03 ਅਪਰੈਲ, 2025 – ਨਾਭਾ : ਇੱਥੋਂ ਦੇ ਪਿੰਡ ਚਹਿਲ ਵਿੱਚ ਪਿੰਡ ਵਾਸੀਆਂ ਨੇ ਇਕੱਠ ਕਰਕੇ ਫੈਸਲਾ ਕੀਤਾ ਕਿ ਪਿੰਡ ਵਿੱਚ ਰਹਿ ਰਹੇ ਪਰਵਾਸੀ ਮਜ਼ਦੂਰਾਂ ਨੂੰ ਪਿੰਡ ਵਿੱਚੋਂ ਕੱਢਿਆ ਜਾਵੇ। ਪੰਚਾਇਤ ਦੀ ਹਾਜ਼ਰੀ ਵਿੱਚ ਪਿੰਡ ਵਾਸੀਆਂ ਨੇ ਇਸ ਬਾਬਤ ਮਤਾ ਵੀ ਪਾਇਆ ਤੇ ਪਿੰਡ ਵਿੱਚ ਐਲਾਨ ਵੀ ਕੀਤਾ ਗਿਆ। ਇਸ ਪਿੱਛੋਂ ਪੁਲੀਸ ਨੇ ਅਗਵਾਈ ਕਰਦੇ ਕੁਝ ਪਿੰਡ ਵਾਸੀਆਂ ’ਤੇ ਭਾਰਤੀ ਨਾਗਰਿਕ ਸੁਰੱਖਿਆ ਨਿਯਮ ਤਹਿਤ ਕਾਰਵਾਈ ਕਰਦੇ ਹੋਏ ਚਿਤਾਵਨੀ ਦਿੱਤੀ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਨੇੜੇ ਫੈਕਟਰੀ ਹੈ, ਜਿੱਥੇ ਕਈ ਹਜ਼ਾਰ ਪਰਵਾਸੀ ਮਜ਼ਦੂਰ ਕੰਮ ਕਰਦੇ ਹਨ ਤੇ ਉਹ ਚਹਿਲ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਕਿਰਾਏ ’ਤੇ ਰਹਿੰਦੇ ਹਨ। ਪਿੰਡ ਵਾਸੀਆਂ ਅਨੁਸਾਰ ਪਰਵਾਸੀਆਂ ਕਾਰਨ ਪੰਜਾਬੀਆਂ ਲਈ ਜਿੱਥੇ ਰੁਜ਼ਗਾਰ ਘਟਿਆ ਹੈ, ਉਥੇ ਹੀ ਪਿੰਡ ਦੇ ਆਸ-ਪਾਸ ਅਪਰਾਧਿਕ ਗਤੀਵਿਧੀਆਂ ਵਧੀਆਂ ਹਨ। ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਅਕਸਰ ਸ਼ਰਾਬ ਪੀ ਕੇ ਮੁੰਡੇ ਟੋਲੀਆਂ ਵਿੱਚ ਘੁੰਮਦੇ ਹਨ ਤੇ ਲੋਕਾਂ ਲਈ ਪ੍ਰੇਸ਼ਾਨੀ ਖੜ੍ਹੀ ਕਰਦੇ ਰਹਿੰਦੇ ਹਨ। ਕਾਲਜ ਜਾਂਦੀਆਂ ਕੁੜੀਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਤੋਂ ਬਾਹਰੋਂ ਲੋਕ ਇੱਥੇ ਸਸਤੀ ਜ਼ਮੀਨ ਖਰੀਦ ਕੇ ਪਰਵਾਸੀਆਂ ਨੂੰ ਸਸਤੇ ਕਮਰੇ ਪਾ ਕੇ ਕਿਰਾਏ ’ਤੇ ਦੇ ਦਿੰਦੇ ਹਨ।
ਹਾਲਾਂਕਿ ਪਰਵਾਸੀਆਂ ਦੇ ਮਕਾਨ ਮਾਲਕਾਂ ਤੇ ਪਰਵਾਸੀਆਂ ਵੱਲੋਂ ਪੁਲੀਸ ਨੂੰ ਇਤਲਾਹ ਦਿੱਤੀ ਗਈ ਤੇ ਪੁਲੀਸ ਨੇ ਦੋਵਾਂ ਧਿਰਾਂ ਨੂੰ ਬਿਠਾ ਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਭਾਦਸੋਂ ਥਾਣਾ ਅਧਿਕਾਰੀ ਐੱਸਪੀ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੁਝ ਵਿਅਕਤੀਆਂ ਖ਼ਿਲਾਫ਼ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤਹਿਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਸ਼ਾਂਤੀ ਬਣਾਏ ਰੱਖਣ ਲਈ ਚਿਤਾਵਨੀ ਦਿੱਤੀ ਗਈ ਹੈ। ਇਸ ਮੌਕੇ ਪਿੰਡ ਦੇ ਸਰਪੰਚ ਕਰਮਜੀਤ ਕੌਰ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ।
ਪੰਜਾਬੀ ਟ੍ਰਿਬਯੂਨ
test