ : ਨਿਊਜ਼ੀਲੈਂਡ ਅੰਦਰ ਸਿੱਖਾਂ ਵੱਲੋਂ ਸ਼ਾਂਤੀਪੂਰਵਕ ਅਤੇ ਧਾਰਮਿਕ ਮਰਿਆਦਾ ਅਨੁਸਾਰ ਸਜਾਏ ਗਏ ਨਗਰ ਕੀਰਤਨ ਦਾ ਸਥਾਨਕ ਕੁਝ ਲੋਕਾਂ ਵੱਲੋਂ ਇੱਕ ਵਾਰ ਫਿਰ ਵਿਰੋਧ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਗਰ ਕੀਰਤਨ ਦਾ ਵਿਰੋਧ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਭਾਰਤ ਅਤੇ ਨਿਊਜ਼ੀਲੈਂਡ ਸਰਕਾਰ ਨੂੰ ਇਸ ਦਾ ਨੋਟਿਸ ਲੈਣ ਦੀ ਅਪੀਲ ਕੀਤੀ।
ਧਾਮੀ ਨੇ ਕਿਹਾ ਕਿ ਨਿਊਜ਼ੀਲੈਂਡ ਅੰਦਰ ਅਜਿਹਾ ਦੂਜੀ ਵਾਰ ਹੋਇਆ ਹੈ, ਜਿਸ ਨੇ ਸਿੱਖ ਸੰਗਤਾਂ ਨੂੰ ਨਿਰਾਸ਼ ਕੀਤਾ ਹੈ। ਵਿਸ਼ਵ ਭਾਈਚਾਰੇ ਦੀ ਮਜ਼ਬੂਤੀ ਲਈ ਆਪਣਾ ਮਿਸਾਲੀ ਯੋਗਦਾਨ ਪਾਉਣ ਵਾਲੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਰਵਾਇਤਾਂ ਨੂੰ ਨਫ਼ਰਤੀ ਨਜ਼ਰੀਏ ਨਾਲ ਦੇਖਿਆ ਜਾਣਾ ਠੀਕ ਨਹੀਂ ਹੈ। ਨਗਰ ਕੀਰਤਨ ਸਿੱਖ ਧਰਮ ਦੀ ਇੱਕ ਪਵਿੱਤਰ ਧਾਰਮਿਕ ਰਵਾਇਤ ਹੈ ਜਿਸ ਦਾ ਵਿਰੋਧ ਸਿੱਖ ਧਰਮ ਦੀਆਂ ਮਾਨਵ ਹਿਤੈਸ਼ੀ ਕਦਰਾਂ ਕੀਮਤਾਂ ਦੇ ਨਾਲ ਨਾਲ ਸਮਾਜ ਦੀ ਆਪਸੀ ਸਾਂਝ ਲਈ ਵੀ ਚੁਣੌਤੀ ਹੈ।
ਪੰਜਾਬੀ ਟ੍ਰਿਬਯੂਨ