22 ਜੁਲਾਈ, 2025 – ਸ੍ਰੀ ਗੋਇੰਦਵਾਲ ਸਾਹਿਬ : ਹਲਕਾ ਖਡੂਰ ਸਾਹਿਬ ਦੇ ਪਿੰਡ ਤੁੜ ਵਿੱਚ ਨਸ਼ੇ ਦੀ ਓਵਰਡੋਜ਼ ਕਰਕੇ 25 ਸਾਲਾ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਚਮਕੌਰ ਸਿੰਘ (25) ਵਜੋ ਹੋਈ ਹੈ। ਮ੍ਰਿਤਕ ਦੇ ਵੱਡੇ ਭਰਾ ਜਸਵਿੰਦਰ ਸਿੰਘ ਅਤੇ ਦਾਦੇ ਕੁਲਵੰਤ ਸਿੰਘ ਨੇ ਦੱਸਿਆ ਕਿ ਚਮਕੌਰ ਸਿੰਘ ਮਾੜੀ ਸੰਗਤ ਕਾਰਨ ਨਸ਼ਿਆਂ ਦਾ ਆਦੀ ਸੀ। ਬੀਤੇ ਦਿਨ ਉਸ ਨੇ ਚਿੱਟੇ ਦੀ ਓਵਰਡੋਜ਼ ਦਾ ਟੀਕਾ ਲਾ ਲਿਆ ਜਿਸ ਤੋਂ ਬਾਅਦ ਉਸ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।
ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਪਰ ਸਥਾਨਕ ਪੁਲੀਸ ਪ੍ਰਸ਼ਾਸਨ ਸਭ ਕੁਝ ਜਾਣਦੇ ਹੋਏ ਅਣਜਾਣ ਦਿਖਾਈ ਦੇ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਸ਼ੇ ਦੇ ਸੌਦਾਗਰ ਨਸ਼ੇ ਦੀ ਹੋਮ ਡਿਲੀਵਰੀ ਤੱਕ ਕਰ ਰਹੇ ਹਨ। ਪਿੰਡ ਤੁੜ ਦੇ ਸਾਬਕਾ ਸਰਪੰਚ ਸੁਲੱਖਣ ਸਿੰਘ ਤੁੜ ਨੇ ਪੰਜਾਬ ਸਰਕਾਰ ਕੋਲੋਂ ਮੰਗ ਕਰਦਿਆ ਆਖਿਆ ਕਿ ਨਸ਼ਿਆ ਦੇ ਖਾਤਮੇ ਲਈ ਯੋਗ ਪ੍ਰਬੰਧ ਕੀਤੇ ਜਾਣ ਤਾਂ ਜੋ ਨਸ਼ਿਆ ਕਾਰਨ ਹੋ ਰਹੀਆ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਰੁਕ ਸਕੇ।
ਪੰਜਾਬੀ ਟ੍ਰਿਬਯੂਨ