ਤਿਲਕ ਦੇਵੇਸ਼ਰ
ਸਾਡਾ ਮਜ਼ਹਬ, ਸਾਡੀਆਂ ਮਾਨਤਾਵਾਂ, ਸਾਡੀਆਂ ਪਰੰਪਰਾਵਾਂ ਅਤੇ ਉਮੀਦਾਂ-ਖ਼ਾਹਿਸ਼ਾਂ ਬਿਲਕੁਲ ਅਲੱਗ ਹਨ। ਇਸੇ ਕਾਰਨ ਦੋ-ਰਾਸ਼ਟਰਵਾਦ ਦੀ ਨੀਂਹ ਰੱਖੀ ਗਈ। ਅਸੀਂ ਦੋ ਅਲੱਗ ਦੇਸ਼ ਹਾਂ ਜੋ ਕਿਸੇ ਵੀ ਸੂਰਤ ਵਿਚ ਇਕ ਨਹੀਂ ਹਾਂ। ਪੂਰਾ ਦੇਸ਼ ਇਸ ਸਮੇਂ ਪਹਿਲਗਾਮ ਅੱਤਵਾਦੀ ਹਮਲੇ ਨੂੰ ਲੈ ਕੇ ਗੁੱਸੇ ਵਿਚ ਹੈ। ਇਹ ਅੱਤਵਾਦੀ ਹਮਲਾ ਕਿਉਂਕਿ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਆਸਿਮ ਮੁਨੀਰ ਦੇ ਇਕ ਹਾਲੀਆ ਜ਼ਹਿਰੀਲੇ ਭਾਸ਼ਣ ਦੇ ਕੁਝ ਦਿਨਾਂ ਬਾਅਦ ਹੀ ਹੋਇਆ, ਇਸ ਲਈ ਇਸ ਹਮਲੇ ਦੇ ਤਾਰ ਉਨ੍ਹਾਂ ਦੇ ਉਸ ਸੰਬੋਧਨ ਨਾਲ ਵੀ ਜੋੜ ਕੇ ਦੇਖੇ ਜਾ ਰਹੇ ਹਨ।
ਬੀਤੀ 16 ਅਪ੍ਰੈਲ ਨੂੰ ਇਸਲਾਮਾਬਾਦ ਵਿਚ ਪਰਵਾਸੀ ਪਾਕਿਸਤਾਨੀਆਂ ਦੇ ਸੰਮੇਲਨ ਵਿਚ ਦਿੱਤਾ ਗਿਆ ਮੁਨੀਰ ਦਾ ਭਾਸ਼ਣ ਖ਼ਾਸਾ ਚਰਚਿਤ ਹੋਇਆ ਸੀ। ਅੱਜ ਇਸ ਭਾਸ਼ਣ ਦੇ ਬਿੰਦੂਆਂ ਅਤੇ ਉਸ ਦੇ ਮਹੱਤਵਪੂਰਨ ਸੰਦਰਭ ਨੂੰ ਸਮਝਣਾ ਹੋਰ ਜ਼ਰੂਰੀ ਹੋ ਗਿਆ ਹੈ। ਮੁਨੀਰ ਦੇ ਭਾਸ਼ਣ ਦੇ ਮੁੱਖ ਰੂਪ ਵਿਚ ਤਿੰਨ ਪਹਿਲੂ ਹਨ। ਪਹਿਲਾ ਇਹ ਕਿ ਇਹ ਸੰਬੋਧਨ ਉਸ ਪਿਛੋਕੜ ਵਿਚ ਹੋਇਆ ਜਦ ਪਾਕਿਸਤਾਨ ਬੇਹੱਦ ਮੁਸ਼ਕਲ ਦੌਰ ’ਚੋਂ ਗੁਜ਼ਰ ਰਿਹਾ ਹੈ।
ਇਨ੍ਹਾਂ ਮੁਸ਼ਕਲਾਂ ’ਚ ਰਾਜਨੀਤਕ ਧਰੁਵੀਕਰਨ, ਵੱਖਵਾਦ, ਪਾਣੀ ਦੇ ਬਟਵਾਰੇ ਨੂੰ ਲੈ ਕੇ ਪ੍ਰਾਂਤਾਂ ਵਿਚ ਵਿਵਾਦ ਅਤੇ ਖ਼ਸਤਾਹਾਲ ਅਰਥਚਾਰੇ ਵਰਗੇ ਪਹਿਲੂ ਜੁੜੇ ਹਨ। ਪਾਕਿਸਤਾਨ ਦੀ ਆਰਥਿਕਤਾ ਤਾਂ ਇੰਨੀਆਂ ਕਠਿਨਾਈਆਂ ਵਿਚ ਫਸੀ ਹੋਈ ਹੈ ਕਿ ਆਈਐੱਮਐੱਫ ਵਰਗੀਆਂ ਸੰਸਥਾਵਾਂ ਦੇ ਰਹਿਮੋ-ਕਰਮ ’ਤੇ ਬਸ ਕਿਸੇ ਤਰ੍ਹਾਂ ਚੱਲ ਰਹੀ ਹੈ। ਦੂਜਾ, ਆਪਣੇ ਭਾਸ਼ਣ ਜ਼ਰੀਏ ਉਨ੍ਹਾਂ ਨੇ ਵਿਦੇਸ਼ ਵਿਚ ਵਸੇ ਪਾਕਿਸਤਾਨੀਆਂ ਦਾ ਸਮਰਥਨ ਜੁਟਾਉਣ ਦਾ ਯਤਨ ਕੀਤਾ ਜੋ ਇਮਰਾਨ ਖ਼ਾਨ ਦੇ ਸਮਰਥਕ ਮੰਨੇ ਜਾਂਦੇ ਹਨ। ਤੀਜਾ ਪਹਿਲੂ ਸੰਭਵ ਤੌਰ ’ਤੇ ਸਭ ਤੋਂ ਮਹੱਤਵਪੂਰਨ ਹੈ ਕਿ ਉਨ੍ਹਾਂ ਨੇ ਸੈਨਾ ਪ੍ਰਮੁੱਖ ਦੇ ਤੌਰ ’ਤੇ ਆਪਣੇ ਸੇਵਾ ਵਿਸਥਾਰ ਲਈ ਦਾਅ ਖੇਡਿਆ ਕਿਉਂਕਿ ਨਵੰਬਰ ਵਿਚ ਉਨ੍ਹਾਂ ਦਾ ਕਾਰਜਕਾਲ ਸਮਾਪਤ ਹੋ ਰਿਹਾ ਹੈ।
ਉਹ ਇਹੀ ਸਾਬਿਤ ਕਰਨਾ ਚਾਹੁੰਦੇ ਸਨ ਕਿ ਸੈਨਾ ਹੀ ਸਾਹਸ ਅਤੇ ਇਕਜੁੱਟਤਾ ਨਾਲ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ ਪਰ ਉਹ ਆਪਣੀਆਂ ਇਨ੍ਹਾਂ ਕੋਸ਼ਿਸ਼ਾਂ ਵਿਚ ਸਫਲ ਹੁੰਦੇ ਨਹੀਂ ਦਿਸੇ। ਮੁਨੀਰ ਦੇ ਭਾਸ਼ਣ ਦਾ ਨਿਚੋੜ ਸਮਝੀਏ ਤਾਂ ਉਨ੍ਹਾਂ ਨੇ ਹਿੰਦੂ-ਮੁਸਲਿਮ ਦੋ ਅਲੱਗ-ਅਲੱਗ ਪਛਾਣਾਂ ਦੱਸਦੇ ਹੋਏ ਪਾਕਿਸਤਾਨ ਦੇ ਗਠਨ ਦੀ ਜ਼ਰੂਰਤ ਨੂੰ ਨਵੇਂ ਸਿਰੇ ਤੋਂ ਰੇਖਾਂਕਿਤ ਕੀਤਾ। ਬਲੋਚਿਸਤਾਨ ਵਿਚ ਵੱਖਵਾਦ ਨੂੰ ਲੈ ਕੇ ਦਾਅਵਾ ਕੀਤਾ ਕਿ ਇਹ ਬਹੁਤ ਵੱਡੀ ਸਮੱਸਿਆ ਨਹੀਂ ਅਤੇ ਕਸ਼ਮੀਰ ਨੂੰ ਪਾਕਿਸਤਾਨ ਦੀ ਸਾਹ ਰਗ ਦੱਸ ਕੇ ਉਸ ਪ੍ਰਤੀ ਸੰਵੇਦਨਸ਼ੀਲਤਾ ਜ਼ਾਹਰ ਕੀਤੀ।
ਇਸ ਵਿਚ ਸਭ ਤੋਂ ਵਿਵਾਦਤ ਅੰਸ਼ ਨੂੰ ਦੇਖੀਏ ਤਾਂ ਉਨ੍ਹਾਂ ਨੇ ਮੁਸਲਮਾਨਾਂ ਨੂੰ ਹਿੰਦੂਆਂ ਤੋਂ ਪੂਰੀ ਤਰ੍ਹਾਂ ਵੱਖ ਦੱਸਦੇ ਹੋਏ ਭਾਰਤ ਵਿਰੋਧੀ ਮਾਹੌਲ ਨੂੰ ਨਵੇਂ ਤੇਵਰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਸਾਡੇ ਪੂਰਵਜਾਂ ਨੇ ਇਹੀ ਸੋਚਿਆ ਕਿ ਜੀਵਨ ਦੇ ਹਰੇਕ ਪਹਿਲੂ ਦੇ ਲਿਹਾਜ਼ ਨਾਲ ਅਸੀਂ ਹਿੰਦੂਆਂ ਤੋਂ ਬਿਲਕੁਲ ਅਲੱਗ ਹਾਂ। ਸਾਡਾ ਮਜ਼ਹਬ, ਸਾਡੀਆਂ ਮਾਨਤਾਵਾਂ, ਸਾਡੀਆਂ ਪਰੰਪਰਾਵਾਂ ਅਤੇ ਉਮੀਦਾਂ-ਖ਼ਾਹਿਸ਼ਾਂ ਬਿਲਕੁਲ ਅਲੱਗ ਹਨ। ਇਸੇ ਕਾਰਨ ਦੋ-ਰਾਸ਼ਟਰਵਾਦ ਦੀ ਨੀਂਹ ਰੱਖੀ ਗਈ। ਅਸੀਂ ਦੋ ਅਲੱਗ ਦੇਸ਼ ਹਾਂ ਜੋ ਕਿਸੇ ਵੀ ਸੂਰਤ ਵਿਚ ਇਕ ਨਹੀਂ ਹਾਂ। ਜਨਰਲ ਮੁਨੀਰ ਨੇ ਦੁਹਰਾਇਆ ਕਿ ਪਾਕਿਸਤਾਨ ਦਾ ਗਠਨ ਜਿਸ ਦੋ-ਰਾਸ਼ਟਰਵਾਦ ਦੀ ਧਾਰਨਾ ’ਤੇ ਹੋਇਆ, ਉਹ ਭਾਵਨਾ ਭਾਵੀ ਪੀੜ੍ਹੀਆਂ ਵਿਚ ਵੀ ਜ਼ਰੂਰ ਭਰੀ ਜਾਣੀ ਚਾਹੀਦੀ ਹੈ।
ਮੁਨੀਰ ਦਾ ਇਹ ਦਾਅਵਾ ਅਤੇ ਦੋ-ਰਾਸ਼ਟਰਵਾਦ ਦਾ ਸਿਧਾਂਤ ਤਾਂ ਬੰਗਲਾਦੇਸ਼ ਦੇ ਨਿਰਮਾਣ ਦੇ ਨਾਲ ਬੰਗਾਲ ਦੀ ਖਾੜੀ ਵਿਚ ਹੀ ਦਫਨ ਹੋ ਗਿਆ ਸੀ ਅਤੇ ਉਹ ਆਏ ਦਿਨ ਬਲੋਚਿਸਤਾਨ ਜਾਂ ਖੈਬਰ ਪਖਤੂਨਖਵਾ ਵਿਚ ਆਪਣੇ ਅੰਤਿਮ ਸਾਹ ਗਿਣ ਰਿਹਾ ਹੈ। ਇਸੇ ਤਰ੍ਹਾਂ ਪਾਕਿਸਤਾਨ ਲਈ ਪੂਰਵਜਾਂ ਦੇ ਸੰਘਰਸ਼ ਦਾ ਉਨ੍ਹਾਂ ਦਾ ਬਿਆਨ ਵੀ ਫਰਜ਼ੀ ਹੈ ਕਿਉਂਕਿ ਇਹ ਦੇਸ਼ ਅਸਲ ਵਿਚ ਅੰਗਰੇਜ਼ਾਂ ਤੋਂ ਉਨ੍ਹਾਂ ਨੂੰ ਖੈਰਾਤ ਵਿਚ ਮਿਲਿਆ ਸੀ।
ਪਾਕਿਸਤਾਨ ਨੂੰ ਪਰੇਸ਼ਾਨੀ ਵਿਚ ਪਾ ਰਹੇ ਬਲੋਚਿਸਤਾਨ ਅੰਦੋਲਨ ਨੂੰ ਵੀ ਉਨ੍ਹਾਂ ਨੇ ਹਲਕਾ-ਫੁਲਕਾ ਦੱਸਦੇ ਹੋਏ ਕਿਹਾ, ‘‘ਕੀ ਤੁਹਾਨੂੰ ਲੱਗਦਾ ਹੈ ਕਿ ਇਹ 1,500 ਬਾਗ਼ੀ ਸਾਡੇ ਕੋਲੋਂ ਬਲੋਚਿਸਤਾਨ ਖੋਹ ਲੈਣਗੇ? ਇੱਥੇ ਤੱਕ ਕਿ ਅੱਤਵਾਦੀਆਂ ਦੀਆਂ ਦਸ ਪੀੜ੍ਹੀਆਂ ਵੀ ਬਲੋਚਿਸਤਾਨ ਨੂੰ ਪਾਕਿਸਤਾਨ ਤੋਂ ਅਲੱਗ ਨਹੀਂ ਕਰ ਸਕਦੀਆਂ।’’ ਉਨ੍ਹਾਂ ਦੇ ਇਸ ਦਾਅਵੇ ਦੀ ਪੋਲ ਕਈ ਤੱਥਾਂ ਨਾਲ ਖੁੱਲ੍ਹ ਜਾਂਦੀ ਹੈ। ਆਲਮੀ ਅੱਤਵਾਦੀ ਸੂਚਕਅੰਕ ਵਿਚ ਪਾਕਿਸਤਾਨ ਦੂਜੇ ਪਾਏਦਾਨ ’ਤੇ ਹੈ।
ਅਮਰੀਕਾ ਨੇ 9/11 ਹਮਲਿਆਂ ਦੇ ਸਿਲਸਿਲੇ ਵਿਚ ਲੋੜੀਂਦਾ ਅੱਤਵਾਦੀ ਓਸਾਮਾ-ਬਿਨ-ਲਾਦੇਨ ਪਾਿਕਸਤਾਨ ਵਿਚ ਘੁਸ ਕੇ ਮਾਰਿਆ ਸੀ ਜਦਕਿ ਪਾਕਿਸਤਾਨ ਉਸ ਬਾਰੇ ਕੁਝ ਵੀ ਪਤਾ ਨਾ ਹੋਣ ਦਾ ਰਾਗ ਅਲਾਪਦਾ ਰਿਹਾ ਸੀ। ਇਹੀ ਨਹੀਂ, ਉਹ ਅਫ਼ਗਾਨਿਸਤਾਨ ਵਿਚ ਅੱਤਵਾਦ ਵਿਰੁੱਧ ਜੰਗ ਦੇ ਨਾਂ ’ਤੇ ਅਮਰੀਕਾ ਤੋਂ ਮੋਟੀ ਰਕਮ ਡਕਾਰਦਾ ਰਿਹਾ ਤੇ ਅੱਤਵਾਦੀਆਂ ’ਤੇ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਦੀ ਪੁਸ਼ਤਪਨਾਹੀ ਕਰਦਾ ਰਿਹਾ।
ਹੁਣ ਇਹੀ ਖੇਡ ਉਹ ਚੀਨ ਨਾਲ ਖੇਡ ਰਿਹਾ ਹੈ। ਪਾਕਿਸਤਾਨ ਨੇ ਚੀਨ ਤੋਂ ਰੋਡ ਐਂਡ ਬੈਲਟ ਪ੍ਰਾਜੈਕਟ ਦੀ ਤਾਮੀਰ ਲਈ ਵੱਡੀ ਰਕਮ ਲਈ ਹੋਈ ਹੈ ਪਰ ਉਹ ਜਾਣਬੁੱਝ ਕੇ ਉਸ ਨੂੰ ਮੁਕੰਮਲ ਨਹੀਂ ਹੋਣ ਦੇ ਰਿਹਾ। ਉਸ ਨੇ ਹੋਰ ਮਕਸਦਾਂ ਲਈ ਵੀ ਚੀਨ ਤੋਂ ਵੱਡਾ ਕਰਜ਼ਾ ਲਿਆ ਹੋਇਆ ਹੈ ਜੋ ਉਸ ਤੋਂ ਮੋੜ ਨਹੀਂ ਹੋ ਰਿਹਾ। ਪਾਕਿਸਤਾਨ ਭਰੋਸੇ ਦੇ ਲਾਇਕ ਨਹੀਂ ਹੈ। ਮੰਨੇ-ਪ੍ਰਮੰਨੇ ਪਾਕਿਸਤਾਨੀ ਨੇਤਾ ਨੈਸ਼ਨਲ ਅਸੈਂਬਲੀ ਵਿਚ ਜ਼ਿਕਰ ਕਰ ਚੁੱਕੇ ਹਨ ਕਿ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਦੇ ਹਿੱਸੇ ਸਰਕਾਰੀ ਕੰਟਰੋਲ ਤੋਂ ਬਾਹਰ ਹੋ ਗਏ ਹਨ। ਬੀਤੇ ਮਹੀਨੇ ਹੀ ਫ਼ੌਜੀਆਂ ਨੂੰ ਲਿਜਾ ਰਹੀ ਇਕ ਟਰੇਨ ਬਾਗ਼ੀ ਜੰਗਜੂਆਂ ਨੇ ਜਿਸ ਤਰ੍ਹਾਂ ਅਗਵਾ ਕੀਤੀ, ਉਹ ਸਾਰੀ ਕਹਾਣੀ ਖ਼ੁਦ ਕਹਿ ਦਿੰਦੀ ਹੈ ਕਿ ਬਲੋਚਿਸਤਾਨ ਦੇ ਹਾਲਾਤ ਕਿਹੋ
ਜਿਹੇ ਹੋ ਚੱਲੇ ਹਨ। ਦੀਵਾਰ ’ਤੇ ਲਿਖੀ ਇਬਾਰਤ ਨੂੰ ਪੜ੍ਹਨ ਦੀ ਬਜਾਏ ਮੁਨੀਰ ਬਾਗ਼ੀਆਂ ਨੂੰ ਸਬਕ ਸਿਖਾਉਣ ਅਤੇ ਉਨ੍ਹਾਂ ਤੋਂ ਪਾਰ ਪਾਉਣ ਦੀ ਗੱਲ ਕਰਦੇ ਹੋਏ ਇਹ ਭੁੱਲ ਜਾਂਦੇ ਹਨ ਕਿ ਅਯੂਬ ਖ਼ਾਨ ਤੇ ਪਰਵੇਜ਼ ਮੁਸ਼ੱਰਫ ਵਰਗੇ ਸੈਨਾ ਮੁਖੀ ਵੀ ਅਜਿਹੀਆਂ ਧਮਕੀਆਂ ਦੇ ਬਾਵਜੂਦ ਕੁਝ ਖ਼ਾਸ ਨਹੀਂ ਕਰ ਸਕੇ। ਯਾਦ ਰਹੇ ਕਿ ਅਯੂਬ ਤੇ ਮੁਸ਼ੱਰਫ ਦੋਵੇਂ ਹੀ ਮੁਨੀਰ ਦੀ ਤੁਲਨਾ ਵਿਚ ਕਿਤੇ ਜ਼ਿਆਦਾ ਤਾਕਤਵਰ ਜਨਰਲ ਰਹੇ ਕਿਉਂਕਿ ਉਹ ਸਮੁੱਚੀ ਸੱਤਾ ਸਿੱਧੀ ਹਥਿਆ ਕੇ ਤਾਨਾਸ਼ਾਹ ਬਣੇ ਹੋਏ ਸਨ। ਇਹ ਵੀ ਨਾ ਭੁੱਲਿਆ ਜਾਵੇ ਕਿ ਬਲੋਚਾਂ ਨੂੰ ਛੇੜਨ ਦਾ ਨਤੀਜਾ ਬਹੁਤ ਬੁਰਾ ਰਿਹਾ ਹੈ।
ਅਯੂਬ ਖ਼ਾਨ ਨੂੰ ਯਾਹੀਆ ਖ਼ਾਨ ਨੇ ਬਹੁਤ ਗ਼ੈਰ-ਮਰਿਆਦਤ ਤਰੀਕੇ ਨਾਲ ਬਾਹਰ ਦਾ ਰਸਤਾ ਦਿਖਾਇਆ ਜਦਕਿ ਮੁਸ਼ੱਰਫ ਦੀ ਅੰਤ ’ਚ ਬੜੀ ਦੁਰਗਤੀ ਹੋਈ ਸੀ। ਕਸ਼ਮੀਰ ਨੂੰ ਪਾਕਿਸਤਾਨ ਦੀ ਸਾਹ ਰਗ ਕਰਾਰ ਦਿੰਦੇ ਹੋਏ ਮੁਨੀਰ ਨੇ ਉਸ ਦੀ ‘ਆਜ਼ਾਦੀ’ ਪ੍ਰਤੀ ਆਪਣੀ ਵਚਨਬੱਧਤਾ ਵੀ ਦੁਹਰਾਈ।
ਇਸ ਪਹਿਲੂ ਦੀ ਹਕੀਕਤ ਪਰਖੀਏ ਤਾਂ ਕਸ਼ਮੀਰ ਪਾਕਿਸਤਾਨ ਦੀ ਨਹੀਂ ਬਲਕਿ ਫ਼ੌਜ ਦੀ ਸਾਹ ਰਗ ਹੈ ਕਿਉਂਕਿ ਉਸ ਦੀ ਆਜ਼ਾਦੀ ਦੇ ਨਾਂ ’ਤੇ ਸੈਨਾ ਬਜਟ ਦਾ ਇਕ ਵੱਡਾ ਹਿੱਸਾ ਹੜੱਪ ਜਾਂਦੀ ਹੈ ਤੇ ਪਾਕਿਸਤਾਨ ਵਿਚ ਆਪਣਾ ਦਬਦਬਾ ਬਣਾਈ ਰੱਖਦੀ ਹੈ। ਇਸ ਲਈ ਪਾਕਿਸਤਾਨੀ ਫ਼ੌਜ ਕਦੇ ਭਾਰਤ ਨਾਲ ਬਿਹਤਰ ਰਿਸ਼ਤਿਆਂ ਦੀ ਹਮਾਇਤੀ ਨਹੀਂ ਰਹੀ। ਦੋ ਰਾਸ਼ਟਰ ਸਿਧਾਂਤ ਦਾ ਸਮਰਥਨ ਅਤੇ ਹਿੰਦੂ-ਮੁਸਲਿਮ ਵੰਡ ਦਾ ਜੁਮਲਾ ਇਸੇ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ ਹੈ। ਆਪਣੇ ਭਾਸ਼ਣ ਵਿਚ ਇਸਲਾਮੀ ਮਜ਼ਹਬੀ ਕਿਤਾਬਾਂ ਦੇ ਹਵਾਲੇ ਦੇ ਕੇ ਵੀ ਮੁਨੀਰ ਨੇ ਖ਼ੁਦ ਨੂੰ ਇਕ ਮਜ਼ਬੂਤ ਨੇਤਾ ਦੇ ਤੌਰ ’ਤੇ ਰੱਖਣ ਦਾ ਯਤਨ ਕੀਤਾ ਅਤੇ ਇਹ ਦਰਸਾਇਆ ਕਿ ਅਸਲੀ ਕਮਾਨ ਉਨ੍ਹਾਂ ਕੋਲ ਹੀ ਹੈ।
ਇਹ ਇਸ ਤੋਂ ਵੀ ਜ਼ਾਹਰ ਹੋਇਆ ਕਿ ਪਰਵਾਸੀਆਂ ਦੀ ਇਸ ਸਭਾ ਨੂੰ ਪ੍ਰਧਾਨ ਮੰਤਰੀ ਦੇ ਬਜਾਏ ਉਨ੍ਹਾਂ ਨੇ ਸੰਬੋਧਨ ਕੀਤਾ। ਭਾਰਤ ਵਿਚ ਜੋ ਲੋਕ ਪਾਕਿਸਤਾਨ ਨਾਲ ਵਾਰਤਾ ਸ਼ੁਰੂ ਕਰਨ ਦੀ ਹਮਾਇਤ ਕਰਦੇ ਹਨ ਜਾਂ ਅਮਨ ਦੀ ਉਮੀਦ ਦਾ ਰਾਗ ਅਲਾਪਦੇ ਹਨ, ਉਨ੍ਹਾਂ ਲਈ ਮੁਨੀਰ ਦਾ ਇਹ ਭਾਸ਼ਣ ਅੱਖਾਂ ਖੋਲ੍ਹਣ ਵਾਲਾ ਹੋਣਾ ਚਾਹੀਦਾ ਹੈ। ਕੁਝ ਹੀ ਮਹੀਨਿਆਂ ਵਿਚ ਫ਼ੌਜ ਮੁਖੀ ਦੇ ਰੂਪ ਵਿਚ ਮੁਨੀਰ ਦੇ ਸੇਵਾ ਵਿਸਥਾਰ ਦਾ ਵੀ ਫ਼ੈਸਲਾ ਹੋ ਜਾਵੇਗਾ।
ਆਪਣੇ 16 ਅਪ੍ਰੈਲ ਦੇ ਭਾਸ਼ਣ ਜ਼ਰੀਏ ਉਨ੍ਹਾਂ ਨੇ ਇਕ ਤਰ੍ਹਾਂ ਨਾਲ ਉਸ ਵਾਸਤੇ ਰਸਮੀ ਤੌਰ ’ਤੇ ਮੁਹਿੰਮ ਛੇੜ ਦਿੱਤੀ ਹੈ। ਆਉਣ ਵਾਲੇ ਦਿਨਾਂ ਵਿਚ ਇਹ ਮੁਹਿੰਮ ਹੋਰ ਪਰਵਾਨ ਚੜ੍ਹੇਗੀ। ਇੰਟਰਨੈੱਟ ਮੀਡੀਆ ’ਤੇ ਉਨ੍ਹਾਂ ਦਾ ਕਾਰਜਕਾਲ ਵਧਾਏ ਜਾਣ ਦੀ ਅਪੀਲ ਤੋਂ ਲੈ ਕੇ ਉਨ੍ਹਾਂ ਨੂੰ ਪਾਕਿਸਤਾਨ ਦਾ ਰਾਹਨੁਮਾ ਦੱਸਣ ਵਾਲੇ ਉਨ੍ਹਾਂ ਦੇ ਸਮਰਥਨ ਵਿਚ ਕਈ ਸ਼ਹਿਰਾਂ ਵਿਚ ਪੋਸਟਰ ਵੀ ਨਜ਼ਰ ਆ ਜਾਣ ਤਾਂ ਹੈਰਾਨੀ ਨਹੀਂ। ਭਾਰਤ ਦੇ ਨਾਲ ਵਧਦੀ ਤਨਾਤਨੀ ’ਚ ਉਹ ਆਪਣਾ ਇਹ ਦਾਅਵਾ ਹੋਰ ਮਜ਼ਬੂਤੀ ਨਾਲ ਅੱਗੇ ਵਧਾਉਣਗੇ।
(ਲੇਖਕ ਪਾਕਿਸਤਾਨ ਮਾਮਲਿਆਂ ਦਾ ਮਾਹਿਰ ਤੇ ਕੌਮੀ ਸੁਰੱਖਿਆ ਸਲਾਹਕਾਰ ਬੋਰਡ ਦਾ ਮੈਂਬਰ ਹੈ)
Credit : https://www.punjabijagran.com/editorial/general-pakistan-army-does-not-like-peace-and-quiet-9483005.html
test