ਬਰਨਾਲਾ ਸ਼ਹਿਰ ਵਿਚ ਸ਼ੁੱਕਰਵਾਰ ਨੂੰ ਬਸੰਤ ਪੰਚਮੀ ਮੌਕੇ ਪਤੰਗ ਉਡਾਉਣ ਮੌਕੇ ਪਾਬੰਦੀਸ਼ੁਦਾ ਚੀਨੀ (ਪਲਾਸਟਿਕ) ਡੋਰ ਕਰਕੇ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਮੁਕਤਸਰ ਜ਼ਿਲ੍ਹੇ ਵਿੱਚ ਵੀ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਹੈ।
24 ਜਨਵਰੀ, 2026 – ਬਠਿੰਡਾ : ਬਰਨਾਲਾ ਸ਼ਹਿਰ ਵਿਚ ਸ਼ੁੱਕਰਵਾਰ ਨੂੰ ਬਸੰਤ ਪੰਚਮੀ ਮੌਕੇ ਪਤੰਗ ਉਡਾਉਣ ਮੌਕੇ ਪਾਬੰਦੀਸ਼ੁਦਾ ਚੀਨੀ (ਪਲਾਸਟਿਕ) ਡੋਰ ਕਰਕੇ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਮੁਕਤਸਰ ਜ਼ਿਲ੍ਹੇ ਵਿੱਚ ਵੀ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਹੈ। ਬਰਨਾਲਾ ’ਚ ਜ਼ਖ਼ਮੀ ਹੋਏ ਵਿਅਕਤੀਆਂ ’ਚੋਂ ਇਕ ਦੀ ਹਾਲਤ ਗੰਭੀਰ ਸੀ, ਉਸ ਨੂੰ ਬਠਿੰਡਾ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਰੈਫਰ ਕਰ ਦਿੱਤਾ ਗਿਆ। ਉਸ ਦੇ ਗਲੇ ’ਤੇ 12 ਟਾਂਕੇ ਲੱਗੇ ਹਨ। ਇਸ ਦੌਰਾਨ ਬਰਨਾਲਾ ਪੁਲੀਸ ਨੇ ਪਾਬੰਦੀਸ਼ੁਦਾ ਪਤੰਗ ਦੀਆਂ ਡੋਰਾਂ ਵੇਚਣ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ ਅਤੇ ਡੋਰ ਦੇ ਕੁਝ ਗੱਟੂ ਵੀ ਜ਼ਬਤ ਕੀਤੇ ਹਨ।
ਮੁਕਤਸਰ ਜ਼ਿਲ੍ਹੇ ਵਿੱਚ ਦੌਲਾ ਪਿੰਡ ਵਿਚ ਚੀਨੀ ਡੋਰ ਕਰਕੇ ਜ਼ਖਮੀ ਨੌਜਵਾਨ ਦੇ ਗਲੇ ’ਤੇ ਅੱਠ ਟਾਂਕੇ ਲੱਗੇ। ਇਸੇ ਤਰ੍ਹਾਂ, ਡੋਡਾ ਪਿੰਡ ਦੇ ਇੱਕ ਹੋਰ ਲੜਕੇ ਨੂੰ ਉਂਗਲੀ ’ਤੇ ਸੱਟ ਲੱਗੀ। ਬਠਿੰਡਾ ਸ਼ਹਿਰ ਵਿੱਚ ਇੱਕ ਹੋਰ ਹਾਦਸੇ ਵਿੱਚ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਨੇੜੇ ਗੁਬਾਰੇ ਭਰਨ ਲਈ ਵਰਤਿਆ ਜਾਣ ਵਾਲਾ ਇੱਕ ਸਿਲੰਡਰ ਫਟ ਗਿਆ। ਹਾਲਾਂਕਿ ਇਸ ਦੌਰਾਨ ਕਿਸੇ ਸੱਟ ਫੇਟ ਤੋਂ ਬਚਾਅ ਰਿਹਾ। ਬਠਿੰਡਾ ਜ਼ਿਲ੍ਹੇ ਵਿੱਚ ਐਸਐਸਪੀ ਜੋਤੀ ਯਾਦਵ ਦੀ ਅਗਵਾਈ ਹੇਠ ਪੁਲੀਸ ਟੀਮ ਵੱਲੋਂ ਪਾਬੰਦੀਸ਼ੁਦਾ ਡੋਰ ਦੀ ਵਰਤੋਂ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਪੰਜਾਬੀ ਟ੍ਰਿਬਯੂਨ