ਜੇਲ੍ਹ ਵਾਰਡਰ ਦੀ ਭਰਤੀ ਦੌਰਾਨ ਉਮੀਦਵਾਰਾਂ ਦੀ ਗ਼ੈਰ-ਹਾਜ਼ਰੀ ਨੇ ਵਧਾਈ ਚਿੰਤਾ
17 ਦਸੰਬਰ, 2025 – ਚੰਡੀਗੜ੍ਹ : ਪੰਜਾਬ ਵਿੱਚ ਬੇਰੁਜ਼ਗਾਰੀ ਦੇ ਬਾਵਜੂਦ ਸੂਬੇ ਦੇ ਨੌਜਵਾਨ ਜੇਲ੍ਹ ਦੀ ਨੌਕਰੀ ਤੋਂ ਭੱਜਣ ਲੱਗੇ ਹਨ। ਜੇਲ੍ਹ ਦੀ ਨੌਕਰੀ ਉਨ੍ਹਾਂ ਲਈ ਤਰਜੀਹੀ ਨਹੀਂ ਰਹੀ। ਇਨ੍ਹਾਂ ਹਾਲਾਤ ’ਚ ਜੇਲ੍ਹਾਂ ’ਚ ਜੇਲ੍ਹ ਵਾਰਡਰ ਦੀ ਨਫ਼ਰੀ ਪੂਰੀ ਨਹੀਂ ਹੋ ਰਹੀ। ਪਿਛਲੇ ਦਿਨਾਂ ’ਚ ਜੇਲ੍ਹ ਵਾਰਡਰ ਦੀ ਭਰਤੀ ਲਈ ਹੋਏ ਫਿਜ਼ੀਕਲ ਟੈੱਸਟ ’ਚ ਆਏ ਨੌਜਵਾਨਾਂ ’ਚੋਂ ਬਹੁਤਿਆਂ ਦਾ ਕਹਿਣਾ ਸੀ ਕਿ ਜਿੰਨਾ ਸਮਾਂ ਕੋਈ ਹੋਰ ਨੌਕਰੀ ਨਹੀਂ ਮਿਲਦੀ, ਓਨਾ ਸਮਾਂ ਹੀ ਉਹ ਜੇਲ੍ਹ ’ਚ ਡਿਊਟੀ ਕਰਨਗੇ। ਕਈ ਨੌਜਵਾਨਾਂ ਦਾ ਕਹਿਣਾ ਸੀ, ‘ਅਸੀਂ ਜੇਲ੍ਹਾਂ ਦੇ ‘ਕੈਦੀ’ ਨਹੀਂ ਬਣਨਾ।’ ਉਨ੍ਹਾਂ ਨੇ ਫ਼ੀਲਡ ਦੀ ਨੌਕਰੀ ਨੂੰ ਪਹਿਲੀ ਪਸੰਦ ਦੱਸਿਆ।
ਵੇਰਵਿਆਂ ਅਨੁਸਾਰ ਜਦੋਂ ਪੰਜਾਬ ਸਰਕਾਰ ਨੇ 10 ਮਈ 2021 ਨੂੰ ਜੇਲ੍ਹ ਵਾਰਡਰ ਅਤੇ ਮੈਟਰਨ ਦੀਆਂ 847 ਅਸਾਮੀਆਂ ਲਈ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਸੀ ਤਾਂ ਇਨ੍ਹਾਂ ਅਸਾਮੀਆਂ ਲਈ 1.47 ਲੱਖ ਨੌਜਵਾਨਾਂ ਨੇ ਅਪਲਾਈ ਕੀਤਾ ਸੀ। 25 ਨਵੰਬਰ 2023 ਨੂੰ 5289 ਉਮੀਦਵਾਰ ਫਿਜ਼ੀਕਲ ਟੈੱਸਟ ਲਈ ਬੁਲਾਏ ਗਏ ਤਾਂ ਇਨ੍ਹਾਂ ’ਚੋਂ 709 ਲੜਕੇ ਤੇ 231 ਲੜਕੀਆਂ ਗ਼ੈਰਹਾਜ਼ਰ ਰਹੀਆਂ। ਇਨ੍ਹਾਂ ਨੇ ਲਿਖਤੀ ਪ੍ਰੀਖਿਆ ਪਾਸ ਕਰ ਲਈ ਸੀ। ਆਖ਼ਰ 847 ਅਸਾਮੀਆਂ ਦੀ ਭਰਤੀ ਹੋ ਗਈ ਸੀ ਪਰ ਬਹੁਤੇ ਨੌਜਵਾਨਾਂ ਨੇ ਜੇਲ੍ਹਾਂ ਵਿਭਾਗ ’ਚ ਜੁਆਇਨ ਹੀ ਨਹੀਂ ਕੀਤਾ ਜਾਂ ਜਲਦੀ ਨੌਕਰੀ ਛੱਡ ਗਏ।
ਜੇਲ੍ਹ ਵਿਭਾਗ ਨੂੰ ਚਾਰ ਵਾਰ ਉਡੀਕ ਸੂਚੀ ਵਾਲੇ ਉਮੀਦਵਾਰਾਂ ਨੂੰ ਬੁਲਾਉਣਾ ਪਿਆ। ਜੇਲ੍ਹ ਵਿਭਾਗ ਨੂੰ ਚੌਥੀ ਸੂਚੀ ’ਚ ਵੀ 17 ਉਮੀਦਵਾਰ ਹੀ ਮਿਲੇ ਸਨ। ਪੰਜਾਬ ਸਰਕਾਰ ਨੇ ਮੁੜ 26 ਜੁਲਾਈ 2024 ਨੂੰ ਜੇਲ੍ਹ ਵਾਰਡਰ ਦੀਆਂ 175 ਅਸਾਮੀਆਂ ਅਤੇ ਮੈਟਰਨ ਦੀਆਂ ਚਾਰ ਅਸਾਮੀਆਂ ਕੱਢੀਆਂ। ਇਨ੍ਹਾਂ ਅਸਾਮੀਆਂ ਲਈ 39,400 ਲੜਕਿਆਂ ਅਤੇ 2635 ਲੜਕੀਆਂ ਨੇ ਅਪਲਾਈ ਕੀਤਾ। ਲਿਖਤੀ ਪ੍ਰੀਖਿਆ ਮਗਰੋਂ ਜਦੋਂ ਫਿਜ਼ੀਕਲ ਟੈੱਸਟ ਲਈ ਬੀਤੇ ਮਹੀਨੇ 1826 ਉਮੀਦਵਾਰ ਬੁਲਾਏ ਗਏ ਤਾਂ 1013 ਉਮੀਦਵਾਰ ਗੈਰ-ਹਾਜ਼ਰ ਰਹੇ। 40 ਲੜਕੀਆਂ ’ਚੋਂ ਸਿਰਫ਼ 13 ਲੜਕੀਆਂ ਹੀ ਫਿਜ਼ੀਕਲ ਟੈੱਸਟ ਦੇਣ ਪੁੱਜੀਆਂ। ਪੰਜਾਬ ਦੀਆਂ ਜੇਲ੍ਹਾਂ ’ਚ ਇਸ ਵੇਲੇ 34,530 ਬੰਦੀ ਹਨ ਪਰ ਜੇਲ੍ਹ ਸਟਾਫ਼ ਕਾਫ਼ੀ ਘੱਟ ਹੈ।
ਮੁੜ 451 ਜੇਲ੍ਹ ਵਾਰਡਰ ਕੀਤੇ ਜਾਣੇ ਹਨ ਭਰਤੀ
ਪੰਜਾਬ ਸਰਕਾਰ ਨੇ ਜੁਲਾਈ 2025 ’ਚ ਮੁੜ ਜੇਲ੍ਹ ਵਾਰਡਰ ਦੀਆਂ 451 ਅਤੇ 20 ਅਸਾਮੀਆਂ ਮੈਟਰਨ ਦੀਆਂ ਕੱਢੀਆਂ। ਇਸੇ ਤਰ੍ਹਾਂ 29 ਸਹਾਇਕ ਜੇਲ੍ਹ ਸੁਪਰਡੈਂਟ ਭਰਤੀ ਕੀਤੇ ਜਾਣੇ ਹਨ। ਇਸ ਵੇਲੇ ਪੰਜਾਬ ਵਿੱਚ ਕੁੱਲ 2422 ਜੇਲ੍ਹ ਵਾਰਡਰ ਅਸਾਮੀਆਂ ਹਨ, ਜਿਨ੍ਹਾਂ ’ਚੋਂ 1312 ਭਰੀਆਂ ਤੇ 1110 ਖਾਲੀ ਹਨ।
ਅਧਿਕਾਰੀ ਦੱਸਦੇ ਹਨ ਕਿ ਜੇਲ੍ਹ ਵਾਰਡਰਾਂ ਦੀ ਵਾਰ ਵਾਰ ਭਰਤੀ ਕਰਨੀ ਪੈ ਰਹੀ ਹੈ ਕਿਉਂਕਿ ਇੱਕ ਤਾਂ ਜੇਲ੍ਹ ਵਾਰਡਰਾਂ ਦੀ ਸੇਵਾਮੁਕਤੀ ਹੋ ਜਾਂਦੀ ਹੈ ਅਤੇ ਦੂਜਾ ਬਹੁਤੇ ਉਮੀਦਵਾਰ ਜੁਆਇਨ ਹੀ ਨਹੀਂ ਕਰਦੇ।
ਪੰਜਾਬੀ ਟ੍ਰਿਬਯੂਨ