10 ਮਈ, 2025 – ਫਿਰੋਜ਼ਪੁਰ/ਚੰਡੀਗੜ੍ਹ : ਪਾਕਿਸਤਾਨ ਵੱਲੋਂ ਅੱਜ ਰਾਤ ਪੰਜਾਬ ਦੇ ਫਿਰੋਜ਼ਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਵਿੱਚ ਕਈ ਹਮਲੇ ਕੀਤੇ ਗਏ, ਜਿਨ੍ਹਾਂ ਨੂੰ ਭਾਰਤੀ ਫ਼ੌਜ ਨੇ ਆਸਮਾਨ ਵਿੱਚ ਹੀ ਨਾਕਾਮ ਕਰ ਦਿੱਤਾ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀ ਵਿੱਚ ਡਰੋਨ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਜੀਅ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਛਾਣ ਲੱਖਾ ਸਿੰਘ, ਉਸ ਦੀ ਪਤਨੀ ਅਤੇ ਪੁੱਤਰ ਵਜੋਂ ਹੋਈ ਹੈ। ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਦੌਰਾਨ ਭਾਰਤੀ ਫ਼ੌਜ ਨੇ ਫਾਜ਼ਿਲਕਾ ਵਿੱਚ ਵੀ ਚਾਰ ਡਰੋਨ ਹਮਲੇ ਨਾਕਾਮ ਕੀਤੇ। ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿੱਚ ਕਰਤਾਰਪੁਰ ਲਾਂਘੇ ਕੋਲ ਵੀ ਇੱਕ ਡਰੋਨ ਹਮਲਾ ਨਾਕਾਮ ਕਰ ਦਿੱਤਾ ਗਿਆ।
ਬਠਿੰਡਾ/ਭੁੱਚੋ ਮੰਡੀ (ਮਨੋਜ ਸ਼ਰਮਾ/ਸ਼ਗਨ ਕਟਾਰੀਆ/ਪਵਨ ਗੋਇਲ): ਪਾਕਿਸਤਾਨੀ ਫ਼ੌਜ ਵੱਲੋਂ ਬੀਤੀ ਰਾਤ ਬਠਿੰਡਾ ਛਾਉਣੀ ਨੂੰ ਨਿਸ਼ਾਨਾ ਬਣਾ ਕੇ ਚਾਰ ਮਿਜ਼ਾਈਲਾਂ ਦਾਗੀਆਂ ਗਈਆਂ ਪਰ ਭਾਰਤੀ ਡਿਫੈਂਸ ਨੇ ਇਨ੍ਹਾਂ ਮਿਜ਼ਾਈਲਾਂ ਨੂੰ ਅਸਮਾਨ ਵਿੱਚ ਹੀ ਫੁੰਡ ਦਿੱਤਾ, ਜਿਸ ਕਰਕੇ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ। ਜਾਣਕਾਰੀ ਅਨੁਸਾਰ ਬਠਿੰਡਾ ਖੇਤਰ ਦੇ ਬਸਤੀ ਬੀੜ ਤਲਾਬ, ਤੁੰਗਵਾਲੀ, ਕੋਟ ਸ਼ਮੀਰ, ਬੁਰਜ ਮਹਿਮਾ ਅਤੇ ਗਹਿਰੀ ਭਾਗੀ ਸਮੇਤ ਹੋਰ ਕੁੱਝ ਪਿੰਡਾਂ ’ਚੋਂ ਬੀਤੀ ਰਾਤ ਅਤੇ ਅੱਜ ਤੜਕੇ ਡਰੋਨ ਅਤੇ ਮਿਜ਼ਾਈਲਾਂ ਦੇ ਟੁਕੜੇ ਬਰਾਮਦ ਹੋਏ ਹਨ। ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਨੇ ਬਠਿੰਡਾ ਛਾਉਣੀ ਨੂੰ ਨਿਸ਼ਾਨਾ ਬਣਾ ਕੇ ਚਾਰ ਮਿਜ਼ਾਈਲਾਂ ਦਾਗੀਆਂ ਸਨ। ਇਨ੍ਹਾਂ ਮਿਜ਼ਾਈਲਾਂ ਨੂੰ ਛਾਉਣੀ ਵਿੱਚ ਡਿੱਗਣ ਤੋਂ ਬਚਾਉਣ ਲਈ ਫੌਜ ਦੀ ਸੁਰੱਖਿਆ ਪ੍ਰਣਾਲੀ ਨੇ ਚਾਰੋਂ ਮਿਜ਼ਾਈਲਾਂ ਦੀ ਦਿਸ਼ਾ ਬਦਲ ਦਿੱਤੀ ਅਤੇ ਉਨ੍ਹਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ।
ਤੁੰਗਵਾਲੀ ਦੇ ਖੇਤਾਂ ਵਿੱਚ ਡਿੱਗੀ ਮਿਜ਼ਾਈਲ ਡਿਸਚਾਰਜ ਕਰ ਦਿੱਤੀ ਗਈ ਸੀ, ਪਰ ਇਸ ਦਾ ਮਲਬਾ ਬਾਕੀ ਮਿਜ਼ਾਈਲਾਂ ਵਾਂਗ ਜ਼ਿਆਦਾ ਟੁਕੜਿਆਂ ਵਿੱਚ ਖਿੰਡਣ ਦੀ ਜਗ੍ਹਾ ਇੱਕੋ ਥਾਂ ਡਿੱਗ ਪਿਆ। ਫੌਜ ਦੇ ਜਵਾਨ ਇਨ੍ਹਾਂ ਮਲਬੇ ਦੇ ਟੁਕੜਿਆਂ ਨੂੰ ਜਾਂਚ ਲਈ ਆਪਣੇ ਨਾਲ ਲੈ ਗਏ ਹਨ।ਪਿੰਡ ਤੁੰਗਵਾਲੀ ਦੇ ਕਿਸਾਨ ਗੁਰਜੰਟ ਸਿੰਘ ਪੁੱਤਰ ਬਚਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ 10:30 ਵਜੇ ਦੇ ਕਰੀਬ ਮਿਜ਼ਾਈਲ ਦਾ ਟੁਕੜਾ ਉਨ੍ਹਾਂ ਦੇ ਵਿਹੜੇ ’ਚ ਆ ਡਿੱਗਾ। ਇਸ ਦੌਰਾਨ ਉਨ੍ਹਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਜ਼ਮੀਨ ਵਿੱਚ ਤਿੰਨ ਫੁੱਟ ਡੂੰਘਾ ਅਤੇ ਪੰਜ ਫੁੱਟ ਚੌੜਾ ਟੋਆ ਪੈ ਗਿਆ। ਇਸੇ ਤਰ੍ਹਾਂ ਹੀ ਬਠਿੰਡਾ ਏਅਰ ਫੋਰਸ ਸਟੇਸ਼ਨ ਦੇ ਨੇੜੇ ਪੈਂਦੇ ਪਿੰਡ ਬੁਰਜ ਮਹਿਮਾ ਵਿੱਚ ਕਿਸਾਨ ਜਗਦੇਵ ਸਿੰਘ, ਗੁਰਤੇਜ ਸਿੰਘ ਅਤੇ ਰਾਜਾ ਸਿੰਘ ਦੇ ਖੇਤਾਂ ਵਿਚ ਤਿੰਨ ਟੁਕੜੇ ਮਿਲੇ ਹਨ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ਼ੌਕਤ ਅਹਿਮਦ ਪਰੇ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਉਧਰ ਏਮਸ ਸਮੇਤ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਕਿਸੇ ਵੀ ਮੁਸ਼ਕਲ ਸਮੇਂ ਐਮਰਜੈਂਸੀ ਹੈਲਪਲਾਈਨ ਨੰਬਰ 0164-2862100 ਅਤੇ 0164-2862101 ਜਾਰੀ ਕੀਤਾ ਗਿਆ ਹੈ। ਇਸੇ ਤਰ੍ਹਾਂ ਸਕੂਲਾਂ ਵਿੱਚ ਵੀ ਅਗਲੇ ਹੁਕਮਾਂ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ।
ਅੰਮ੍ਰਿਤਸਰ ਦੇ ਫੌਜੀ ਟਿਕਾਣੇ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼
ਅੰਮ੍ਰਿਤਸਰ : ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦੌਰਾਨ ਪਾਕਿਸਤਾਨ ਵੱਲੋਂ ਭਾਰਤ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤਹਿਤ ਅੱਜ ਤੜਕੇ ਇੱਥੇ ਅੰਮ੍ਰਿਤਸਰ ਵਿੱਚ ਵੀ ਪਾਕਿਸਤਾਨ ਵੱਲੋਂ ਇਕ ਫੌਜੀ ਟਿਕਾਣੇ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ ਗਿਆ ਪਰ ਭਾਰਤੀ ਫੌਜਾਂ ਨੇ ਇਸ ਨੂੰ ਅਸਫਲ ਬਣਾ ਦਿੱਤਾ। ਇਹ ਘਟਨਾ ਅੱਜ ਤੜਕੇ ਖਾਸਾ ਇਲਾਕੇ ਵਿੱਚ ਵਾਪਰੀ, ਜਿੱਥੇ ਪਾਕਿਸਤਾਨ ਵੱਲੋਂ ਡਰੋਨ ਜਾਂ ਮਿਜ਼ਾਈਲ ਵਰਗਾ ਹਮਲਾ ਕੀਤਾ ਗਿਆ। ਇਸ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤੜਕੇ ਇਸ ਖੇਤਰ ਵਿੱਚ ਧਮਾਕਿਆਂ ਦੀ ਆਵਾਜ਼ ਸੁਣੀ ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਪਰ ਇਸ ਖੇਤਰ ਵਿੱਚ ਕਿਧਰੇ ਵੀ ਡਰੋਨ ਜਾਂ ਮਿਜ਼ਾਈਲ ਦਾ ਮਲਬਾ ਨਹੀਂ ਮਿਲਿਆ। ਜਦੋਂ ਇਹ ਘਟਨਾ ਵਾਪਰੀ ਤਾਂ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਨੂੰ ਸੁਚੇਤ ਕਰ ਦਿੱਤਾ ਗਿਆ। ਸ਼ਹਿਰ ਵਿੱਚ ਸਾਇਰਨ ਵਜਾਏ ਗਏ ਅਤੇ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦੀ ਹਦਾਇਤ ਕੀਤੀ ਗਈ। ਇਹ ਮਾਮਲਾ ਫੌਜੀ ਟਿਕਾਣੇ ’ਤੇ ਹਮਲੇ ਨਾਲ ਸਬੰਧਿਤ ਹੋਣ ਕਾਰਨ ਅਧਿਕਾਰੀਆਂ ਨੇ ਚੁੱਪੀ ਧਾਰੀ ਹੋਈ ਹੈ ਪਰ ਪੁਲੀਸ ਸੂਤਰਾਂ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।ਇਸ ਤੋਂ ਪਹਿਲਾਂ ਬੀਤੀ ਰਾਤ ਵੀ ਦਹਿਸ਼ਤ ਵਾਲੀ ਸਥਿਤੀ ਬਣੀ ਰਹੀ ਜਦੋਂ ਰਾਤ ਲਗਪਗ ਨੌਂ ਵਜੇ ਬਲੈਕਆਊਟ ਹੋ ਗਿਆ ਸੀ।
ਬਟਾਲਾ ਨੇੜਲੇ ਪਿੰਡ ਸ਼ਾਹਪੁਰਾ ’ਚੋਂ ਮਿਜ਼ਾਈਲ ਦਾ ਟੁਕੜਾ ਮਿਲਿਆ
ਬਟਾਲਾ : ਇੱਥੋਂ ਨੇੜਲੇ ਪਿੰਡ ਸ਼ਾਹਪੁਰਾ ਦੇ ਖੇਤਾਂ ’ਚ ਮਿਜ਼ਾਈਲ ਦਾ ਟੁਕੜਾ ਡਿੱਗਣ ਕਾਰਨ ਲੋਕ ਖ਼ੌਫਜ਼ਦਾ ਹਨ। ਇਸ ਬਾਰੇ ਕਿਸਾਨ ਅਜੈਪਾਲ ਸਿੰਘ ਨੇ ਦੱਸਿਆ ਕਿ ਰਾਤ ਨੂੰ ਉਸ ਨੇ ਖੇਤਾਂ ਵਿੱਚ ਕੰਬਾਈਨ ਲਾਈ ਹੋਈ ਸੀ, ਜਿਸ ਕਰਕੇ ਦੇਰ ਰਾਤ ਤੱਕ ਉਹ ਖੇਤਾਂ ਵਿੱਚ ਹੀ ਕੰਮ ਕਰਦਾ ਰਿਹਾ। ਉਸ ਨੇ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਉਸ ਨੂੰ ਇੱਕ ਵੱਖਰੀ ਤਰ੍ਹਾਂ ਦਾ ਯੰਤਰ ਦਿਖਾਈ ਦਿੱਤਾ। ਸ਼ੱਕ ਪੈਣ ’ਤੇ ਉਸ ਨੇ ਪੁਲੀਸ ਨੂੰ ਇਤਲਾਹ ਦਿੱਤੀ ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ‘ਆਪ’ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਵੀ ਮੌਕੇ ’ਤੇ ਪਹੁੰਚ ਕੇ ਸਬੰਧਤ ਅਧਿਕਾਰੀਆਂ ਕੋਲੋਂ ਇਸ ਬਾਰੇ ਜਾਣਕਾਰੀ ਲਈ। ਉਨ੍ਹਾਂ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਅਤੇ ਸਰਕਾਰ ਤੇ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
ਪੰਜਾਬੀ ਟ੍ਰਿਬਯੂਨ
test