01 ਮਈ, 2025 – ਏਲਨਾਬਾਦ : ਪਿੰਡ ਜਮਾਲ ਵਿੱਚ ਔਰਤਾਂ ਨੇ ਜਲ ਘਰ ਵਿੱਚ ਬਣੀਆਂ ਡਿੱਗੀਆਂ ਵਿੱਚੋਂ ਪਾਣੀ ਦੇ ਟੈਂਕਰ ਭਰਨ ਆਏ ਲੋਕਾਂ ਨੂੰ ਜਲ ਘਰ ਨੂੰ ਤਾਲਾ ਲਾ ਕੇ ਅੰਦਰ ਬੰਦ ਕਰ ਦਿੱਤਾ। ਬਾਅਦ ਵਿੱਚ ਟੈਂਕਰ ਡਰਾਈਵਰਾਂ ਦੁਆਰਾ ਜਲ ਘਰ ਦੀਆਂ ਡਿੱਗੀਆਂ ਵਿੱਚੋਂ ਟੈਂਕਰ ਨਾ ਭਰਨ ਦਾ ਭਰੋਸਾ ਦੇਣ ’ਤੇ ਤਾਲਾ ਖੋਲ੍ਹਿਆ ਗਿਆ ਅਤੇ ਕਰੀਬ 3 ਘੰਟੇ ਬਾਅਦ ਜਲ ਘਰ ਵਿੱਚੋਂ ਟੈਂਕਰਾਂ ਨੂੰ ਬਾਹਰ ਕੱਢਿਆ ਗਿਆ। ਜ਼ਿਕਰਯੋਗ ਹੈ ਕਿ ਏਲਨਾਬਾਦ ਹਲਕੇ ਦੇ ਵੱਡੇ ਪਿੰਡਾਂ ਵਿੱਚ ਸ਼ਾਮਲ ਪਿੰਡ ਜਮਾਲ ਦੀ ਆਬਾਦੀ 15 ਹਜ਼ਾਰ ਦੇ ਕਰੀਬ ਹੈ, ਜਿੱਥੇ ਇਸ ਸਮੇਂ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਚੱਲ ਰਹੀ ਹੈ।
ਜਲ ਘਰ ਨੂੰ ਜਿੰਦਰਾ ਲਾਉਣ ਤੋਂ ਬਾਅਦ ਸੁਮਿਤਰਾ, ਸਰੋਜ, ਰੋਸ਼ਨੀ, ਮਮਤਾ ਅਤੇ ਕ੍ਰਿਸ਼ਨ ਬੈਨੀਵਾਲ, ਦੇਵੀ ਲਾਲ, ਮਾਂਗੇ ਰਾਮ ਨੇ ਦੱਸਿਆ ਕਿ ਨਹਿਰ ਬੰਦੀ ਕਾਰਨ ਜਲ ਘਰ ਦੀਆਂ ਚਾਰੇ ਡਿੱਗੀਆਂ ਖਾਲੀ ਸਨ ਪਰ ਅੱਜ ਨਹਿਰ ਵਿੱਚ ਪਾਣੀ ਆਉਣ ਤੋਂ ਬਾਅਦ ਸਿਰਫ਼ ਦੋ ਡਿੱਗੀਆਂ ਹੀ ਪਾਣੀ ਨਾਲ ਭਰੀਆਂ ਗਈਆਂ ਹਨ। ਅਜੇ ਜਲ ਘਰ ਵਿੱਚੋਂ ਸਪਲਾਈ ਪਿੰਡ ਵਿੱਚ ਸ਼ੁਰੂ ਵੀ ਨਹੀਂ ਕੀਤੀ ਗਈ ਹੈ ਅਤੇ ਇਸ ਦੌਰਾਨ ਟੈਂਕਰ ਚਾਲਕ ਡਿੱਗੀਆਂ ਵਿੱਚੋਂ ਪਾਣੀ ਭਰ ਕੇ ਪ੍ਰਤੀ ਟੈਂਕਰ ਦੇ ਹਿਸਾਬ 700 ਤੋਂ 800 ਰੁਪਏ ਵਸੂਲ ਰਹੇ ਹਨ।
ਅਜਿਹੇ ਵਿੱਚ ਲੋਕਾਂ ਨੇ ਟੈਂਕਰ ਚਾਲਕਾਂ ਨੂੰ ਡਿੱਗੀਆਂ ਵਿੱਚੋਂ ਪਾਣੀ ਨਾ ਭਰਨ ਲਈ ਪਹਿਲਾਂ ਹੀ ਆਖਿਆ ਸੀ ਪਰ ਅੱਜ ਸਵੇਰੇ ਕਰੀਬ ਦੋ ਦਰਜਨ ਟੈਂਕਰ ਪਿੰਡ ਜਮਾਲ ਦੇ ਜਲ ਘਰ ਵਿੱਚੋਂ ਪਾਣੀ ਭਰਨ ਲਈ ਪਹੁੰਚ ਗਏ, ਜਿਸ ਦਾ ਵਿਰੋਧ ਕਰਦਿਆਂ ਔਰਤਾਂ ਨੇ ਜਲ ਘਰ ਦੇ ਮੁੱਖ ਗੇਟ ਨੂੰ ਜਿੰਦਰਾ ਲਾ ਦਿੱਤਾ ਅਤੇ ਟੈਂਕਰ ਚਾਲਕਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਗਿਆ। ਕਰੀਬ 3 ਘੰਟੇ ਬਾਅਦ ਟੈਂਕਰ ਚਾਲਕਾਂ ਅਤੇ ਪਿੰਡ ਵਾਸੀਆਂ ਦੀ ਆਪਸੀ ਗੱਲਬਾਤ ਵਿੱਚ ਇਹ ਤੈਅ ਕੀਤਾ ਗਿਆ ਕਿ ਟੈਂਕਰ ਚਾਲਕ ਹੁਣ ਪਿੰਡ ਦੇ ਜਲ ਘਰ ਦੀਆਂ ਡਿੱਗੀਆਂ ਵਿੱਚੋਂ ਪਾਣੀ ਨਹੀਂ ਭਰਨਗੇ ਅਤੇ ਟੈਂਕਰ ਚਾਲਕਾਂ ਨੇ ਭਰੇ ਹੋਏ ਟੈਂਕਰ ਵੀ ਵਾਪਸ ਡਿੱਗੀਆਂ ਵਿੱਚ ਪਾ ਦਿੱਤੇ। ਉਪਰੰਤ ਜਲ ਘਰ ਦਾ ਜਿੰਦਰਾ ਖੋਲ੍ਹਿਆ ਗਿਆ ਅਤੇ ਟੈਂਕਰ ਚਾਲਕਾਂ ਨੂੰ ਬਾਹਰ ਜਾਣ ਦਿੱਤਾ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਜਲ ਘਰ ਵਿੱਚੋਂ ਪੀਣ ਵਾਲੇ ਪਾਣੀ ਦੀ ਸਪਲਾਈ ਜਲਦੀ ਪਿੰਡ ਵਿੱਚ ਸ਼ੁਰੂ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ।
ਪੰਜਾਬੀ ਟ੍ਰਿਬਯੂਨ
test