24 ਮਾਰਚ, 2025 – ਫਾਜ਼ਿਲਕਾ : ਇੱਥੇ ਸਰਕਾਰੀ ਸਕੂਲ ਵਿੱਚ ਪੜ੍ਹਾਉਣ ਵਾਲੇ ਅਧਿਆਪਕ ਦਾ ਮੁਹਾਲੀ ਵਿੱਚ ਆਨਲਾਈਨ ਚਲਾਨ ਕੱਟਿਆ ਗਿਆ। ਸਰਕਾਰੀ ਪ੍ਰਾਇਮਰੀ ਸਕੂਲ ਪਾਲੀਵਾਲਾ ਵਿੱਚ ਬਤੌਰ ਈਟੀਟੀ ਅਧਿਆਪਕ ਪੜ੍ਹਾ ਰਹੇ ਅਮਰੀਕ ਸਿੰਘ ਪੁੱਤਰ ਚੰਨ ਸਿੰਘ ਵਾਸੀ ਚੱਕ ਬਲੋਚਾ ਤਹਿਸੀਲ ਜਲਾਲਾਬਾਦ ਨੇ ਦੱਸਿਆ ਕਿ ਉਸ ਨੇ ਬਜਾਜ ਕੰਪਨੀ ਦਾ ਮੋਟਰਸਾਈਕਲ ਜਿਸ ਦਾ ਨੰਬਰ ਪੀਬੀ 05ਏਪੀ 5172 ਹੈ, ਖਰੀਦਿਆ ਹੋਇਆ ਹੈ। ਉਸ ਮੁਤਾਬਕ ਉਹ ਆਪਣੇ ਮੋਟਰਸਾਈਕਲ ’ਤੇ ਕਦੇ ਮੁਹਾਲੀ ਨਹੀਂ ਗਿਆ, ਪਰ ਉਸ ਨੂੰ 21 ਮਾਰਚ ਨੂੰ ਉਸ ਦੇ ਮੋਬਾਈਲ ਨੰਬਰ ’ਤੇ 11.22 ਮਿੰਟ ’ਤੇ ਸਵੇਰੇ ਚਲਾਨ ਦਾ ਸੁਨੇਹਾ ਆਇਆ। ਇਸ ਮੌਕੇ ਉਹ ਆਪਣੇ ਸਕੂਲ ਵਿੱਚ ਹਾਜ਼ਰ ਸੀ ਅਤੇ ਉਸ ਦਾ ਮੋਟਰਸਾਈਕਲ ਉਸ ਦੇ ਕੋਲ ਸਕੂਲ ਵਿੱਚ ਮੌਜੂਦ ਸੀ।
ਉਸ ਨੇ ਦੱਸਿਆ ਕਿ ਉਸ ਦਾ ਚਲਾਨ ਹੈਲਮਟ ਨਾ ਪਾ ਕੇ ਮੋਟਰਸਾਈਕਲ ਚਲਾਉਣ ਦਾ ਫਰੈਂਕੋ ਚੌਕ ਤੋਂ ਫਰੈਂਕੋ ਹੋਟਲ ਲੇਨ ਨੰਬਰ 1 ਕੋਲ ਇੰਸਪੈਕਟਰ ਸਿਮਰਜੀਤ ਸਿੰਘ ਵੱਲੋਂ ਕੱਟਿਆ ਗਿਆ ਹੈ, ਜਿਸ ਦਾ ਵੇਰਵਾ ਚਲਾਨ ਦੀ ਕਾਪੀ ’ਤੇ ਦਰਜ ਹੈ। ਅਧਿਆਪਕ ਨੇ ਕਿਹਾ ਕਿ ਉਹ ਚਲਾਨ ਖ਼ਿਲਾਫ਼ ਕਾਨੂੰਨੀ ਚਾਰਾਜੋਰੀ ਕਰਨਗੇ। ਉਧਰ, ਮੁੱਖ ਅਧਿਆਪਕ ਹਰਭਜਨ ਲਾਲ ਨੇ ਜ਼ਿਲ੍ਹਾ ਪੁਲੀਸ ਮੁਖੀ ਮੁਹਾਲੀ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਚਲਾਨ ਕੱਟੇ ਜਾਣ ਦੀ ਮੁਕੰਮਲ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਦਰਖਾਸਤ ਮਿਲਣ ’ਤੇ ਪੜਤਾਲ ਕਰਾਵਾਂਗੇ: ਡੀਐੱਸਪੀ
ਟਰੈਫਿਕ ਪੁਲੀਸ ਮੁਹਾਲੀ ਦੇ ਡੀਐੱਸਪੀ ਕਰਨੈਲ ਸਿੰਘ ਨੇ ਕਿਹਾ ਕਿ ਅਧਿਆਪਕ ਲਿਖਤੀ ਤੌਰ ’ਤੇ ਉਨ੍ਹਾਂ ਨੂੰ ਦਰਖਾਸਤ ਦੇਣ ਤਾਂ ਉਹ ਇਸ ਦੀ ਜ਼ਰੂਰ ਪੜਤਾਲ ਕਰਾਉਣਗੇ, ਕਿਉਂਕਿ ਜਾਅਲੀ ਨੰਬਰ ਲਗਾ ਕੇ ਕੁਝ ਸ਼ਰਾਰਤੀ ਅਨਸਰ ਜੁਰਮ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਕਿਹਾ ਇਸ ਦੀ ਮੁਕੰਮਲ ਪੜਤਾਲ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਪੰਜਾਬੀ ਟ੍ਰਿਬਯੂਨ
test